India

ਨਿਹੰਗ ਸਿੰਘ ਕਿਸਾਨ ਅੰਦੋਲਨ ਦੇ ਹਮਾਇਤੀ ਜਾਂ ਸਰਕਾਰੀ ਏਜੰਟ?

ਨਵੀਂ ਦਿੱਲੀ – ਸਿੰਘੂ ਬਾਰਡਰ ਉਪਰ ਲਖਬੀਰ ਸਿੰਘ ਦੇ ਕਤਲ ਤੋਂ ਬਾਅਦ ਚਰਚਾ ਦੇ ਵਿੱਚ ਆਏ ਨਿਹੰਗ ਮੁਖੀ ਬਾਬਾ ਅਮਨ ਸਿੰਘ ਦਾ ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਸਨਮਾਨ ਕੀਤੇ ਜਾਣ ਦੀਆਂ ਫੋਟੋਆਂ ਸੋਸ਼ਲ ਮੀਡੀਆਂ ਉਪਰ ਵਾਇਰਲ ਹੋਣ ਤੋਂ ਬਾਅਦ ਨਿਹੰਗ ਮੁਖੀ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਏ ਹਨ ਅਤੇ ਲੋਕ ਸੋਸ਼ਲ ਮੀਡੀਆ ਰਾਹੀਂ ਸਵਾਲ ਕਰ ਰਹੇ ਹਨ ਕਿ ਨਿਹੰਗਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਦੇ ਲਈ ਹੀ ਸਿੰਘੂ ਬਾਰਡਰ ਉਪਰ ਡੇਰੇ ਲਾਏ ਹੋਏ ਹਨ ਜਾਂ ਕਿ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੇ ਲਈ?

ਨਵੀਂ ਦਿੱਲੀ ਦੇ ਸਿੰਘੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਦੁਸਹਿਰੇ ਵਾਲੇ ਦਿਨ ਸਵੇਰੇ ਤੜਕੇ ਨਿਹੰਗਾਂ ਵਲੋਂ ਇੱਕ ਪੰਜਾਬੀ ਨੌਜਵਾਨ ਲਖਬੀਰ ਸਿੰਘ ਦੀ ਹੱਤਿਆ ਕੀਤੇ ਜਾਣ ਤੋਂ ਬਾਅਦ ਹੁਣ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਹਨਾਂ ਨੂੰ ਲੈਕੇ ਕਿਸਾਨ ਅੰਦੋਲਨ ਦੇ ਵਿੱਚ ਨਿਹੰਗਾਂ ਦੀ ਸ਼ੱਕੀ ਭੂਮਿਕਾ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਇਹਨਾਂ ਤਸਵੀਰਾਂ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸਿੰਘ ਸਰਹੱਦ ‘ਤੇ ਬੈਠੇ ਨਿਹੰਗ ਜਥੇਬੰਦੀਆਂ ਦੇ ਮੁਖੀਆਂ ਵਿਚੋਂ ਇੱਕ ਬਾਬਾ ਅਮਨ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕਰ ਰਹੇ ਹਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਅਤੇ ਹੋਰ ਭਾਜਪਾ ਨੇਤਾ ਵੀ ਫੋਟੋ ਵਿਚ ਦਿਖਾਈ ਦੇ ਰਹੇ ਹਨ। ਤਸਵੀਰ ਜੁਲਾਈ 2021 ਵਿਚ ਕੈਲਾਸ਼ ਚੌਧਰੀ ਦੀ ਰਿਹਾਇਸ਼ ਦੀ ਹੈ। ਭਾਜਪਾ ਨੇਤਾਵਾਂ ਨਾਲ ਨਿਹੰਗ ਬਾਬਾ ਅਮਨ ਸਿੰਘ ਦੀਆਂ 3 ਤਸਵੀਰਾਂ ਸਾਹਮਣੇ ਆਈਆਂ ਹਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਕੈਲਾਸ਼ ਚੌਧਰੀ, ਬਾਬਾ ਅਮਨ ਸਿੰਘ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਝਾਰਖੰਡ ਤੋਂ ਸੰਸਦ ਮੈਂਬਰ ਸੁਨੀਲ ਕੁਮਾਰ, ਕੈਲਾਸ਼ ਚੌਧਰੀ, ਭਾਜਪਾ ਕਿਸਾਨ ਸੈੱਲ ਦੇ ਕੌਮੀ ਸਕੱਤਰ, ਸੁਖਮਿੰਦਰਪਾਲ ਸਿੰਘ ਗਰੇਵਾਲ, ਇਨ੍ਹਾਂ ਤਸਵੀਰਾਂ ਵਿਚ ਨੂੰ ਪੰਜਾਬ ਪੁਲਸ ਤੋਂ ਬਰਖਾਸਤ ਕੀਤੇ ਗਏ ਵਿਵਾਦਤ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ ਕੈਟ ਅਤੇ ਕੁਝ ਹੋਰ ਲੋਕ ਦਿਖਾਈ ਦੇ ਰਹੇ ਹਨ। ਇੱਕ ਫੋਟੋ ਵਿਚ ਨਰਿੰਦਰ ਸਿੰਘ ਤੋਮਰ ਨੇ ਬਾਬਾ ਅਮਨ ਸਿੰਘ ਨੂੰ ਸਿਰੋਪਾ ਪਹਿਨਾਇਆ ਹੋਇਆ ਹੈ, ਜਦੋਂ ਕਿ ਦੂਜੀ ਫੋਟੋ ਵਿਚ ਬਾਬਾ ਅਮਨ ਸਿੰਘ ਡਾਇਨਿੰਗ ਟੇਬਲ ‘ਤੇ ਬੈਠੇ ਕੇਂਦਰੀ ਮੰਤਰੀਆਂ ਅਤੇ ਭਾਜਪਾ ਨੇਤਾਵਾਂ ਦੇ ਨਾਲ ਖਾਣਾ ਖਾ ਰਹੇ ਹਨ।

ਗੰਦੀ ਰਾਜਨੀਤੀ ਦੀ ਬਦਬੂ ਆ ਰਹੀ – ਕਿਸਾਨ ਨੇਤਾ

ਮੰਗਲਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਨਿਹੰਗ ਬਾਬਾ ਅਮਨ ਸਿੰਘ ਦੀਆਂ ਫੋਟੋਆਂ ਟਵੀਟ ਕੀਤੀਆਂ। ਫੋਟੋ ਸਾਹਮਣੇ ਆਉਣ ਤੋਂ ਬਾਅਦ, ਸੰਯੁਕਤ ਕਿਸਾਨ ਮੋਰਚਾ ਨੇ ਲਖਬੀਰ ਸਿੰਘ ਦੇ ਕਤਲ ਨੂੰ ਸਾਜ਼ਿਸ਼ ਦੱਸਦਿਆਂ ਭਾਜਪਾ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਯੂਨਾਈਟਿਡ ਕਿਸਾਨ ਮੋਰਚਾ ਦੇ ਆਗੂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪਸਿੰਹਵਾਲਾ ਨੇ ਕਿਹਾ ਕਿ ਬਾਬਾ ਅਮਨ ਸਿੰਘ ਅਤੇ ਭਾਜਪਾ ਨੇਤਾਵਾਂ ਦਰਮਿਆਨ ਹੋਈ ਇਸ ਮੀਟਿੰਗ ਤੋਂ ਬਾਅਦ ਗੰਦੀ ਰਾਜਨੀਤੀ ਦੀ ਬਦਬੂ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ, ਯੋਗਿੰਦਰ ਯਾਦਵ ਅਤੇ ਬਲਵੀਰ ਸਿੰਘ ਰਾਜੇਵਾਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਿੰਘੂ ਸਰਹੱਦ ‘ਤੇ ਹੱਤਿਆ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜੇ ਬੇਅਦਬੀ ਹੋਈ ਹੈ ਤਾਂ ਇਸ ਦੇ ਸਬੂਤ ਵੀ ਸਾਹਮਣੇ ਆਉਣੇ ਚਾਹੀਦੇ ਹਨ ਅਤੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਨਿਹੰਗਾਂ ਨੂੰ ਸਿੰਘੂ ਸਰਹੱਦ ਰਾਹੀਂ ਜਾਣ ਲਈ ਕਿਹਾ ਹੈ ਕਿਉਂਕਿ ਇਹ ਕੋਈ ਧਾਰਮਿਕ ਮੋਰਚਾ ਨਹੀਂ ਹੈ। ਇਹ ਕਿਸਾਨਾਂ ਦਾ ਮੋਰਚਾ ਹੈ ਪਰ ਨਿਹੰਗ ਜਥੇਬੰਦੀਆਂ ਉਨ੍ਹਾਂ ਦੀ ਨਹੀਂ ਸੁਣ ਰਹੀਆਂ।

ਵਰਨਣਯੋਗ ਹੈ ਕਿ ਚਾਰ ਨਿਹੰਗਾਂ ਸਰਬਜੀਤ ਸਿੰਘ, ਨਰਾਇਣ ਸਿੰਘ, ਭਗਵੰਤ ਸਿੰਘ ਅਤੇ ਗੋਵਿੰਦਪ੍ਰੀਤ ਜਿਨ੍ਹਾਂ ਨੇ ਸਿੰਘੂ ਸਰਹੱਦ ‘ਤੇ ਲਖਬੀਰ ਸਿੰਘ ਦੀ ਹੱਤਿਆ ਦੇ ਦੋਸ਼ ‘ਚ ਆਤਮ ਸਮਰਪਣ ਕਰ ਦਿੱਤਾ ਸੀ, ਚਾਰੇ ਹੀ ਬਾਬਾ ਅਮਨ ਸਿੰਘ ਦੇ ਗਰੁੱਪ ਨਾਲ ਸਬੰਧਤ ਹਨ। ਸਰਬਜੀਤ ਸਿੰਘ, ਭਗਵੰਤ ਸਿੰਘ ਅਤੇ ਗੋਵਿੰਦਪ੍ਰੀਤ ਸਿੰਘ ਦੇ ਸਮਰਪਣ ਸਮੇਂ ਬਾਬਾ ਅਮਨ ਸਿੰਘ ਖੁਦ ਅੱਗੇ ਆਏ ਸਨ।

ਕਿਸਾਨ ਮਸਲੇ ਦੇ ਹੱਲ ਲਈ ਯਤਨ ਕੀਤੇ – ਗਰੇਵਾਲ

ਫੋਟੋ ਸਾਹਮਣੇ ਆਉਣ ‘ਤੇ ਗਰੇਵਾਲ ਨੇ ਕਿਹਾ—ਅਸੀਂ ਪੰਜਾਬ ਵਿਚ ਫਿਰਕੂ ਸਦਭਾਵਨਾ ਵਿਗਾੜਨ ਵਾਲੇ ਖੇਤੀ ਅੰਦੋਲਨ ਦਾ ਸਦਭਾਵਨਾ-ਭਰਿਆ ਹੱਲ ਲੱਭਣ ਲਈ ਮੀਟਿੰਗਾਂ ਕੀਤੀਆਂ ਸਨ| ਅਜਿਹੀ ਹੀ ਇਕ ਮੀਟਿੰਗ ਵਿਚ ਬਾਬਾ ਅਮਨ ਸਿੰਘ ਵੀ ਸ਼ਾਮਲ ਹੋਏ| ਉਹ ਵੀ ਚਾਹੁੰਦੇ ਸਨ ਕਿ ਮੁੱਦੇ ਨੂੰ ਸੁਲਝਾਇਆ ਜਾਵੇ| ਕੈਨੇਡਾ ਦੀ ਓਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਸਾਡੇ ਯਤਨਾਂ ਵਿਚ ਮਦਦ ਕਰ ਰਹੀ ਸੀ|

ਮੈਂ ਤਾਂ ਆਪਣੇ ਕੰਮ ਗਿਆ ਸੀ – ਪਿੰਕੀ

ਆਪਣੀ ਫੋਟੋ ਸਬੰਧੀ ਗੁਰਮੀਤ ਸਿੰਘ ਪਿੰਕੀ ਕੈਟ ਦਾ ਕਹਿਣਾ ਹੈ ਕਿ ਭਾਜਪਾ ਆਗੂ ਸੁਖਮਿੰਦਰ ਸਿੰਘ ਗਰੇਵਾਲ ਉਸ ਦਾ ਰਿਸ਼ਤੇਦਾਰ ਹੈ ਅਤੇ ਉਹ ਆਪਣੇ ਨਿੱਜੀ ਮਾਮਲੇ ਵਿਚ ਕੇਂਦਰੀ ਮੰਤਰੀ ਨੂੰ ਮਿਲਣ ਗਿਆ ਸੀ। ਵਾਇਰਲ ਹੋ ਰਹੀਆਂ ਤਸਵੀਰਾ ਵਿਚ ਉਸ ਦਾ ਕੀ ਕਸੂਰ ਹੈ। ਪਿੰਕੀ ਨੇ ਸਿਆਸੀ ਆਗੂਆਂ ਨੂੰ ਕਿਹਾ ਕਿ ਜਿਸਨੇ ਸਿਆਸਤ ਕਰਨੀ ਹੈ ਕਰੇ ਪਰ ਇਸ ਮਾਮਲੇ ਵਿਚ ਉਸਨੂੰ ਨਾ ਘੜੀਸਿਆ ਜਾਵੇ ਅਤੇ ਉਸਨੂੰ ਜ਼ੁਬਾਨ ਖੋਲ੍ਹਣ ਲਈ ਮਜਬੂਰ ਨਾ ਕੀਤਾ ਜਾਵੇ। ਪਿੰਕੀ ਦਾ ਕਹਿਣਾ ਹੈ ਕਿ ਉਹ ਸਾਲ 2006 ਤੋਂ 2014 ਤਕ ਜੇਲ੍ਹ ਵਿਚ ਰਿਹਾ ਹੈ ਅਤੇ ਪਟਿਆਲਾ ਜੇਲ੍ਹ ਵਿਚ ਹੀ ਬਾਬਾ ਅਮਨ ਸਿੰਘ ਨਾਲ ਮੁਲਾਕਾਤ ਹੋਈ ਸੀ। ਪਿੰਕੀ ਨੇ ਮੀਟਿੰਗ ਵਿਚ ਮੌਜੂਦਗੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਨਿਹੰਗ ਬਾਬਾ ਨੂੰ ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਰਹਿਣ ਵੇਲੇ ਤੋਂ ਹੀ ਜਾਣਦਾ ਹੈ | ਗੁਰਮੀਤ ਸਿੰਘ ਨੇ ਸਿਆਸੀ ਆਗੂਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿੰਕੀ ਕਿਉਂ ਚੁੱਭਦੈ? ਉਨ੍ਹਾਂ ਤਸਵੀਰ 5 ਅਗਸਤ ਦੀ ਹੋਣ ਦੀ ਗੱਲ ਕਹੀ ਹੈ। ਖਾਲੜਾ ਕਾਂਡ ਵਿਚ ਦੋਸ਼ੀ ਸਾਬਤ ਹੋ ਚੁੱਕੇ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਤੋਂ ਅਜੇ ਤਕ ਬਹਾਦਰੀ ਮੈਡਲ ਵਾਪਸ ਨਹੀਂ ਲਏ ਗਏ, ਪਰ ਉਸ ਤੋਂ ਮੈਡਲ ਵਾਪਸ ਲੈ ਲਿਆ ਗਿਆ, ਜਿਸ ਕਰ ਕੇ ਉਹ ਕੇਂਦਰੀ ਮੰਤਰੀ ਨੂੰ ਮਿਲਣ ਗਿਆ ਸੀ।

ਮੈਂ ਇਕੱਲਾ ਤੋਮਰ ਨੂੰ ਮਿਲਣ ਨਹੀਂ ਗਿਆ – ਨਿਹੰਗ ਮੁਖੀ

ਬਾਬਾ ਅਮਨ ਸਿੰਘ ਨੇ ਕਿਹਾ ਕਿ ਉਹ ਹਰ ਦਿਨ ਕਈ ਆਗੂਆਂ ਨੂੰ ਮਿਲਦੇ ਹਨ| ਨਿਹੰਗ ਮੁਖੀ ਬਾਬਾ ਅਮਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਸਿੰਘੂ ਬਾਰਡਰ ਪ੍ਰਦਰਸ਼ਨ ਵਾਲੀ ਥਾਂ ਖਾਲ੍ਹੀ ਕਰਵਾਉਣ ਲਈ ਉਨ੍ਹਾ ਨੂੰ 10 ਲੱਖ ਰੁਪਏ ਨਕਦ ਅਤੇ ਘੋੜਿਆਂ ਦੀ ਪੇਸ਼ਕਸ਼ ਕੀਤੀ ਗਈ ਸੀ| ਉਨ੍ਹਾ ਕਿਹਾ ਕਿ, ਅਸੀਂ ਚਾਰ ਮੰਗਾਂ ਕੀਤੀਆਂ, ਖੇਤੀਬਾੜੀ ਕਾਨੂੰਨ ਵਾਪਸ ਲੈਣਾ, ਐੱਮ ਐੱਸ ਪੀ ਦੀ ਗਾਰੰਟੀ, 2015 ਤੋਂ ਪੰਜਾਬ ਵਿੱਚ ਬੇਅਦਬੀ ਮਾਮਲਿਆਂ ਵਿਚ ਨਿਆਂ ਅਤੇ ਸਾਡੇ ਵਿਰੁੱਧ ਕੇਸ ਵਾਪਸ ਲੈਣਾ| ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਉਦੋਂ ਹੀ ਧਰਨਾ ਚੁੱਕਾਂਗੇ ਜਦੋਂ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ| ਅਸੀਂ ਪੈਸੇ ਦੀ ਪੇਸ਼ਕਸ਼ ਠੁਕਰਾ ਦਿੱਤੀ ਤੇ ਅਸੀਂ ਆਪਣੀਆਂ ਮੰਗਾਂ ਸੰਬੰਧੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਵੀ ਲਿਖੀਆਂ| ਇਹ ਪੁੱਛਣ ‘ਤੇ ਕੀ ਉਨ੍ਹਾ ਕਿਸਾਨ ਆਗੂਆਂ ਨਾਲ ਮੀਟਿੰਗ ਬਾਰੇ ਚਰਚਾ ਕੀਤੀ ਤਾਂ ਬਾਬਾ ਅਮਨ ਸਿੰਘ ਨੇ ਨੇ ਕਿਹਾ ਕਿ ਉਨ੍ਹਾ ਨੂੰ ਕਿਸਾਨਾਂ ਨਾਲ ਗੱਲ ਕਰਨ ਦੀ ਲੋੜ ਨਹੀਂ| ਮੈਂ ਇਕੱਲਾ ਤੋਮਰ ਨੂੰ ਮਿਲਣ ਨਹੀਂ ਗਿਆ ਸੀ| ਸਾਡੀ ਫੌਜ ਦੇ ਘੱਟੋ-ਘੱਟ 10 ਮੈਂਬਰ ਮੇਰੇ ਨਾਲ ਸਨ|

ਨਿਹੰਗਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ

ਭਾਜਪਾ ਆਗੂਆਂ ਅਤੇ ਨਿਹੰਗ ਬਾਬਾ ਅਮਨ ਸਿੰਘ ਦੀ ਫੋਟੋ ਸਾਹਮਣੇ ਆਉਣ ਤੋਂ ਬਾਅਦ ਸਿੰਘੂ ਸਰਹੱਦ ‘ਤੇ ਬੈਠੇ ਨਿਹੰਗ ਜਥੇਬੰਦੀਆਂ ਦੀਆਂ ਮੁਸ਼ਕਿਲਾਂ ਵਧਦੀਆਂ ਜਾਪਦੀਆਂ ਹਨ। ਨਿਹੰਗਾਂ ਦਾ ਕਹਿਣਾ ਹੈ ਕਿ ਲਖਬੀਰ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਉਸਨੇ ਬੇਅਦਬੀ ਕੀਤੀ ਸੀ। ਨਿਹੰਗਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਯੋਗਿੰਦਰ ਯਾਦਵ ਨੂੰ ਵੀ ਨਿਸ਼ਾਨਾ ਬਣਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਵਾਪਸ ਪਰਤਣ ਦੀ ਸਲਾਹ ਦਿੱਤੀ ਪਰ ਭਾਜਪਾ ਨੇਤਾਵਾਂ ਦੇ ਨਾਲ ਬਾਬਾ ਅਮਨ ਸਿੰਘ ਦੀ ਫੋਟੋ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਲਈ ਇਸਦਾ ਬਚਾਅ ਕਰਨਾ ਮੁਸ਼ਕਲ ਹੋ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਅਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਨਿਹੰਗਾਂ ਤੋਂ ਬੇਅਦਬੀ ਦੇ ਸਬੂਤ ਪੇਸ਼ ਕਰਨ ਦੀ ਮੰਗ ਵੀ ਕੀਤੀ ਹੈ ਪਰ ਅਜੇ ਤੱਕ ਅਜਿਹਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ।

ਨਿਹੰਗਾਂ ਵਲੋਂ 27 ਨੂੰ ਧਾਰਮਿਕ ਇਕੱਠ

ਨਿਹੰਗ ਜਥੇਬੰਦੀਆਂ ਨੇ 27 ਅਕਤੂਬਰ ਨੂੰ ਸਿੰਘੂ ਸਰਹੱਦ ‘ਤੇ ‘ਧਾਰਮਿਕ ਸਮਾਗਮ’ ਬੁਲਾਇਆ ਹੈ। ਉਸ ਦਿਨ ਨਿਹੰਗ ਜਥੇਬੰਦਿਆ ਸੰਤ ਸਮਾਜ, ਬੁੱਧੀਜੀਵੀਆਂ ਅਤੇ ਸੰਗਤ ਨਾਲ ਵਿਚਾਰ ਵਟਾਂਦਰਾ ਕਰਨਗੇ ਕਿ, ਉਨ੍ਹਾਂ ਨੂੰ ਸਿੰਘੂ ਸਰਹੱਦ ‘ਤੇ ਰਹਿਣਾ ਚਾਹੀਦਾ ਹੈ ਜਾਂ ਇੱਥੋਂ ਵਾਪਸ ਪਰਤਣਾ ਚਾਹੀਦਾ ਹੈ। ਨਿਹੰਗ ਬਾਬਾ ਰਾਜਾ ਰਾਮ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ 27 ਤਰੀਕ ਨੂੰ ‘ਧਾਰਮਿਕ ਸਮਾਗਮ’ ਵਿਚ ਸਮੂਹਿਕ ਤੌਰ ‘ਤੇ ਜੋ ਵੀ ਫੈਸਲਾ ਲਿਆ ਜਾਵੇਗਾ, ਨਿਹੰਗ ਜਥੇਬੰਦੀਆਂ ਇਸ ਦੀ ਪਾਲਣਾ ਕਰਨਗੀਆਂ।

ਲਖਬੀਰ ਦੀ ਬੇਅਦਬੀ ਦੇ ਦੋਸ਼ ਵਿਚ ਕੀਤੀ ਸੀ ਹੱਤਿਆ

ਲਖਬੀਰ ਸਿੰਘ ਟੀਟੂ ਨਾਂ ਦੇ ਨੌਜਵਾਨ ਦਾ 15 ਅਕਤੂਬਰ ਨੂੰ ਸਿੰਘੂ ਸਰਹੱਦ ‘ਤੇ ਦੁਸਹਿਰੇ ਦੀ ਸਵੇਰ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਤਰਨਤਾਰਨ ਜ਼ਿਲੇ ਦੇ ਚੀਮਾ ਪਿੰਡ ਦੇ ਵਸਨੀਕ ਲਖਬੀਰ ਨੂੰ ਪਹਿਲਾਂ ਤਲਵਾਰ ਨਾਲ ਬਾਂਹ ਅਤੇ ਲੱਤ ਵੱਢ ਦਿੱਤੀ ਗਈ ਅਤੇ ਉਸਦੀ ਲਾਸ਼ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਸਟੇਜ ਤੋਂ ਕੁਝ ਦੂਰੀ ‘ਤੇ ਸੜਕ ਕਿਨਾਰੇ ਬੈਰੀਕੇਡ ਨਾਲ ਟੰਗ ਦਿੱਤੀ ਸੀ। ਮੌਕੇ ‘ਤੇ ਮੌਜੂਦ ਨਿਹੰਗਾਂ ਨੇ ਦਾਅਵਾ ਕੀਤਾ ਕਿ ਲਖਬੀਰ ਉਨ੍ਹਾਂ ਦੇ ਤੰਬੂ ਵਿਚ ਪ੍ਰਕਾਸ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਚੁੱਕਣ ਤੋਂ ਬਾਅਦ ਭੱਜ ਰਿਹਾ ਸੀ ਜਿਸ ਲਈ ਉਸਨੂੰ ਸਜ਼ਾ ਦਿੱਤੀ ਗਈ ਸੀ। ਇਸ ਘਟਨਾ ਨਾਲ ਜੁੜੇ ਕਈ ਵੀਡੀਓ ਸਾਹਮਣੇ ਆਏ ਜਿਨ੍ਹਾਂ ਵਿਚ ਲਖਬੀਰ ਦੀ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਵੀ ਸ਼ਾਮਲ ਹੈ। ਹੁਣ ਤੱਕ ਚਾਰ ਨਿਹੰਗ ਸਰਬਜੀਤ ਸਿੰਘ, ਨਰਾਇਣ ਸਿੰਘ, ਭਗਵੰਤ ਸਿੰਘ ਅਤੇ ਗੋਵਿੰਦਪ੍ਰੀਤ ਸਿੰਘ ਇਸ ਮਾਮਲੇ ਵਿਚ ਸੋਨੀਪਤ ਪੁਲਸ ਦੇ ਸਾਹਮਣੇ ਆਤਮ ਸਮਰਪਣ ਕਰ ਚੁੱਕੇ ਹਨ। ਪੁਲਸ ਇਨ੍ਹਾਂ ਚਾਰਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ।

ਲਖਬੀਰ ਸਿੰਘ ਦਾ ਕਤਲ ਡੂੰਘੀ ਸਾਜ਼ਿਸ਼ – ਕਾਂਗਰਸ ਨੇਤਾ

ਵਿਵਾਦਿਤ ਪੁਲਿਸ ਅਫ਼ਸਰ ਰਹੇ ਗੁਰਮੀਤ ਸਿੰਘ ਉਰਫ਼ ਪਿੰਕੀ ਕੈਟ ਅਤੇ ਨਿਹੰਗ ਬਾਬਾ ਅਮਨ ਸਿੰਘ ਦੀਆਂ ਤਸਵੀਰਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਭਾਜਪਾ ਆਗੂਆਂ ਸੁਖਮਿੰਦਰ ਸਿੰਘ ਗਰੇਵਾਲ, ਝਾਰਖੰਡ ਤੋਂ ਸੰਸਦ ਮੈਂਬਰ ਸੁਨੀਲ ਕੁਮਾਰ ਨਾਲ ਜਨਤਕ ਹੋਣ ਤੋਂ ਬਾਅਦ ਸੂਬੇ ਦੀ ਸਿਆਸਤ ਭਖ਼ ਗਈ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਵਾਦਿਤ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਕੈਟ ਦੀਆਂ ਤਸਵੀਰਾਂ ਜਨਤਕ ਹੋਣ ’ਤੇ ਪਿਛਲੇ ਦਿਨੀਂ ਸਿੰਘੂ ਬਾਰਡਰ ’ਤੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਵਿਅਕਤੀ ਨੂੰ ਕੋਹ-ਕੋਹ ਕੇ ਮਾਰਨ ਦੀ ਘਟਨਾ ਨੂੰ ਡੂੰਘੀ ਸਾਜ਼ਿਸ਼ ਦੱਸਿਆ ਹੈ। ਦੋਹਾਂ ਆਗੂਆਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਜਨਤਕ ਹੋਣਾ ਚਾਹੀਦਾ ਹੈ ਕਿ ਪੁਲਿਸ ਕੈਟ ਅਤੇ ਭਾਜਪਾ ਆਗੂਆਂ ਵਿਚਕਾਰ ਕੀ ਮੀਟਿੰਗ ਹੋਈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਨਿਹੰਗਾਂ ਵੱਲੋਂ ਬੇਅਦਬੀ ਕਰਨ ਦੇ ਦੋਸ਼ ਹੇਠ ਕਤਲ ਕੀਤੇ ਗਏ ਤਰਨਤਾਰਨ ਦੇ ਪਿੰਡ ਚੀਮਾ ਖ਼ੁਰਦ ਦੇ ਲਖਬੀਰ ਸਿੰਘ ਨੂੰ ਉੱਥੇ ਕੌਣ ਲੈ ਕੇ ਗਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਸਾਹਮਣੇ ਆ ਰਹੇ ਹਨ। ਜਿੱਥੇ ਜ਼ਿਆਦਾਤਰ ਲੋਕ ਇਸ ਘਟਨਾ ਦੀ ਨਿਖੇਧੀ ਕਰ ਰਹੇ ਹਨ ਉੱਥੇ ਨਿਹੰਗਾਂ ਦੀ ਭੂਮਿਕਾ ’ਤੇ ਸਵਾਲ ਵੀ ਚੁੱਕੇ ਜਾ ਰਹੇ ਹਨ। ਕਈਆਂ ਨੇ ਅਨੁਸੂਚਿਤ ਜਾਤੀ ਦੇ ਵਿਅਕਤੀ ਦੇ ਕਤਲ ਮਾਮਲੇ ਵਿਚ ਡੂੰਘੀ ਸਾਜ਼ਿਸ਼ ਹੋਣ ਦਾ ਦੋਸ਼ ਲਾਉਂਦਿਆਂ ਭਾਜਪਾ ਨੂੰ ਘੇਰਿਆ ਹੈ। ਕਈ ਵੱਡੇ ਆਗੂਆਂ ਦੀ ਚੁੱਪੀ ’ਤੇ ਵੀ ਕਿੰਤੂ-ਪਰੰਤੂ ਹੋ ਰਹੇ ਹਨ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਿੰਘੂ ਬਾਰਡਰ ’ਤੇ ਲਖਬੀਰ ਦੀ ਹੱਤਿਆ ਮਾਮਲੇ ਵਿਚ ਕੇਂਦਰ ਦੀਆਂ ਖ਼ੁਫੀਆ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਇਕ ਧਰਮ ਵਿਸੇਸ਼ ਦਾ ਅੰਦੋਲਨ ਸਿੱਧ ਕਰਨ ਅਤੇ ਸਿੱਖਾਂ ਤੇ ਨਿਹੰਗ ਜੱਥੇਬੰਦੀਆਂ ਵਿਚ ਪਾੜਾ ਪਾਉਣ ਦੀ ਸਾਜਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਰਿਆਣਾ ਦੇ ਇਕ ਐੱਸਡੀਐੱਮ ਵੱਲੋਂ ਪੁਲਿਸ ਨੂੰ ਕਿਸਾਨਾਂ ਦੇ ਸਿਰ ਪਾੜਨ ਦਾ ਕਹਿਣਾ, ਫਿਰ ਹਰਿਆਣਾ ਦੇ ਮੁੱਖ ਮੰਤਰੀ ਦਾ ਲੋਕਾਂ ਨੂੰ ਡਾਂਗਾਂ ਚੁੱਕਣ ਲਈ ਕਹਿਣਾ, ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਭਾਜਪਾ ਨੇਤਾ ਵੱਲੋਂ ਗੱਡੀ ਥੱਲੇ ਦੇਣਾ, ਸਿੰਘੂ ਬਾਰਡਰ ਦੀ ਘਟਨਾ ਅਤੇ ਪੰਜਾਬ ਵਿਚ ਬੀਐੱਸਐੱਫ ਦਾ ਦਾਇਰਾ ਵਧਾਉਣਾ ਇਹ ਸਭ ਇਕ ਵੱਡੀ ਸਾਜਿਸ਼ ਦੀਆਂ ਕੜੀਆਂ ਹਨ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin