ਸਿਡਨੀ – ਪ੍ਰਧਾਨ ਮੰਤਰੀ ਸਕੌਟ ਮੌਰਿਸਨ ਕੋਵਿਡ-19 ਤੋਂ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਕੱਲ੍ਹ ਪ੍ਰਧਾਨ ਮੰਤਰੀ ਨੇ ਆਪਣੇ ਸਾਥੀ ਕੈਬਨਿਟ ਮੰਤਰੀਆਂ ਨਾਲ ਨੈਸ਼ਨਲ ਸਕਿਉਰਿਟੀ ਕੌਂਸਲ ਦੀ ਮੀਟਿੰਗ ਵਿੱਚ ਹਿੱਸਾ ਲਿਆ ਸੀ। ਕੱਲ੍ਹ ਸਵੇਰੇ ਸਕੌਟ ਮੌਰਿਸਨ ਨੇ ਨੈਸ਼ਨਲ ਸਕਿਉਰਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਉਪ ਪ੍ਰਧਾਨ ਮੰਤਰੀ ਬਾਰਨਬੀ ਜੋਇਸ, ਖਜ਼ਾਨਾ ਮੰਤਰੀ ਜੋਸ਼ ਫਰਾਇਡਨਬਰਗ, ਵਿਦੇਸ਼ ਮੰਤਰੀ ਮੈਰਿਸ ਪੇਨ, ਰੱਖਿਆ ਮੰਤਰੀ ਪੀਟਰ ਡਟਨ, ਵਿੱਤ ਮੰਤਰੀ ਸਾਇਮਨ ਬਰਮਿੰਘਮ, ਗ੍ਰਹਿ ਮੰਤਰੀ ਕੈਰਨ ਐਂਡਰਿਊਜ਼ ਅਤੇ ਅਟਾਰਨੀ-ਜਨਰਲ ਮਕੈਲਿਆ ਕੈਸ਼ ਵੀ ਮੌਜੂਦ ਸਨ।
ਐਤਵਾਰ ਸਵੇਰੇ ਨੂੰ ਪ੍ਰਧਾਨ ਮੰਤਰੀ ਸਿਡਨੀ ਵਿੱਚ ਸਨ ਜਿੱਥੇ ਉਹ ਸਦਰਲੈਂਡ ਵਿੱਖੇ ਸਥਾਨਕ ਚਰਚ ਵਿੱਚ ਸ਼ਾਮਲ ਹੋਏ, ਅਤੇ ਫਿਰ ਆਪਣੀ ਪਤਨੀ ਜੈਨੀ, ਇਮੀਗ੍ਰੇਸ਼ਨ ਮੰਤਰੀ ਐਲੈਕਸ ਹੋਕ ਅਤੇ ਰਾਜ ਦੇ ਵਿਸ਼ੇਸ਼ ਮੰਤਰੀ ਬੇਨ ਮੋਰਟਨ ਦੇ ਨਾਲ ਲਿਡਕੌਂਬ ਵਿੱਖੇ ਸੇਂਟ ਐਂਡਰਿਊਜ਼ ਯੂਕਰੇਨ ਕੈਥੋਲਿਕ ਚਰਚ ਵਿੱਚ ਯੂਕਰੇਨ ਲਈ ਇੱਕ ਸਮਾਗਮ ਵਿੱਚ ਸ਼ਾਮਲ ਹੋਏ। ਬੇਨ ਮੋਰਟਨ ਨੇ ਅੱਜ ਦੱਸਿਆ ਕਿ ਉਹਨਾਂ ਦਾ ਅੱਜ ਸਵੇਰੇ ਕੋਵਿਡ -19 ਟੈਸਟ ਪਾਜ਼ੇਟਿਵ ਪਾਇਆ ਗਿਆ ਹੈ।
ਐਤਵਾਰ ਦੁਪਹਿਰ ਪ੍ਰਧਾਨ ਮੰਤਰੀ ਕੁਈਨਜ਼ਲੈਂਡ ਲਈ ਰਵਾਨਾ ਹੋਏ ਜਿੱਥੇ ਉਹਨਾਂ ਨੇ ਬ੍ਰਿਸਬੇਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਕੇਡਰੋਨ ਦੇ ਉੱਤਰੀ ਬ੍ਰਿਸਬੇਨ ਉਪਨਗਰ ਵਿੱਚ ਇੱਕ ਐਮਰਜੈਂਸੀ ਸੇਵਾਵਾਂ ਕੰਪਲੈਕਸ ਵੀ ਗਏ ਅਤੇ ਐਮਰਜੈਂਸੀ ਪ੍ਰਬੰਧਨ ਮੰਤਰੀ ਬ੍ਰਿਜੇਟ ਮੈਕੇਂਜੀ ਅਤੇ ਕੁਈਨਜ਼ਲੈਂਡ ਦੇ ਪ੍ਰੀਮੀਅਰ ਅੰਨਾਸਤਾਸੀਆ ਪਲਾਸਜ਼ੁਕ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਅਗਲੇ ਦਿਨ ਬ੍ਰਿਸਬੇਨ ਵਿੱਚ ਰੁਕੇ ਜਿੱਥੇ ਉਨ੍ਹਾਂ ਨੇ ਬ੍ਰਿਸਬੇਨ ਦੇ ਲੌਰਡ ਮੇਅਰ ਅਤੇ ਗੈਲੀਪੋਲੀ ਬੈਰਕਾਂ ਵਿੱਚ ਹੜ੍ਹਾਂ ਦੀ ਰਿਕਵਰੀ ਵਿੱਚ ਮਦਦ ਕਰ ਰਹੇ ਰੱਖਿਆ ਬਲ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਉਹ ਕੱਲ੍ਹ ਦੀ ਐਨਐਸਸੀ ਮੀਟਿੰਗ ਲਈ ਕੈਨਬਰਾ ਆਏ ਸਨ। ਸਕੌਟ ਮੌਰਿਸਨ ਹੁਣ ਸਿਡਨੀ ਵਿੱਚ ਪ੍ਰਧਾਨ ਮੰਤਰੀ ਰਿਹਾਇਸ਼ ਕਿਰੀਬਿਲੀ ਹਾਊਸ ਵਿਖੇ ਹਨ ਅਤੇ ਇਸ ਵੇਲੇ ਕੁਆਰਨਟੀਨ ਦੇ ਵਿੱਚ ਹਨ। ਵਰਤਮਾਨ ਵਿੱਚ, ਕੋਵਿਡ ਨਾਲ ਸੰਕਰਮਿਤ ਸਿਡਨੀ ਦੇ ਵਸਨੀਕਾਂ ਨੂੰ ਪਾਜ਼ੇਟਿਵ ਟੈਸਟ ਆਉਣ ‘ਤੇ ਇੱਕ ਹਫ਼ਤੇ ਲਈ ਕੁਆਰੰਨੀਟ ਕੀਤੇ ਜਾਣ ਦੀ ਲੋੜ ਹੁੰਦੀ ਹੈ, ਮਤਲਬ ਕਿ ਪ੍ਰਧਾਨ ਮੰਤਰੀ ਮੰਗਲਵਾਰ ਸ਼ਾਮ, 8 ਮਾਰਚ ਤੱਕ ਕੁਆਰਨਟੀਨ ਦੇ ਵਿੱਚ ਰਹਿਣਗੇ।
ਹਾਲ ਦੀ ਘੜੀ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਪ੍ਰਧਾਨ ਮੰਤਰੀ ਨੂੰ ਕੋਵਿਡ-19 ਕਿੱਥੋਂ ਹੋਇਆ ਹੋ ਸਕਦਾ ਹੈ ਕਿਉਂਕਿ ਪ੍ਰਧਾਨ ਮੰਤਰੀ ਨੇ ਪਿਛਲੇ ਕੁੱਝ ਦਿਨਾਂ ਵਿੱਚ ਬਹੁਤ ਸਾਰੇ ਲੋਕਾਂ ਨਾਲ ਸਮਾਂ ਬਿਤਾਇਆ। ਇਸ ਲਈ ਇਹ ਸੰਭਾਵਨਾ ਨਹੀਂ ਹੈ ਕਿ ਉਹ ਕਦੇ ਵੀ ਇਹ ਨਹੀਂ ਜਾਣ ਸਕਣਗੇ ਉਹਨਾਂ ਨੂੰ ਕੋਵਿਡ-19 ਕਿੱਥੋਂ ਹੋਇਆ। ਮੌਰਿਸਨ ਨੇ ਕੱਲ੍ਹ ਦੁਪਹਿਰ 1 ਵਜੇ ਦੀ ਪ੍ਰੈਸ ਕਾਨਫਰੰਸ ਦੌਰਾਨ ਕੋਵਿਡ-19 ਦੇ ਲੱਛਣ ਦਿਖ ਰਹੇ ਸਨ, ਜਿੱਥੇ ਉਹ ਖੰਘ ਰਹੇ ਸਨ। ਉਹ ਪੀਟਰ ਡਟਨ ਦੇ ਕੋਲ ਖੜ੍ਹਕੇ ਮੀਡੀਆ ਨਾਲ ਗੱਲ ਕਰ ਰਹੇ ਸਨ। ਪਰ ਉਹਨਾਂ ਨੂੰ ਇਸ ਵਾਰੇ ਉਦੋਂ ਤੱਕ ਪਤਾ ਨਹੀਂ ਲੱਗਾ ਜਦੋਂ ਤੱਕ ਕੱਲ੍ਹ ਸ਼ਾਮ ਨੂੰ ਪੀਸੀਆਰ ਟੈਸਟ ਨਹੀਂ ਲਿਆ ਅਤੇ ਛੇ ਘੰਟਿਆਂ ਤੋਂ ਥੋੜ੍ਹੇ ਸਮੇਂ ਬਾਅਦ ਨਤੀਜੇ ਪ੍ਰਾਪਤ ਕੀਤੇ ਕਿ ਕੋਵਿਡ-19 ਦੀ ਪੁਸ਼ਟੀ ਹੋ ਗਈ।
ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਇਸ ਸਮੇਂ ਦੌਰਾਨ ਬਹੁਤ ਸਾਰੇ ਪ੍ਰੋਗ੍ਰਾਮਾਂ ਦੇ ਵਿੱਚ ਭਾਗ ਲੈਣਾ ਸੀ ਜਿਹਨਾਂ ਦੇ ਵਿੱਚ ਉਹ ਹੁਣ ਨਹੀਂ ਜਾ ਸਕਣਗੇ। ਜੇਕਰ ਪ੍ਰਧਾਨ ਮੰਤਰੀ ਬਿਮਾਰ ਹੋ ਜਾਂਦੇ ਹਨ ਅਤੇ ਆਪਣੇ ਫਰਜ਼ਾਂ ਨੂੰ ਨਿਭਾਉਣ ਤੋਂ ਅਸਮਰੱਥ ਰਹਿੰਦੇ ਹਨ ਤਾਂ ਅਜਿਹੇ ਸਮੇਂ ਦੇ ਵਿੱਚ ਉਪ ਪ੍ਰਧਾਨ ਮੰਤਰੀ ਬਾਰਨਬੀ ਜੋਇਸ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਉਣਗੇ।