Punjab

ਹੁਣ ਪੰਜਾਬ ਦੇ ਮੰਤਰੀਆਂ ‘ਚ ਵਿਭਾਗਾਂ ਨੂੰ ਲੈਕੇ ਖਿੱਚੋਤਾਣ !

ਫੋਟੋ: ਏ ਐੱਨ ਆਈ।

ਚੰਡੀਗਡ਼੍ਹ – ਪੰਜਾਬ ਸਰਕਾਰ ਅਤੇ ਕਾਂਗਰਸ ਵਿਚ ਕਈ ਗੁਟ ਬਣਨ ਕਾਰਣ ਇਹ ਅਜੀਬੋ-ਗਰੀਬ ਸਥਿਤੀ ਬਣੀ ਹੈ। ਮੁੱਖ ਮੰਤਰੀ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਹੀ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੇ ਗੁਟ ਨੂੰ ਮਜ਼ਬੂਤ ਕਰਨ ਵਿਚ ਲੱਗੇ ਹਨ ਅਤੇ ਨਵੇਂ ਮੰਤਰੀਆਂ ਵਿਚ ਆਪਣੇ-ਆਪਣੇ ਸਮਰਥਕਾਂ ਨੂੰ ਵਧੀਆ ਮਹਿਕਮਿਆਂ ਦਾ ਜ਼ਿੰਮਾ ਦਿਵਾਉਣ ਨੂੰ ਲੈ ਕੇ ਤਿੰਨਾਂ ਵਿਚ ਖਿੱਚੋਤਾਣ ਰੁੱਕ ਨਹੀਂ ਰਹੀ।ਮੰਤਰੀਆਂ ਦੇ ਵਿਭਾਗਾਂ ਦੇ ਐਲਾਨ ਵਿਚ ਹੋ ਰਹੀ ਇਸ ਦੇਰੀ ਨੂੰ ਵੀ ਇਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। 26 ਸਤੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੀ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ. ਪੀ. ਸੋਨੀ ਨੂੰ ਵੀ ਵਿਭਾਗਾਂ ਦੀ ਵੰਡ ਹੁਣ ਤੱਕ ਨਹੀਂ ਹੋਈ ਹੈ। ਚੰਨੀ ਬਤੌਰ ਮੁੱਖ ਮੰਤਰੀ ਆਪਣੀ ਟੀਮ ਦੀ ਚੋਣ ਅਤੇ ਉਨ੍ਹਾਂ ਦੇ ਕੰਮ ਦੇ ਬਟਵਾਰੇ ਵਿਚ ਆਪਣੀ ਮਰਜ਼ੀ ਚਾਹੁੰਦੇ ਹਨ ਪਰ ਸਿੱਧੂ ਅਤੇ ਟੀਮ ਵਿਚ ਸ਼ਾਮਿਲ ਸੀਨੀਅਰ ਮੈਂਬਰ ਆਪਣਾ ਦਾਅਵਾ ਕਮਜ਼ੋਰ ਨਹੀਂ ਕਰਨਾ ਚਾਹੁੰਦੇ। ਸਿੱਧੂ ਚਾਹੇ ਮੌਜ਼ੂਦਾ ਸਰਕਾਰ ਦਾ ਹਿੱਸਾ ਨਹੀਂ ਹਨ, ਪਰ ਆਪਣੇ ਕਰੀਬੀ ਮੰਤਰੀਆਂ ਰਾਜਾ ਵੜਿੰਗ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਕੋਟਲੀ ਅਤੇ ਪਰਗਟ ਸਿੰਘ ਆਦਿ ਲਈ ਵਧੀਆ ਮਹਿਕਮਿਆਂ ਦੀ ਜ਼ਿੰਮੇਵਾਰੀ ਚਾਹੁੰਦੇ ਹਨ। ਨਵੇਂ ਮੰਤਰੀਆਂ ਨੂੰ ਝੰਡੀ ਵਾਲੀ ਕਾਰ ਅਤੇ ਸਿਕਿਓਰਿਟੀ ਐਤਵਾਰ ਨੂੰ ਹੀ ਮਿਲ ਗਈ ਸੀ, ਪੰਜਾਬ ਸਿਵਲ ਸਕੱਤਰੇਤ ਵਿਚ ਦਫਤਰ ਅਲਾਟ ਕਰਨ ਦੇ ਨਾਲ ਹੀ ਸਹਿ ਸਟਾਫ ਵੀ ਮਿਲ ਗਿਆ ਪਰ ਹਾਲੇ ਵੀ ਮੰਤਰੀ ਆਪਣੇ ਵਿਭਾਗਾਂ ਨੂੰ ਲੈ ਕੇ ਦੁਚਿੱਤੀ ਵਿਚ ਉਲਝੇ ਹਨ। ਹੁਣ ਮੰਤਰੀਆਂ ਨੂੰ ਵਿਭਾਗਾਂ ਦੀ ਅਲਾਟਮੈਂਟ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ ਕਿ ਕਿਸ ਗੁਟ ਨੂੰ ਤਵੱਜੋ ਮਿਲੀ ਅਤੇ ਕਿਹੜਾ ਧੜਾ ਬਾਜ਼ੀ ਹਾਰ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਸਾਰੇ ਮੰਤਰੀਆਂ ਵਿਚ ਵਿਭਾਗਾਂ ਦੀ ਵੰਡ ਹੋ ਜਾਵੇਗੀ।

ਮੰਤਰੀਆਂ ਦੇ ਵਿਭਾਗਾਂ ਨੂੰ ਲੈ ਕੇ ਅੰਦਰ ਖਾਤੇ ਕਾਫ਼ੀ ਜੱਦੋ-ਜਹਿਦ ਚੱਲ ਰਹੀ ਹੈ। ਕੈਪਟਨ ਅਮਰਿੰਦਰ ਦੀ ਸਰਕਾਰ ਦੇ ਜੋ ਮੰਤਰੀ ਚੰਨੀ ਨੇ ਆਪਣੀ ਕੈਬਨਿਟ ਵਿਚ ਸ਼ਾਮਿਲ ਕੀਤੇ ਹਨ, ਉਹ ਵਿਭਾਗ ਨਹੀਂ ਛੱਡਣਾ ਚਾਹੁੰਦੇ। ਰੱਸਾਕਸ਼ੀ ਇਨ੍ਹਾਂ ਦੇ ਹੀ ਵਿਭਾਗਾਂ ਨੂੰ ਲੈ ਕੇ ਜ਼ਿਆਦਾ ਹੈ। ਦੂਜੇ ਪਾਸੇ ਨਵੇਂ ਮੰਤਰੀ ਵੀ ਆਪਣੇ-ਆਪਣੇ ਆਕਾਵਾਂ ਦੇ ਜ਼ਰੀਏ ਵਦੀਆ ਮਹਿਕਮੇ ਨੂੰ ਲੈ ਕੇ ਮਜ਼ਬੂਤ ਯਤਨ ਕਰਨ ਵਿਚ ਭੁਲ ਨਹੀਂ ਕਰ ਰਹੇ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗ੍ਰਹਿ ਵਿਭਾਗ ਨੂੰ ਲੈ ਕੇ ਫਸੇ ਹੋਏ ਹਨ, ਜਦਕਿ ਸਿੱਧੂ ਉਨ੍ਹਾਂ ਨੂੰ ਇਹ ਬੇਹੱਦ ਅਹਿਮ ਵਿਭਾਗ ਦੇਣ ਵਿਚ ਅੜਿੱਕਾ ਪਾ ਰਹੇ ਹਨ। ਇਸਤੋਂ ਇਲਾਵਾ ਸਿੱਧੂ ਆਪਣੇ ਖਾਸਮ-ਖਾਸ ਪਰਗਟ ਸਿੰਘ ਨੂੰ ਵਿਜੀਲੈਂਸ ਵਿਭਾਗ ਦੇਣ ਲਈ ਦਬਾਅ ਬਣਾ ਰਹੇ ਹਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਿਚ ਆਨਾਕਾਨੀ ਕਰ ਰਹੇ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਦੇ ਤੇਵਰ ਚਾਹੇ ਬਦਲ ਗਏ ਹਨ ਪਰ ਨਾਲ ਹੀ ਉਹ ਆਮ ਆਦਮੀ ਨਾਲ ਜੁੜੇ ਹੋਣ ਦੀ ਆਪਣੇ ਅਕਸ ਨੂੰ ਵੀ ਬਰਕਰਾਰ ਰੱਖਣ ਵਿਚ ਕਾਮਯਾਬ ਰਹੇ ਹਨ। ਸਿੱਧੂ ਵਲੋਂ ਬੀਤੇ ਦਿਨੀਂ ਕੁਝ ਮੌਕਿਆਂ ‘ਤੇ ਉਨ੍ਹਾਂ ਦਾ ਹੱਥ ਫੜ ਕੇ ਚੱਲਣ ਅਤੇ ਪਿੱਠ ਥਪਥਪਾਉਣ ਤੋਂ ਇਹੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸਿੱਧੂ ਉਨ੍ਹਾਂ ਤੋਂ ਸੀਨੀਅਰ ਹਨ ਪਰ ਚੰਨੀ ਸਮਾਂ ਰਹਿੰਦੇ ਇਸ ਸੰਦੇਸ਼ ਨੂੰ ਸਮਝ ਗਏ ਅਤੇ ਹੁਣ ਆਜ਼ਾਦ ਤੌਰ ‘ਤੇ ਕੰਮ ਕਰਨ ਦੀ ਪੁਰਜ਼ੋਰ ਕੋਸ਼ਿਸ਼ ਵਿਚ ਹਨ।

ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੂਜੀ ਵਾਰ ਕੈਬਨਿਟ ਮੀਟਿੰਗ ਕੀਤੀ। ਦੋ ਘੰਟੇ ਤੋਂ ਵੱਧ ਸਮੇਂ ਤਕ ਚੱਲੀ ਫੁੱਲ ਹਾਊਸ ਕੈਬਨਿਟ ਮੀਟਿੰਗ ’ਚ ਫ਼ੈਸਲਾ ਕੋਈ ਨਹੀਂ ਹੋ ਸਕਿਆ। ਮੀਟਿੰਗ ਵਿਚ ਜਿੱਥੇ ਕਿਸਾਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਨੂੰ ਸਮਰਥਨ ਦਿੱਤਾ ਗਿਆ, ਉਥੇ ਮੰਤਰੀਆਂ ਨੇ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਰਸਮੀ ਗੱਲਬਾਤ ਕੀਤੀ ਅਤੇ ਦੁਪਹਿਰ ਦਾ ਭੋਜਨ ਵੀ ਸਕੱਤਰੇਤ ’ਚ ਹੀ ਕੀਤਾ। 15 ਵਿਧਾਇਕਾਂ ਵੱਲੋਂ ਐਤਵਾਰ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਫੁੱਲ ਸਟ੍ਰੈਂਥ ਹੋ ਗਈ ਹੈ। ਸੋਮਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਦੂਸਰੀ ਕੈਬਨਿਟ ਮੀਟਿੰਗ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਮੀਟਿੰਗ ’ਚ ਸਰਕਾਰ ਕੋਈ ਵੱਡਾ ਫ਼ੈਸਲਾ ਲਵੇਗੀ। ਮੀਟਿੰਗ ਵੀ ਲਗਪਗ ਦੋ ਘੰਟੇ ਤੋਂ ਵੱਧ ਚੱਲੀ ਪਰ ਬਾਅਦ ’ਚ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਅੱਜ ਦੀ ਕੈਬਨਿਟ ਮੀਟਿੰਗ ਵਿਚ ਕੋਈ ਏਜੰਡਾ ਨਹੀਂ ਸੀ। ਕੇਵਲ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਕਾਲ ਨੂੰ ਹੀ ਸਮਰਥਨ ਦਿੱਤਾ ਗਿਆ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ। ਜਦੋਂ ਮੰਤਰੀ ਤੋਂ ਪੁੱਛਿਆ ਗਿਆ ਕਿ ਮੀਟਿੰਗ ਤਾਂ ਲੰਬੀ ਚੱਲੀ ਪਰ ਫ਼ੈਸਲਾ ਕੋਈ ਨਹੀਂ ਹੋਇਆ, ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅੱਜ ਏਜੰਡਾ ਕੋਈ ਨਹੀਂ ਸੀ। ਚੰਨੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਹਰੇਕ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਹੋਇਆ ਕਰੇਗੀ। ਕਿਉਂਕਿ ਅੱਜ ਸੋਮਵਾਰ ਨੂੰ ਕੈਬਨਿਟ ਮੀਟਿੰਗ ਹੋ ਗਈ, ਇਸ ਲਈ ਹੁਣ ਅਗਲੀ ਕੈਬਨਿਟ ਮੀਟਿੰਗ ਇਕ ਅਕਤੂਬਰ ਨੂੰ ਰੱਖੀ ਗਈ ਹੈ। ਇਸ ਮੀਟਿੰਗ ਵਿਚ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ ਤਾਂ ਕਿ 2 ਅਕਤੂਬਰ ਨੂੰ ਗਾਂਧੀ ਜਯੰਤੀ ਮੌਕੇ ਇਸ ਦਾ ਐਲਾਨ ਕੀਤਾ ਜਾ ਸਕੇ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor