ਕਈ ਵਾਰ ਸਮੱਸਿਆ ਵੀ ਵਰਦਾਨ ਬਣ ਕੇ ਆਉਂਦੀ ਹੈ। ਕੋਲੇ ਤੋਂ ਬਿਜਲੀ ਉਤਪਾਦਨ ਦਾ ਸੰਕਟ ਚੀਨ ਤੋਂ ਸ਼ੁਰੂ ਹੋ ਕੇ ਸਾਰੇ ਵਿਸ਼ਵ ਵਿੱਚ ਫੈਲ ਚੁੱਕਾ ਹੈ। ਭਾਰਤ ਦੇ ਥਰਮਲ ਪਲਾਂਟਸ ਉੱਪਰ ਵੀ ਕੋਲੇ ਦੀ ਕਮੀ ਦੇ ਬੱਦਲ ਮੰਡਰਾ ਰਹੇ ਹਨ। ਇਸਦੇ ਕਈ ਕਾਰਨ ਹਨ।
ਪਹਿਲਾ :- ਕੋਲੇ ਦੀਆਂ ਖਾਨਾਂ ਵਿੱਚ ਹੜ੍ਹ ਆਉਣ ਕਾਰਨ, ਕੋਲਾ ਗਿੱਲਾ ਹੋ ਚੁੱਕਾ ਹੈ।
ਦੂਜਾ :- ਇੰਡੋਨੇਸ਼ੀਆ ਅਤੇ ਦੱਖਣੀ ਅਫਰੀਕਾ ਤੋਂ ਆਯਾਤ ਹੋਣ ਵਾਲੇ 12.5% ਕੋਲੇ ਦਾ ਭਾਗ ਬੰਦ ਹੋਣਾ।
ਤੀਜਾ :- ਕੋਲੇ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਣਾ ਆਦਿ।
ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਧ ਬਿਜਲੀ ਪੈਦਾ ਕਰਨ ਵਾਲੇ ਅਤੇ ਤੀਜਾ ਹੀ ਖਪਤ ਕਰਨ ਵਾਲਾ ਦੇਸ਼ ਹੈ। ਦੇਸ਼ ਵਿੱਚ ਕੁੱਲ ਬਿਜਲੀ ਉਤਪਾਦਨ ਵਿੱਚ ਪੂਰਤੀ ਯੋਗ ਊਰਜਾ (Renewable Energy) ਦਾ ਭਾਗ 37% ਹੈ, ਜਿਸ ਵਿੱਚ ਹਾਈਡ੍ਰੋ, ਸੋਲਰ ਪੈਨਲ ਅਤੇ ਪਵਨ ਚੱਕੀ ਵਿਧੀ ਦੁਆਰਾ ਤਿਆਰ ਕੀਤੀ ਬਿਜਲੀ ਹੈ। 2% ਬਿਜਲੀ ਦਾ ਭਾਗ ਪ੍ਰਮਾਣੂ ਊਰਜਾ ਰਾਹੀਂ ਪੈਦਾ ਹੁੰਦਾ ਹੈ। ਲਗਭਗ 61% ਬਿਜਲੀ ਦਾ ਉਤਪਾਦਨ ਕਾਰਬਨ ਉਤਸਰਜਨ ਵਿਧੀ ਰਾਹੀਂ ਹੁੰਦਾ ਹੈ, ਜਿਸ ਵਿੱਚ 85% ਕੋਲੇ ਨਾਲ਼ ਚੱਲਣ ਵਾਲੇ ਥਰਮਲ ਪਲਾਂਟਸ ਦਾ ਅਤੇ ਬਾਕੀ 15% ਗੈਸ ਅਧਾਰਿਤ ਥਰਮਲ ਪਲਾਂਟਸ ਦਾ ਯੋਗਦਾਨ ਹੈ।
ਪਿਛਲੇ ਕੁਝ ਕੁ ਸਾਲਾਂ ਤੋਂ ਦੇਸ਼ ਵਿੱਚ ਬਿਜਲੀ ਦੀ ਮੰਗ ਬਹੁਤ ਤੇਜ਼ੀ ਨਾਲ਼ ਵੱਧ ਰਹੀ ਹੈ। ਲੋਕਾਂ ਦੇ ਆਰਥਿਕ ਪੱਧਰ ਵਿੱਚ ਸੁਧਾਰ ਹੋਣ ਨਾਲ਼ ਘਰਾਂ ਵਿੱਚ ਏ.ਸੀ., ਫਰਿੱਜ਼, ਟੀ.ਵੀ. ਅਤੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਦੀ ਗਿਣਤੀ ਵਿੱਚ ਚੌਖਾ ਵਾਧਾ ਹੋ ਚੁੱਕਾ ਹੈ ਅਤੇ ਰਾਜਾਂ ਵੱਲੋਂ ਆਪਣੇ ਸਾਰੇ ਪਿੰਡਾਂ ਵਿੱਚ ਬਿਜਲੀ ਪਹੁੰਚਾਉਣ ਦਾ 100% ਟੀਚਾ ਹਾਸਿਲ ਕਰਨ ਨਾਲ਼ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ 20% ਵੱਧ ਗਈ ਹੈ। ਰੇਲਵੇ ਦੇ ਪੂਰੀ ਤਰਾਂ ਵਿਧੁਤੀਕਰਨ ਹੋਣ ਨਾਲ਼ ਬਿਜਲੀ ਦੀ ਮੰਗ ਹੋਰ ਵੱਧ ਗਈ ਜਾਵੇਗੀ।
ਭਾਵੇਂ ਦੇਸ਼ ਵਿੱਚ ਪੂਰਤੀ ਯੋਗ ਊਰਜਾ (ਸੋਲਰ ਪੈਨਲ ਤੋਂ) ਦੀ ਪੈਦਾਵਾਰ ਲਗਾਤਾਰ ਵੱਧ ਰਹੀ ਹੈ, ਪਰ ਇਹ ਥਰਮਲ ਪਲਾਂਟਸ ਵਿੱਚ ਪੈਦਾ ਹੋਣ ਵਾਲੀ ਬਿਜਲੀ ਦੀ ਮਾਤਰਾ ਨੂੰ ਪੂਰੀ ਤਰਾਂ ਢੱਕ ਲਵੇ ਇਸ ਲਈ ਬਹੁਤ ਲੰਬਾ ਸਮਾਂ ਲੱਗੇਗਾ।
ਕੋਲੇ ਦੀ ਪੂਰਤੀ ਵਿੱਚ ਆਈ ਇਹ ਕਮੀ ਭਾਵੇਂ ਆਰਜ਼ੀ ਹੋ ਸਕਦੀ ਹੈ, ਪਰ ਜੇਕਰ ਕੋਲੇ ਦੀ ਖਪਤ ਇਸੇ ਤਰਾਂ ਹੁੰਦੀ ਰਹੀ, ਤਾਂ ਕੋਲ ਭੰਡਾਰਾਂ ਦੇ ਪੂਰੀ ਤਰਾਂ ਖਾਤਮੇ ਨੂੰ ਕੋਈ ਨਹੀਂ ਰੋਕ ਸਕੇਗਾ। ਭੂ-ਵਿਗਿਆਨੀਆਂ ਮੁਤਾਬਿਕ ਭਾਰਤ ਵਿੱਚ ਕੋਲੇ ਦੇ ਭੰਡਾਰ 111 ਸਾਲਾਂ ਬਾਅਦ ਪੂਰੀ ਤਰਾਂ ਖ਼ਤਮ ਹੋ ਜਾਣਗੇ। 55 ਸਾਲਾਂ ਬਾਅਦ ਭਾਰਤ ਵਿੱਚ ਮੌਜੂਦ ਅੱਧਾ ਕੋਲ ਭੰਡਾਰ ਖ਼ਤਮ ਹੋ ਚੁੱਕਾ ਹੋਵੇਗਾ। ਕੋਲ ਭੰਡਾਰਾਂ ਦੇ ਖਾਤਮੇ ਦੇ ਅਸਲੀ ਖਤਰੇ ਦੇ ਹੱਲ ਲਈ ਦੇਸ਼ ਦੀ ਕੇਂਦਰੀ ਸਰਕਾਰ ਨੂੰ ਅਜਿਹੀ ਬਿਜਲੀ ਨੀਤੀ ਬਣਾਉਣੀ ਹੋਵੇਗੀ, ਤਾਂ ਕਿ ਆਉਣ ਵਾਲੇ ਸਾਲਾਂ ਵਿੱਚ ਦੇਸ਼ ਵਿੱਚ ਕਿਸੇ ਕਿਸਮ ਦਾ ਬਿਜਲੀ ਸੰਕਟ ਨਾ ਖੜਾ ਹੋਵੇ। ਹੁਣ ਇਸ ਵਿਸ਼ੇ ਦਾ ਸਭ ਤੋਂ ਮਹੱਤਵਪੂਰਨ ਅੰਗ ਇਹ ਹੈ ਕਿ ਥਰਮਲ ਪਲਾਂਟਸ ਵਿੱਚ ਕੋਲੇ ਦਾ ਬਦਲ ਕੀ ਹੋ ਸਕਦਾ ਹੈ?
(ੳ) ਠੋਸ ਕੂੜੇ ਨੂੰ ਜਲਾ ਕੇ ਬਿਜਲੀ ਬਣਾਉਣੀ :- ਸਾਰੇ ਦੇਸ਼ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚੋਂ ਠੋਸ ਕੂੜੇ ਦੇ ਭਰੇ ਹੋਏ 35 ਲੱਖ ਟਰੱਕ ਹਰ ਰੋਜ਼ ਨਿਕਲਦੇ ਹਨ। ਇਸ ਕੂੜੇ ਨੂੰ ਸਮੇਟਣਾ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਜਿਸ ਥਾਂ ਉੱਪਰ ਇਹ ਕੂੜਾ ਡੰਪ ਕੀਤਾ ਜਾਂਦਾ ਹੈ, ਉਸਦੇ ਇਰਦ-ਗਿਰਦ ਰਹਿਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਆਦਾਤਰ ਸ਼ਹਿਰਾਂ ਦੇ ਕੂੜੇ ਦੇ ਡੰਪ ਲਈ ਪਿੰਡਾਂ ਦੀਆਂ ਥਾਵਾਂ ਨੂੰ ਚੁਣ ਕੇ ਉਨ੍ਹਾਂ ਉੱਪਰ ਪ੍ਰਦੂਸ਼ਣ ਥੋਪ ਕੇ, ਬਲੀ ਦਾ ਬੱਕਰਾ ਬਣਾਇਆ ਜਾਂਦਾ ਹੈ।
ਕੁਝ ਥਰਮਲ ਪਲਾਂਟਸ ਨੂੰ ਚਿੰਨ੍ਹਤ ਕਰਕੇ, ਉਨ੍ਹਾਂ ਵਿੱਚ ਤਕਨੀਕੀ ਤਬਦੀਲੀ ਕਰਕੇ ਠੋਸ ਕੂੜੇ ਦੀ ਜਲਨ ਪ੍ਰਕ੍ਰਿਆ ਲਈ ਯੋਗ ਬਣਾਇਆ ਜਾ ਸਕਦਾ ਹੈ। ਥਰਮਲ ਪਲਾਂਟਸ ਵਿੱਚ ਕੋਲੇ ਦੀ ਥਾਂ ਉੱਪਰ ਠੋਸ ਕੂੜੇ ਨੰ ਜਲਾ ਕੇ ਬਿਜਲੀ ਦਾ ਉਤਪਾਦਨ ਕਰਨਾ ਇੱਕ ਤਰਾਂ ਨਾਲ਼ ਅਪੂਰਤੀ ਯੋਗ ਊਰਜਾ ਦੀ ਥਾਂ ਉੱਪਰ ਪੂਰੀ ਯੋਗ ਊਰਜਾ ਦਾ ਉਤਪਾਦਨ ਹੀ ਮੰਨਿਆ ਜਾਵੇਗਾ। ਕਿਉਂਕਿ ਜਿਹੜਾ ਕਾਰਬਨ ਉਤਸਰਜਨ ਜਲਨ ਪ੍ਰਕ੍ਰਿਆ ਨਾਲ਼ ਹੋਵੇਗਾ, ਉਹ ਤਾਂ ਕੂੜੇ ਦੀ ਅਪਘਟਨ ਪ੍ਰਕ੍ਰਿਆ ਨਾਲ਼ ਕਾਰਬਨਿਕ ਗੈਂਸਾਂ ਦੇ ਮੁਕਤ ਹੋਣ ਨਾਲ਼ ਵੀ ਹੁੰਦਾ ਹੈ ਅਤੇ ਇੱਰਦ ਗਿਰਦ ਵਾਤਾਵਰਣ ਵਿੱਚ ਦੁਰਗੰਧ ਵੀ ਫੈਲਦੀ ਹੈ। ਦੂਜੇ ਪਾਸੇ ਥਰਮਲ ਪਲਾਂਟਸ ਦੀ ਚਿਮਨੀ ਦੇ ਅੰਦਰ ਪਾਣੀ ਦੇ ਫੁਹਾਰਿਆਂ ਨਾਲ਼ ਕਾਰਬਨਿਕ ਉਤਸਰਜਨ ਨੂੰ ਨਾ ਮਾਤਰ ਕੀਤਾ ਜਾ ਸਕਦਾ ਹੈ।
ਠੋਸ ਕੂੜੇ ਦੇ ਇਸ ਸਦਉਪਯੋਗ ਨਾਲ਼ ਹਜਾਰਾਂ ਮੈਗਾਵਾਟ ਬਿਜਲੀ ਤਿਆਰ ਕੀਤੀ ਜਾ ਸਕਦੀ ਹੈ। ਕੁਝ ਉਦਾਹਰਨਾਂ ਸਾਡੇ ਸਾਹਮਣੇ ਹਨ : ਦਿੱਲੀ ਦੇ ਨਰੇਲਾ ਵਿਖੇ ਠੋਸ ਕੂੜੇ ਤੋਂ ਬਿਜਲੀ ਬਣਾਉਣ ਦਾ ਇੱਕ ਪਲਾਂਟ ਸਥਾਪਿਤ ਹੈ, ਜਿਸ ਵਿੱਚ ਪ੍ਰਤੀ ਦਿਨ 2000 ਮੀਟਰਿਕ ਟਨ ਠੋਸ ਕੂੜੇ ਦੀ ਖਪਤ ਹੁੰਦੀ ਹੈ, ਇਸ ਨਾਲ਼ 24 ਮੈਗਾਵਾਟ ਬਿਜਲੀ ਤਿਆਰ ਕੀਤੀ ਜਾਂਦੀ ਹੈ। ਇਸੇ ਤਰਾਂ ਮਹਾਂਰਾਸ਼ਟਰ ਦੇ ਸੋਲਾਪੁਰ ਦੇ ਥਰਮਲ ਪਲਾਂਟ ਵਿੱਚ ਪ੍ਰਤੀ ਦਿਨ 500 ਮੀਟਰਿਕ ਟਨ ਕੂੜੇ ਦੀ ਖਪਤ ਹੁੰਦੀ ਹੈ ਅਤੇ 2 ਮੈਗਾਵਾਟ ਬਿਜਲੀ ਤਿਆਰ ਹੁੰਦੀ ਹੈ।
ਕੂੜੇ ਦੀਆਂ ਡੰਪ ਵਾਲੀਆਂ ਥਾਵਾਂ ਨੂੰ ਠੋਸ ਕੂੜੇ ਤੋਂ ਬਿਜਲੀ ਬਣਾਉਣ ਦੇ ਥਰਮਲ ਪਲਾਂਟਸ ਵਿੱਚ ਬਦਲਿਆ ਜਾ ਸਕਦਾ ਹੈ। ਦਿੱਲੀ ਦਾ ਗਾਜੀਪੁਰ ਡੰਪ, 70 ਏਕੜ ਜਮੀਨ ਉੱਪਰ ਫੈਲਿਆ ਹੋਇਆ ਹੈ। ਉੱਥੇ ਔਸਤ 700 ਕੂੜੇ ਦੇ ਟਰੱਕ ਹਰ ਰੋਜ਼ ਖਾਲੀ ਹੁੰਦੇ ਹਨ ਅਤੇ ਉੱਥੇ ਕੂੜੇ ਦੇ ਵੱਡੇ ਵੱਡੇ ਪਹਾੜ ਬਣ ਗਏ ਹਨ। 1 ਸਤੰਬਰ 2017 ਨੂੰ ਜਦੋਂ ਗਾਜ਼ੀਪੁਰ ਡੰਪ ਦਾ ਇੱਕ ਪਹਾੜ ਖਿਸਕ ਕੇ ਸੜਕ ਨੂੰ ਪਾਰ ਕਰਦਾ ਹੋਇਆ ਨਦੀ ਵਿੱਚ ਜਾ ਡਿੱਗਿਆ ਸੀ ਤਾਂ ਕਈ ਲੋਕ ਮਾਰੇ ਗਏ ਸਨ। ਕਿਉਂ ਨਾ ਇਸ 70 ਏਕੜ ਜਮੀਨ ਉੱਪਰ ਥਰਮਲ ਪਲਾਂਟ ਲਗਾ ਦਿੱਤਾ ਜਾਵੇ, ਇਸ ਨਾਲ਼ ਕੂੜੇ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ਅਤੇ ਬਿਜਲੀ ਦਾ ਉਤਪਾਦਨ ਵੀ ਹੋਵੇਗਾ। ਕੂੜੇ ਦੀ ਦੁਰਗੰਧ ਨੂੰ ਖ਼ਤਮ ਕਰਨ ਲਈ ਡਰੋਨ ਨਾਲ਼ ਉਸ ਉੱਪਰ ਡੀਜ਼ਲ ਦਾ ਛਿੜਕਾਓ ਕੀਤਾ ਜਾ ਸਕਦਾ ਹੈ।
(ਅ) ਠੋਸ ਕੂੜੇ ਤੋਂ ਬਿਜਲੀ ਬਣਾਉਣ ਵਾਲੇ ਥਰਮਲ ਪਲਾਂਟਸ ਵਿੱਚ ਪਰਾਲੀ ਦੀ ਵਰਤੋ ਵੱਡੇ ਪੱਧਰ ਤੇ ਹੋ ਸਕਦੀ ਹੈ। ਉਚਿਤ ਦਬਾਅ ਨਾਲ਼ ਕੁਤਰੀ ਹੋਈ ਪਰਾਲੀ ਦੇ ਬਣੇ ਹੋਏ ਇੱਟਾਂ ਵਰਗੇ ਬਲਾਕ, ਕੋਲੇ ਨਾਲੋਂ ਵੀ ਵਧੀਆ ਜਲ ਸਕਦੇ ਹਨ। ਸਾਰੇ ਦੇਸ਼ ਚ ਹਰ ਸਾਲ ਲਗਭਗ 130 ਮਿਲੀਅਨ ਟਨ ਪਰਾਲੀ ਦੇ ਰੂਪ ਵਿੱਚ ਫਸਲ ਦੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਜਿਸ ਵਿੱਚੋਂ ਲਗਭਗ 95 ਮਿਲੀਅਨ ਟਨ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਜਲਾ ਦਿੱਤਾ ਜਾਂਦਾ ਹੈ। ਇਸ ਦੇ ਨਾਲ਼ ਹੀ ਲਗਭਗ 5 ਮਿਲੀਅਨ ਟਨ ਚਾਵਲ ਉਪਰਲਾ ਛਿਲਕਾ ਪੈਦਾ ਹੁੰਦਾ ਹੈ, ਜਿਸਦੀ ਮਾਲਕੀ ਸ਼ੈਲਰ ਮਾਲਕਾਂ ਕੋਲ ਹੁੰਦੀ ਹੈ ਅਤੇ ਇਸਦੀ ਪੂਰਤੀ ਬਜ਼ਾਰ ਵਿੱਚ ਉੱਚੇ ਭਾਅ ਉੱਪਰ ਕੀਤੀ ਜਾਂਦੀ ਹੈ। ਪਰ ਪਰਾਲੀ ਦੀ ਮਾਲਕੀ ਕਿਸਾਨਾਂ ਕੋਲ ਹੁੰਦੀ ਹੈ, ਜਿਸਨੂੰ ਹਾਲੇ ਤੱਕ ਬੇਲੋੜਾ ਪਦਾਰਥ ਸਮਝ ਕੇ ਸਾੜ ਦਿੱਤਾ ਜਾਂਦਾ ਹੈ। ਜਿਸ ਨਾਲ਼ ਸਾਰੇ ਉੱਤਰੀ ਭਾਰਤ ਵਿੱਚ ਪੂਰਾ ਇੱਕ ਮਹੀਨਾ ਬੱਦਲਾਂ ਵਾਂਗ ਕਾਲਾ ਧੂੰਆਂ ਆਸਮਾਨ ਵਿੱਚ ਛਾਇਆ ਰਹਿੰਦਾ ਹੈ। ਇਹ ਕਾਲਾ ਧੂੰਆਂ ਐਨਾ ਜ਼ਹਿਰੀਲਾ ਹੁੰਦਾ ਹੈ, ਹਰ ਇੱਕ ਬੰਦਾ ਬਿਮਾਰ ਹੋ ਜਾਂਦਾ ਹੈ। ਬੱਚੇ ਰੋਂਦੇ ਰਹਿੰਦੇ ਹਨ। ਕਿਸਾਨਾਂ ਉੱਪਰ ਕਿਸੇ ਕਿਸਮ ਦੀ ਸਖ਼ਤੀ ਕੰਮ ਨਹੀਂ ਕਰਦੀ।
ਜੇਕਰ ਪਰਾਲੀ ਸੜਨ ਦੇ ਆਰਥਿਕ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਇਹ ਇੱਕ ਬਹੁਤ ਵੱਡੀ ਰਕਮ ਬਣਦੀ ਹੈ। ਇੱਕ ਅਨੁਮਾਨ ਦੇ ਅਨੁਸਾਰ ਇਹ 45000 ਕਰੋੜ ਰੁਪਏ ਬਣਦੀ ਹੈ। ਇਹ ਸ਼ੁੱਧ ਆਮਦਨ ਕਿਸਾਨਾਂ ਦੀ ਜੇਬ ਵਿੱਚ ਜਾ ਸਕਦੀ ਹੈ ਅਤੇ ਹਜਾਰਾਂ ਮੈਗਾਵਾਟ ਬਿਜਲੀ ਦਾ ਉਤਪਾਦਨ ਵੀ ਹੋ ਸਕਦਾ ਹੈ।
(ੲ) ਗੋਬਰ ਗੈਸ ਤੋਂ ਬਿਜਲੀ ਬਣਾਉਣੀ :- ਭਾਰਤ ਦੇਸ਼ ਕੋਲ ਦੁਨੀਆਂ ਦਾ ਸਭ ਤੋਂ ਵੱਡਾ ਪਸ਼ੂ ਧਨ ਹੈ। ਭਾਰਤੀ ਲੋਕ ਗਊ ਵੰਸ਼ ਨੂੰ ਆਦਰਯੋਗ ਮੰਨਦੇ ਹਨ। ਜਦੋਂ ਗਊ ਬੁੱਢੀ ਹੋ ਜਾਂਦੀ ਹੈ ਜਾਂ ਫਿਰ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਅਤੇ ਉਸਦੇ ਬੱਛਿਆਂ ਨੂੰ ਸੜਕਾਂ ਉੱਪਰ ਛੱਡ ਦਿੱਤਾ ਜਾਂਦਾ ਹੈ । ਸਾਰੇ ਉੱਤਰੀ ਭਾਰਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਬੇ-ਸਹਾਰਾ ਗਊ ਵੰਸ਼ ਸੜਕਾਂ ਅਤੇ ਗਲੀਆਂ ਵਿੱਚ ਅਵਾਰਾ ਤੁਰਿਆ ਫਿਰਦਾ ਹੈ। ਉੱਤਰੀ ਭਾਰਤ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਗਊਸ਼ਾਲਾਵਾਂ ਬਣੀਆਂ ਹੋਈਆਂ ਹਨ। ਇਹਨਾ ਗਊਸ਼ਾਲਾਵਾਂ ਦੀ ਸਥਾਪਨਾ ਪਿੰਡਾਂ ਦੇ ਆਮ ਲੋਕਾਂ ਵੱਲੋਂ ਇਸ ਮਕਸਦ ਲਈ ਕੀਤੀ ਗਈ ਸੀ ਤਾਂ ਕਿ ਬੇਸਹਾਰਾ ਗਊਵੰਸ਼ ਨੂੰ ਗਊਸ਼ਾਲਾਵਾਂ ਵਿੱਚ ਸਾਂਝੇ ਤੌਰ ਤੇ ਸੰਭਾਲਿਆ ਜਾਵੇ। ਪਰ ਵੱਡੀਆਂ-ਵੱਡੀਆਂ ਜਾਇਦਾਦਾਂ ਦੀਆਂ ਮਾਲਕਣ ਗਊਸ਼ਾਲਾਵਾਂ ਬੇ-ਸਹਾਰਾ, ਅਵਾਰਾ ਗਊ ਵੰਸ਼ ਨੂੰ ਸੰਭਾਲਣ ਵਿੱਚ ਪੂਰੀ ਤਰਾਂ ਅਸਫ਼ਲ ਰਹੀਆਂ ਹਨ। ਬੇ-ਸਹਾਰਾ, ਅਵਾਰਾ ਗਊ ਵੰਸ਼ ਨੂੰ ਸੜਕਾਂ ਅਤੇ ਗਲੀਆਂ ਵਿੱਚ ਕੂੜਾ ਖਾਂਦਿਆਂ ਆਮ ਦੇਖਿਆ ਜਾ ਸਕਦਾ ਹੈ। ਅਵਾਰਾ ਪਸ਼ੂ ਸੜਕਾਂ ਉੱਪਰ ਵਾਪਰ ਰਹੇ ਹਾਦਸਿਆਂ ਦੇ ਕਾਰਨ ਵੀ ਬਣਦੇ ਹਨ। ਜਿਸ ਕਾਰਨ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਪਸ਼ੂ ਅਪਾਹਜ ਹੋ ਜਾਂਦੇ ਹਨ। ਗਊਵੰਸ਼ ਨਾਲ਼ ਸੰਸਕ੍ਰਿਤਕ ਪਹਿਲੂ ਵੀ ਜੁੜਿਆ ਹੋਇਆ ਹੈ। ਗਊ ਵੰਸ਼ ਦੀ ਬੇਕਦਰੀ ਨਾਲ਼ ਭਾਰਤੀ ਸੰਸਕ੍ਰਿਤੀ ਉੱਪਰ ਸੱਟ ਵੱਜਦੀ ਹੈ। ਰਾਜ ਸਰਕਾਰਾਂ ਨੂੰ ਅਜਿਹੀਆਂ ਗਊਸ਼ਾਲਾਵਾਂ ਚਿਨ੍ਹੰਤ ਕਰਨੀਆਂ ਚਾਹੀਦੀਆਂ ਹਨ, ਜਿਨ੍ਹਾ ਕੋਲ ਵੱਡੀਆਂ ਜਾਇਦਾਦਾਂ ਹਨ। ਇਹਨਾਂ ਚਿਨ੍ਹੰਤ ਗਊਸ਼ਾਲਾਵਾਂ ਨੂੰ ਰਾਜ ਸਰਕਾਰਾਂ ਵੱਲੋਂ ਮਾਤਾ ਨੈਣਾਂ ਦੇਵੀ ਸ਼ਰਾਇਨ ਬੋਰਡ ਵਾਂਗ ਸ਼ਰਾਇਨ ਬੋਰਡ ਬਣਾਕੇ ਆਪਣੇ ਅਧੀਨ ਲਿਆ ਜਾਵੇ। ਮੰਨ ਲਓ ਇੱਕ ਚਿਨ੍ਹੰਤ ਗਊਸ਼ਾਲਾ ਵਿੱਚ 4000 ਪਸ਼ੂ ਧਨ ਹੈ ਤਾਂ ਇਸ ਵਿੱਚ 800 ਘਰੇਲੂ ਗੋਬਰ ਗੈਸ ਪਲਾਂਟ ਦੇ ਬਰਾਬਰ ਬਾਇਓ ਗੈਸ ਪੈਦਾ ਕੀਤੀ ਜਾ ਸਕਦੀ ਹੈ। ਜਿਸ ਨਾਲ਼ ਘੱਟੋ-ਘੱਟ 2 ਮੈਗਾਵਾਟ ਬਿਜਲੀ ਉਤਪਾਦਨ ਦਾ ਥਰਮਲ ਪਲਾਂਟ ਲਗਾਇਆ ਜਾ ਸਕਦਾ ਹੈ। ਮੰਨ ਲਓ ਰਾਜ ਸਰਕਾਰਾਂ ਨੇ ਅਜਿਹੀਆਂ 10000 ਗਊਸ਼ਾਲਾਵਾਂ ਚਿੰਨ੍ਹਤ ਕੀਤੀਆਂ ਹੋਣ, ਤਾਂ 20000 ਮੈਗਾਵਾਟ ਬਿਜਲੀ ਦਾ ਉਤਪਾਦਨ ਸੌਖਿਆਂ ਹੀ ਸੰਭਵ ਹੈ। ਇਸ ਵਿਧੀ ਨਾਲ਼ ਗਊਸ਼ਾਲਾਵਾਂ ਦੀ ਆਰਥਿਕ ਤਰੱਕੀ ਤੋਂ ਇਲਾਵਾ, ਬੇ-ਸਹਾਰਾ, ਅਵਾਰਾ ਗਊਵੰਸ਼ ਦੀ ਆਰਥਿਕ ਕਦਰ ਪੈ ਜਾਵੇਗੀ।
ਉਪਰੋਕਤ ਤਿੰਨੋਂ ਵਿਧੀਆਂ ਅਜਿਹੀਆਂ ਹਨ ਜੋ ਆਉਣ ਵਾਲੇ ਸਮੇਂ ਲਈ ਕੋਲੇ ਦਾ ਬਦਲ ਹੋ ਸਕਦੀਆਂ ਹਨ। ਇਹਨਾ ਤਿੰਨੋਂ ਵਿਧੀਆਂ ਵਿੱਚ ਪ੍ਰਯੋਗ ਹੋਣ ਵਾਲਾ ਕੱਚਾ ਮਾਲ ਜੋ ਅੱਜ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ, ਭਵਿੱਖ ਵਿੱਚ ਸੋਨਾ ਸਾਬਿਤ ਹੋ ਸਕਦਾ ਹੈ। ਬਿਜਲੀ ਉਤਪਾਦਨ ਦੀ ਇਸ ਨੀਤੀ ਨਾਲ਼ ਬਿਜਲੀ ਉਤਪਾਦਨ ਤੋਂ ਇਲਾਵਾ ਰੁਜ਼ਗਾਰ ਵਿੱਚ ਵੀ ਭਾਰੀ ਵਾਧਾ ਹੋਵੇਗਾ। ਆਰਥਿਕ ਖਰਚ ਦੇ ਸਵਾਲ ਤੇ ਤਿੰਨੋਂ ਵਿਧੀਆਂ ਪੂਰਤੀ ਯੋਗ ਸੋਮਿਆਂ ਦੇ ਬਰਾਬਰ ਫਾਇਦਾ ਦੇਣਗੀਆਂ। ਠੋਸ ਕੂੜੇ ਅਤੇ ਪਰਾਲੀ ਤੋਂ ਬਿਜਲੀ ਬਣਾਉਣ ਦਾ ਪਹਿਲਾ ਉਦਘਾਟਨ ਪੰਜਾਬ ਵਿੱਚ ਬੰਦ ਪਏ ਬਠਿੰਡਾ ਥਰਮਲ ਪਲਾਂਟ ਤੋਂ ਕਰਨਾ ਚਾਹੀਦਾ ਹੈ।