India

ਸਿੱਖਾਂ ਨੂੰ ਹਵਾਈ ਯਾਤਰਾ ਦੌਰਾਨ ਕਿਰਪਾਨ ਲੈਜਾਣ ਦੀ ਮਿਲੀ ਇਜਾਜ਼ਤ !

ਨਵੀਂ ਦਿੱਲੀ – ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹੁਣ ਸਿੱਖਾਂ ਨੂੰ ਹਵਾਈ ਯਾਤਰਾ ਦੌਰਾਨ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਇਸ ਹੁਕਮ ਤੋਂ ਬਾਅਦ ਹੁਣ ਸਿੱਖ ਯਾਤਰੀ ਕਿਰਪਾਨ ਨਾਲ ਹਵਾਈ ਜਹਾਜ ਵਿੱਚ ਸਫਰ ਕਰ ਸਕਣਗੇ। ਮੰਤਰਾਲੇ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਕਿਰਪਾਨ ਦੇ ਬਲੇਡ ਦੀ ਲੰਬਾਈ 15.24 ਸੈਂਟੀਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਮੁਤਾਬਕ ਯਾਤਰੀ ਆਪਣੇ ਨਾਲ 22.86 ਸੈਂਟੀਮੀਟਰ ਤੱਕ ਦੀ ਕਿਰਪਾਨ ਲੈ ਜਾ ਸਕਣਗੇ। ਇਹ ਇਜਾਜ਼ਤ ਘਰੇਲੂ ਯਾਤਰੀ ਜਹਾਜ਼ਾਂ ਲਈ ਦਿੱਤੀ ਗਈ ਹੈ।

ਵਰਨਣਯੋਗ ਸਿੱਖ ਧਰਮ ਵਿੱਚ ਪਹਿਨੇ ਜਾਣ ਵਾਲੇ ਪੰਜ ‘ਕੇ’ ਵਿੱਚ ਕਿਰਪਾਨ ਵੀ ਹੈ। ਭਾਰਤ ਦੇ ਹਵਾਬਾਜ਼ੀ ਮੰਤਰਾਲੇ ਨੇ 4 ਮਾਰਚ ਨੂੰ ਹੁਕਮ ਜਾਰੀ ਕਰਕੇ ਸਿੱਖ ਮੁਲਾਜ਼ਮਾਂ ਨੂੰ ਭਾਰਤੀ ਹਵਾਈ ਅੱਡਿਆਂ ‘ਤੇ ਕਿਰਪਾਨ ਨਾ ਲਿਜਾਣ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ 9 ਮਾਰਚ ਨੂੰ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖ ਕੇ ਇਤਰਾਜ਼ ਕੀਤਾ ਸੀ ਕਿ ਅਜਿਹਾ ਕਰਕੇ ਹਵਾਬਾਜ਼ੀ ਮੰਤਰਾਲਾ ਸਿੱਖਾਂ ਦੀ ਆਜ਼ਾਦੀ ਨੂੰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਕੋਈ ਵੀ ਹੁਕਮ ਜਾਰੀ ਕਰਨ ਤੋਂ ਪਹਿਲਾਂ ਸਿੱਖਾਂ ਦੀ ਧਾਰਮਿਕ ਆਜ਼ਾਦੀ ਦਾ ਧਿਆਨ ਰੱਖਿਆ ਜਾਵੇ। ਜੋਤੀਰਾਦਿੱਤਿਆ ਸਿੰਧੀਆ ਨੂੰ ਲਿਖੇ ਪੱਤਰ ਵਿੱਚ ਪ੍ਰਧਾਨ ਧਾਮੀ ਨੇ ਕਿਹਾ ਸੀ ਕਿ ਭਾਰਤ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਦੀ ਆਜ਼ਾਦੀ ਲਈ ਸਿੱਖਾਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਅੱਜ ਵੀ ਦੇਸ਼ ਵਿੱਚ ਜੋ ਸੱਭਿਆਚਾਰ ਬਚਿਆ ਹੈ, ਉਹ ਸਿੱਖਾਂ ਦੀ ਬਦੌਲਤ ਹੈ। ਇਹ ਪੱਤਰ ਭੇਜਣ ਦੇ 5 ਦਿਨਾਂ ਦੇ ਅੰਦਰ ਹੀ ਹਵਾਬਾਜ਼ੀ ਮੰਤਰਾਲੇ ਨੇ ਆਪਣੇ ਹੁਕਮ ਵਾਪਸ ਲੈ ਲਏ ਹਨ। ਇਸੇ ਦੌਰਾਨ ਧਾਮੀ ਨੇ ਕਿਹਾ ਹੈ ਕਿ ਇਹ ਹੁਕਮ ਲੈਣਾ ਚੰਗੀ ਗੱਲ ਹੈ ਪਰ ਭਾਰਤ ਸਰਕਾਰ ਨੂੰ ਇਹ ਹੁਕਮ ਜਾਰੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਉਨ੍ਹਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਸਰਕਾਰ ਵੱਲੋਂ ਸਿੱਖਾਂ ਅਤੇ ਕਿਸੇ ਵੀ ਵਿਅਕਤੀ ਦੀ ਧਾਰਮਿਕ ਅਜ਼ਾਦੀ ਦੇ ਖ਼ਿਲਾਫ਼ ਕੋਈ ਅਜਿਹਾ ਹੁਕਮ ਜਾਰੀ ਨਹੀਂ ਕੀਤਾ ਜਾਵੇਗਾ।

Related posts

ਦੁਨੀਆ ਬੁੱਧ ਦੇ ਸਿਧਾਂਤਾਂ ’ਚੋਂ ਕੱਢੇ ਯੁੱਧਾਂ ਦਾ ਹੱਲ : ਰਾਜਨਾਥ

editor

ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ : ਰਾਹੁਲ ਗਾਂਧੀ

editor

ਆਤਿਸ਼ੀ ਵਲੋਂ ਦਿੱਲੀ ਮੈਟਰੋ ਦੇ ਫੇਜ਼ 4 ਲਈ ਡਰਾਈਵਰ ਰਹਿਤ ਟਰੇਨ ਦਾ ਮੁਆਇਨਾ !

admin