ArticlesPunjab

ਕੀ ਸੰਕੇਤ ਦੇ ਗਏ ਪੰਜਾਬ ਦੇ ਨਿਗਮ, ਕੌਂਸਲ ਤੇ ਪੰਚਾਇਤੀ ਚੋਣ ਨਤੀਜੇ?

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ, 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ  ਨੇ ਸਾਰੀਆਂ ਪਾਰਟੀਆਂ ਨੂੰ ਪਛਾੜਦਿਆਂ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵੱਖ-ਵੱਖ ਪਾਰਟੀਆਂ ਨੂੰ ਮਿਲੀਆਂ ਸੀਟਾਂ ਦਾ ਵੇਰਵਾ ਇਸ ਪ੍ਰਕਾਰ ਹੈ:

  • ਆਮ ਆਦਮੀ ਪਾਰਟੀ – 958
  • ਕਾਂਗਰਸ – 397
  • ਆਜ਼ਾਦ – 251
  • ਸ਼੍ਰੋਮਣੀ ਅਕਾਲੀ ਦਲ – 191
  • ਭਾਰਤੀ ਜਨਤਾ ਪਾਰਟੀ – 172
  • ਬਹੁਜਨ ਸਮਾਜ ਪਾਰਟੀ – 7
  • ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) – 6

ਪੰਜਾਬ ਦੀਆਂ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ 1,897 ਵਾਰਡਾਂ ਵਿੱਚੋਂ ਆਪ’ ਨੇ 958 ਵਾਰਡਾਂ (48.45%) ਵਿੱਚ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਗਰ ਨਿਗਮਾਂ ਤੇ ਨਗਰ ਕੌਂਸਲਾਂ/ਨਗਰ ਪੰਚਾਇਤ ਚੋਣਾਂ ‘ਚ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਬਹੁਕੋਣੇ ਮੁਕਾਬਲੇ ‘ਚ ‘ਆਪ’ ਨੇ ਵਿਰੋਧੀ ਧਿਰਾਂ ਨੂੰ ਬੁਰੀ ਤਰ੍ਹਾਂ ਪਛਾੜਿਆ ਹੈ। ਆਗਾਮੀ ਪੰਜਾਬ ਅਸੈਂਬਲੀ ਚੋਣਾਂ ਤੋਂ ਪਹਿਲਾਂ ਸਥਾਨਕ ਚੋਣਾਂ ਨੂੰ ਫ਼ਤਹਿ ਕਰ ਕੇ ‘ਆਪ’ ਨੇ ਸ਼ਹਿਰੀ ਵੋਟਰਾਂ ਦੇ ਸਰਕਾਰ ‘ਤੇ ਭਰੋਸੇ ਦਾ ਸੁਨੇਹਾ ਦਿੱਤਾ ਹੈ। ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਨਗਰ ਨਿਗਮਾਂ ਅਤੇ ਕੌਂਸਲ/ਪੰਚਾਇਤ ਚੋਣਾਂ ਵਿੱਚ ਪਾਰਟੀ ਦੀ ਵੱਡੀ ਜਿੱਤ ਮਗਰੋਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਚੰਗੇ ਸ਼ਾਸਨ ਦੀ ਕਦਰ ਕਰਦੇ ਹਨ ਅਤੇ ‘ਆਪ’ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ। ਪੰਜਾਬੀਆਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਿਆਸਤ ਅਤੇ ਮੁੱਖ-ਮੰਤਰੀ ਪੰਜਾਬ ਭਗਵੰਤ ਮਾਨ ਦੇ ਪਿਛਲੇ ਚਾਰ ਸਾਲ ਦੇ ਕੰਮਾਂ ਉੱਤੇ ਮੋਹਰ ਲਾਈ ਹੈ।

ਕਾਂਗਰਸ ਪਾਰਟੀ 397 ਸੀਟਾਂ ਨਾਲ ਦੂਜੇ ਨੰਬਰ ‘ਤੇ ਰਹੀ, ਜੋ ਕਿ ‘ਆਪ’ ਦੇ ਮੁਕਾਬਲੇ ਬਹੁਤ ਪਿੱਛੇ ਹੈ। ਕਾਂਗਰਸ 397 ਵਾਰਡਾਂ (20.08%) ਵਿੱਚ ਜਿੱਤ ਪ੍ਰਾਪਤ ਕਰਕੇ ਦੂਸਰੇ ਸਥਾਨ ‘ਤੇ ਰਹੀ ਹੈ। ਕਾਂਗਰਸ ਪਾਰਟੀ 30 ਸ਼ਹਿਰਾਂ ਤੇ ਕਸਬਿਆਂ ‘ਚ ਖਾਤਾ ਖੋਲ੍ਹਣ ‘ਚ ਨਾਕਾਮ ਰਹੀ ਹੈ। ਕਾਂਗਰਸ ਕਪੂਰਥਲਾ ਨਿਗਮ ਤੋਂ ਇਲਾਵਾ ਰਾਏਕੋਟ ਨਗਰ ਕੌਂਸਲ ‘ਤੇ ਕਾਬਜ਼ ਹੋਣ ‘ਚ ਸਫਲ ਹੋਈ ਹੈ। ਪਠਾਨਕੋਟ ਨਿਗਮ ‘ਚ ਕਾਂਗਰਸ ਨੇ 15 ਅਤੇ ਮੁਹਾਲੀ ਨਿਗਮ ‘ਚ 12 ਸੀਟਾਂ ਹਾਸਲ ਕੀਤੀਆਂ ਹਨ। ਚੋਣ ਨਤੀਜਿਆਂ ਅਨੁਸਾਰ ਸਾਬਕਾ ਮੁੱਖ-ਮੰਤਰੀ ਚਰਨਜੀਤ ਚੰਨੀ ਆਪਣੇ ਹਲਕੇ ਚਮਕੌਰ ਸਾਹਿਬ ਅਤੇ ਮੋਰਿੰਡਾ ਕੌਂਸਲ ‘ਚ ਕਾਂਗਰਸ ਦੀ ਸਾਖ਼ ਬਚਾਉਣ ‘ਚ ਕਾਮਯਾਬ ਰਹੇ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਨਿਗਮ ਦੀ ਜਿੱਤ ਕਾਂਗਰਸ ਦੀ ਝੋਲੀ ਪਾਈ ਜਦੋਂ ਕਿ ਉਨ੍ਹਾਂ ਦੇ ਪੁੱਤਰ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਦੀ ਕੌਂਸਲ ‘ਤੇ ਆਪਣੇ ਧੜੇ ਨੂੰ ਕਾਬਜ਼ ਕਰਨ ‘ਚ ਕਾਮਯਾਬ ਰਹੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਮਿਉਂਸਿਪਲ ਚੋਣਾਂ ਦੇ ਨਤੀਜੇ ਪੰਜਾਬ ਦੀ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਚੋਣਾਂ ਦੌਰਾਨ ਹਾਕਮ ਆਮ ਆਦਮੀ ਪਾਰਟੀ ਉੱਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼ ਲਾਏ ਹਨ।

ਇਸ ਵਾਰ ਦੀਆਂ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ। ਸਮੁੱਚੇ 251 ਸੀਟਾਂ (12.69%)’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜਿਸ ਨਾਲ ਉਹ ਤੀਜੀ ਸਭ ਤੋਂ ਵੱਡੀ ਤਾਕਤ ਵਜੋਂ ਉੱਭਰੇ ਹਨ। ਕਈ ਦਰਜਨਾਂ ਸ਼ਹਿਰਾਂ ‘ਚ ਵੋਟਰਾਂ ਨੇ ਕਿਸੇ ਵੀ ਸਿਆਸੀ ਪਾਰਟੀ ਨੂੰ ਤਰਜੀਹ ਨਹੀਂ ਦਿੱਤੀ ਅਤੇ ਕਈ ਸ਼ਹਿਰਾਂ ‘ਚ ਪ੍ਰਧਾਨਗੀ ਦੀ ਡੋਰ ਹੁਣ ਆਜ਼ਾਦ ਉਮੀਦਵਾਰਾਂ ਦੇ ਹੱਥ ਵਿੱਚ ਰਹੇਗੀ।

ਸ਼੍ਰੋਮਣੀ ਅਕਾਲੀ ਦਲ ਨੇ 192 ਸੀਟਾਂ 192 ਵਾਰਡਾਂ (9.71%) ਵਿੱਚ ਜਿੱਤ ਹਾਸਲ ਕੀਤੀ ਹੈ। ਮਾਝੇ ‘ਚੋਂ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ਼ 15 ਸੀਟਾਂ ਜਿੱਤੀਆਂ ਹਨ ਜਦੋਂ ਕਿ ਦੁਆਬੇ ‘ਚੋਂ ਕੁੱਲ 10 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਅਤੇ ਪਠਾਨਕੋਟ ‘ਚ ਖਾਤਾ ਵੀ ਨਹੀਂ ਖੋਲ੍ਹ ਸਕਿਆ। ਅਕਾਲੀ ਦਲ 102 ਸ਼ਹਿਰਾਂ ਤੇ ਕਸਬਿਆਂ ‘ਚੋਂ ਸਿਰਫ਼ 59 ਸ਼ਹਿਰਾਂ ਅਤੇ ਕਸਬਿਆਂ ‘ਚ ਹੀ ਖਾਤਾ ਖੋਲ੍ਹ ਸਕਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਹਕੂਮਤ ਸਮੇਂ ਫਰਵਰੀ 2015 ‘ਚ ਜਦੋਂ ਨਗਰ ਨਿਗਮਾਂ ਤੇ ਕੌਂਸਲਾਂ ਦੀਆਂ ਚੋਣਾਂ ਹੋਈਆਂ ਸਨ ਤਾਂ ਉਸ ਵਕਤ ਗੱਠਜੋੜ ਨੇ 1420 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ। ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਦਸੰਬਰ 2024 ‘ਚ ਪੰਜ ਨਿਗਮਾਂ ਅਤੇ 41 ਕੌਂਸਲਾਂ ਦੀਆਂ ਚੋਣਾਂ ਹੋਈਆਂ ਸਨ ਤਾਂ ਉਨ੍ਹਾਂ ਚੋਣਾਂ ‘ਚ ਕੁੱਲ 28 ਸੀਟਾਂ ਹੀ ਜਿੱਤੀਆਂ ਸਨ। ਸ਼੍ਰੋਮਣੀ ਅਕਾਲੀ ਦਲ ਨੇ ਦਸੰਬਰ 2024 ਦੀਆਂ ਚੋਣਾਂ ਦੇ ਮੁਕਾਬਲੇ ਤਾਂ ਥੋੜ੍ਹਾ ਸੁਧਾਰ ਕੀਤਾ ਹੈ ਪ੍ਰੰਤੂ ਇਹ ਕਾਰਗੁਜ਼ਾਰੀ ‘ਪੰਜਾਬ ਮਿਸ਼ਨ’ ਫ਼ਤਿਹ ਕਰਨ ਲਈ ਕਾਫ਼ੀ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ‘ਤੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ਅਤੇ ਸ਼ਰ੍ਹੇਆਮ ਗੁੰਡਾਗਰਦੀ ਕਰਨ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਚੋਣਾਂ ਵਿੱਚ ਦੱਸ ਦਿੱਤਾ ਹੈ ਕਿ ਉਹ ਕਿਸ ‘ਤੇ ਭਰੋਸਾ ਕਰਦੇ ਹਨ।

ਪੰਜਾਬ ਦੀਆਂ ਤਾਜ਼ਾਂ ਸਥਾਨਕ ਚੋਣਾਂ ਦੇ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦਾ ਸੂਬੇ ਦੇ ਵਿੱਚ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਅਤੇ ਪਾਰਟੀ ਦੀ ਆਪਣੇ ਆਧਾਰ ਵਾਲੇ ਸ਼ਹਿਰੀ ਖੇਤਰਾਂ ‘ਚ ਵੀ ਕਾਰਗੁਜ਼ਾਰੀ ਵਧੀਆ ਨਹੀਂ ਰਹੀ। ਭਾਜਪਾ ਨੂੰ 172 ਸੀਟਾਂ (8.70%) ਮਿਲੀਆਂ ਹਨ ਜਦੋਂ ਕਿ ਭਾਜਪਾ ਨੇ 1316 ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਸਨ। ਭਾਜਪਾ ਪੰਜਾਬ ‘ਚ ਇਕੱਲਿਆਂ ਚੋਣ ਜਿੱਤ ਸਕਣ ਦੇ ਸਮਰੱਥ ਨਹੀਂ ਹੈ ਕਿਉਂਕਿ ਉਸ ਕੋਲ ਜ਼ਮੀਨੀ ਪੱਧਰ ਦਾ ਢਾਂਚਾ ਅਤੇ ਕਾਡਰ ਨਹੀਂ ਹੈ। ਭਾਜਪਾ ਪਿੰਡਾਂ ‘ਚ ਪਹੁੰਚ ਲਈ ਹਮੇæਸ਼ਾਂ ਅਕਾਲੀ ਦਲ ‘ਤੇ ਨਿਰਭਰ ਰਹੀ ਹੈ ਅਤੇ ਉਹ ਪੰਜਾਬ ‘ਚ ਆਪਣਾ ਸਿਆਸੀ ਢਾਂਚਾ ਕਾਇਮ ਕਰਨ ‘ਚ ਨਾਕਾਮ ਰਹੀ ਹੈ। 102 ਸ਼ਹਿਰਾਂ ਤੇ ਕਸਬਿਆਂ ਦੀ ਹੋਈ ਚੋਣ ‘ਚ ਭਾਜਪਾ ਸਿਰਫ਼ 40 ਸ਼ਹਿਰਾਂ ਤੇ ਕਸਬਿਆਂ ‘ਚ ਆਪਣਾ ਖਾਤਾ ਖੋਲ੍ਹ ਸਕੀ ਹੈ ਜਦੋਂ ਕਿ 62 ਸ਼ਹਿਰਾਂ ਤੇ ਕਸਬਿਆਂ ‘ਚ ਭਾਜਪਾ ਦੇ ਹੱਥ ਨਮੋਸ਼ੀ ਹੀ ਲੱਗੀ ਹੈ।

ਬਹੁਜਨ ਸਮਾਜ ਪਾਰਟੀ ਇਨ੍ਹਾਂ ਚੋਣਾਂ ਵਿੱਚ ਸਿਰਫ 7 ਸੀਟਾਂ (0.35%) ‘ਤੇ ਹੀ ਸਿਮਟ ਕੇ ਰਹਿ ਗਈ ਹੈ। ਅਮਰਗੜ੍ਹ ਕੌਂਸਲ ‘ਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਛੇ ਸੀਟਾਂ ਨਾਲ ਕਾਬਜ਼ ਹੋਇਆ ਹੈ।

ਇਹਨਾਂ ਚੋਣਾਂ ਦੀ ਦਿਲਚਸਪ ਗੱਲ ਇਹ ਹੈ ਕਿ 225 ਅਜਿਹੇ ਉਮੀਦਵਾਰ ਅੱਜ ਚੋਣ ਜਿੱਤੇ ਹਨ ਜਿਨ੍ਹਾਂ ਦੀ ਜਿੱਤ ਦਾ ਫ਼ਰਕ ਸਿਰਫ਼ 1 ਤੋਂ 30 ਵੋਟਾਂ ਤੱਕ ਦਾ ਰਿਹਾ ਹੈ। ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ‘ਚ ਕਈ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਮੀਦਵਾਰ ਅਜਿਹੇ ਹਨ ਜੋ ਹਾਰਦੇ-ਹਾਰਦੇ ਹੀ ਅਖੀਰ ‘ਚ ਜਿੱਤ ਗਏ। ਅਜਿਹੇ ਉਮੀਦਵਾਰਾਂ ਦੀ ਜਿੱਤ ਦਾ ਫ਼ਰਕ ਮਹਿਜ਼ 1 ਤੋਂ 30 ਵੋਟਾਂ ਦੇ ਵਿਚਕਾਰ ਰਿਹਾ ਹੈ। ਬਹੁਤੇ ਤਾਂ ਸਿਰਫ਼ ਇੱਕ ਵੋਟ ਦੇ ਫ਼ਰਕ ਨਾਲ ਹੀ ਚੋਣ ਜਿੱਤੇ ਹਨ। ਪੰਜਾਬ ‘ਚ ਕਰੀਬ 64 ਉਮੀਦਵਾਰਾਂ ਦੀ ਜਿੱਤ ਦਾ ਫ਼ਰਕ 10 ਵੋਟਾਂ ਤੋਂ ਵੀ ਘੱਟ ਦਾ ਹੈ। ਅਰਨੀਵਾਲਾ ਦੇ ਵਾਰਡ ਨੰਬਰ ਪੰਜ ‘ਚੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵੀਰਪਾਲ ਕੌਰ ਸਿਰਫ਼ ਇੱਕ ਵੋਟ ਨਾਲ ਹੀ ਜੇਤੂ ਰਹੀ ਹੈ ਅਤੇ ਇਸੇ ਤਰ੍ਹਾਂ ਮੁਕੇਰੀਆਂ ਕੌਂਸਲ ਦੇ ਵਾਰਡ ਨੰਬਰ ਅੱਠ ਦਾ ਭਾਜਪਾ ਉਮੀਦਵਾਰ ਸੁਭਾਸ਼ ਚੰਦਰ ਵੀ ਇੱਕ ਵੋਟ ਨਾਲ ਹੀ ਜਿੱਤ ਗਿਆ। ਬੱਸੀ ਪਠਾਣਾਂ ਦੇ ਵਾਰਡ ਨੰਬਰ 10 ਤੋਂ ‘ਆਪ’ ਉਮੀਦਵਾਰ ਰਾਜ ਕੁਮਾਰ ਸਿਰਫ਼ ਦੋ ਵੋਟਾਂ ਦੇ ਫ਼ਰਕ ਨਾਲ ਹੀ ਜਿੱਤ ਦਾ ਸਿਹਰਾ ਸਜਾ ਸਕਿਆ। ਬੁਢਲਾਡਾ ਕੌਂਸਲ ਦੇ ਵਾਰਡ ਨੰਬਰ ਇੱਕ ਦਾ ਅਜ਼ਾਦ ਉਮੀਦਵਾਰ ਜਗਸੀਰ ਸਿੰਘ ਕੇਵਲ ਤਿੰਨ ਵੋਟ ਦੇ ਫ਼ਰਕ ਨਾਲ ਹੀ ਜੇਤੂ ਰਿਹਾ।

ਇਥੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ। ਚੋਣ ਪ੍ਰਕਿਰਿਆ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਸਨ। ਐਤਕੀਂ ਸ਼ਹਿਰੀ ਸੰਸਥਾਵਾਂ ਲਈ ਕੁੱਲ 22,38,241 ਵੋਟਰਾਂ ਨੇ ਆਪਣੇ ਸਿਆਸੀ ਹੱਕ ਦਾ ਇਸਤੇਮਾਲ ਕੀਤਾ ਸੀ ਜਿਨ੍ਹਾਂ ਦੀ ਪੋਲਿੰਗ ਦਰ ਕਰੀਬ 64 ਫ਼ੀਸਦੀ ਬਣਦੀ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ‘ਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਸਨ ਜਿਨ੍ਹਾਂ ਦੇ ਬਾਹਰ ਬਹੁਪਰਤੀ ਸੁਰੱਖਿਆ ਲਗਾਈ ਹੋਈ ਸੀ।

ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਬਹੁਤ ਵੱਖਰੇ ਤੇ ਅਣਕਿਆਸੇ ਹਨ। ਇਸ ਸਬੰਧੀ ਭਾਰਤ ਦੇ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹਾਲੀਆ ਬਿਆਨ ਬਹੁਤ ਅਹਿਮੀਅਤ ਰੱਖਦਾ ਹੈ ਕਿ ਪੰਜਾਬ ‘ਚ ਰੱਬ ਵੀ ਨਹੀਂ ਜਾਣਦਾ ਕਿ ਕੀ ਹੋਣ ਵਾਲਾ ਹੈ। ਅਮਿਤ ਸ਼ਾਹ ਨੇ ਕਿਹਾ ਸੀ ਕਿ, ”ਬ੍ਰਹਮਾ ਜੀ ਵੀ ਨਹੀਂ ਦੱਸ ਸਕਦੇ ਕਿ ਪੰਜਾਬ ‘ਚ ਕੀ ਹੋਣ ਵਾਲਾ ਹੈ। ਪੰਜਾਬ ਦੀ ਆਰਥਿਕ ਮੰਦਹਾਲੀ, ਖੇਤੀਬਾੜੀ ਸੰਕਟ, ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਪਾਕਿਸਤਾਨ ਨਾਲ ਲੱਗਦੀ ਸੂਬੇ ਦੀ ਸਰਹੱਦ ਕਾਰਣ ਪੰਜਾਬ ‘ਚ ਜੋ ਕੁੱਝ ਵਾਪਰ ਰਿਹਾ ਹੈ, ਉਹ ਉਸ ਦਾ ਹੱਕਦਾਰ ਨਹੀਂ ਹੈ। ਹਰ ਕਿਸੇ ਨੂੰ ਆਪਣੀ ਪਈ ਹੋਈ ਹੈ ਅਤੇ ਉਹ ਪੰਜਾਬ ਬਾਰੇ ਕੁੱਝ ਵੀ ਨਹੀਂ ਸੋਚ ਰਹੇ।”

Related posts

ਕੇਵਲ ਸਿੰਘ ਢਿੱਲੋਂ ਰਾਹੀਂ ਭਾਜਪਾ ਵਲੋਂ ਪੰਜਾਬ ਦੀ ਸੱਤਾ ਸੰਭਾਲਣ ਦੀ ਤਿਆਰੀ ?

admin

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਰਜਿਸਟਰਾਰ ਨੂੰ ਸਜ਼ਾ

admin

ਸੱਤਾ ਦੇ ਨਸ਼ੇ ਵਿੱਚ ਘੂਕ ਸੁੱਤੀ ਪੰਜਾਬ ਸਰਕਾਰ ਨੂੰ ਐਨਪੀਐਸ ਮੁਲਾਜ਼ਮਾਂ ਨੇ ਬੀਨ ਵਜਾ ਜਗਾਇਆ

admin