ਜਲੰਧਰ – ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮੰਨਿਆ ਹੈ ਕਿ 5 ਫਰਵਰੀ ਨੂੰ ਫਿਰੋਜ਼ਪੁਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਕੁਤਾਹੀ ਤਾਂ ਹੋਈ ਹੈ ਪਰ ਇਸ ਦਾ ਠੀਕਰਾ ਪੰਜਾਬ ਪੁਲਿਸ ਦੇ ਸਿਰ ਭੰਨਣਾ ਠੀਕ ਨਹੀਂ ਹੈ। ਪਰਗਟ ਸਿੰਘ ਨੇ ਇਹ ਗੱਲ ਸ਼ਨਿਚਰਵਾਰ ਨੂੰ ਮੀਡੀਆ ਨਾਲ ਪਹਿਲੀ ਵਾਰ ਆਨਲਾਈਨ ਰੂਬਰੂ ਹੋਣ ਮੌਕੇ ਕਹੀ। ਉਨ੍ਹਾਂਕਿਹਾ ਕਿ ਉਹ ਵੀ ਪੁਲਿਸ ਬੈਕਗ੍ਰਾਊਂਡ ਨਾਲ ਤਾਲੁਕ ਰੱਖਦੇ ਹਨ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਹੋਣੀ ਚਾਹੀਦੀ, ਇਸ ਲਈ ਸਾਰੀਆਂ ਏਜੰਸੀਆਂ ਦਾ ਇਕ-ਦੂਜੇ ਨਾਲ ਤਾਲਮੇਲ ਹੁੰਦਾ ਹੈ। ਇਸ ਲਈ ਸਿਰਫ ਪੰਜਾਬ ਪੁਲਿਸ ’ਤੇ ਠੀਕਰਾ ਭੰਨਣਾ ਸਹੀ ਗੱਲ ਨਹੀਂ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੀਐੱਮ ਰਿੰਹਦੇ ਹੋਏ ਕੁਝ ਨਹੀਂ ਕਰ ਸਕੇ, ਜਨਤਾ ਨੂੰ ਇਹ ਪਤਾ ਲੱਗ ਚੁੱਕਾ ਹੈ। ਹੁਣ ਉਨ੍ਹਾਂ ਨੂੰ ਕੁਇਟ (ਸੰਨਿਆਸ) ਕਰ ਦੇਣਾ ਚਾਹੀਦਾ ਹੈ ਤਾਂ ਜੋ ਬਾਕੀ ਦੀ ਜ਼ਿੰਦਗੀ ਆਰਾਮ ਨਾਲ ਕੱਟਣ। ਉਨ੍ਹਾਂ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਸੂਰਜ ਚਡ਼੍ਹਦਾ ਹੈ ਤੇ ਢਲ਼ਦਾ ਵੀ ਹੈ। ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਉਨ੍ਹਾਂ ਹੋਰ ਕਿਹਾ ਕਿ ਆਪ ਵਾਲਿਆਂ ਨੇ ਗਰੰਟੀਆਂ ਦੇ ਨਾਂ ’ਤੇ ਪੰਜਾਬੀਆਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬੀ ਕਿਸੇ ਗਾਰੰਟੀ ਦੇ ਮੁਥਾਜ਼ ਨਹੀਂ ਹਨ। ਆਪ ਆਗੂ ਸਿਰਫ ਫਿਲਮੀ ਸਕ੍ਰਿਪਟ ਵੇਚ ਰਹੇ ਹਨ ਪਰ ਕਾਂਗਰਸ ਨੇ ਬਿਜਲੀ ਦੇ ਰੇਟ ਘਟਾ ਕੇ ਤੇ ਸਰਕਾਰੀ ਸਕੂਲਾਂ ਦੀ ਬਿਹਤਰ ਸਿੱਖਿਆ ਦੇ ਮਾਡਲ ਨੂੰ ਦੇਸ਼ ਵਿਚ ਨੰਬਰ ਇਕ ’ਤੇ ਲਿਆ ਕੇ ਦਿਖਾ ਦਿੱਤਾ ਹੈ।
next post