ਪੰਜਾਬ ਵਿੱਚ ਅੱਜ 26 ਮਈ 2026 ਨੂੰ 103 ਨਗਰ ਨਿਗਮਾਂ ਲਈ ਵੋਟਿੰਗ ਹੋਵੇਗੀ। 35 ਲੱਖ ਤੋਂ ਵੱਧ ਵੋਟਰ 7,555 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਹਨਾਂ ਵੋਟਾਂ ਦੀ 29 ਮਈ ਨੂੰ ਗਿਣਤੀ ਤੋਂ ਬਾਅਦ ਚੋਣ ਨਤੀਜੇ ਐਲਾਨੇ ਜਾਣਗੇ। ਪੰਜਾਬ ਦੀਆਂ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ, ਜਿਸ ਲਈ 32,000 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਹ ਚੋਣ ਪ੍ਰਕਿਰਿਆ 32,000 ਚੋਣ ਕਰਮਚਾਰੀਆਂ ਦੀ ਨਿਗਰਾਨੀ ਹੇਠ ਪੂਰੀ ਕੀਤੀ ਜਾਵੇਗੀ। ਅੱਜ ਕੁੱਲ 3,545,567 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ 1,833,712 ਪੁਰਸ਼, 1,711,635 ਔਰਤਾਂ ਅਤੇ 220 ਹੋਰ ਵੋਟਰ ਸ਼ਾਮਲ ਹਨ। ਪੰਜਾਬ ਸਰਕਾਰ ਨੇ 740 ਬੂਥਾਂ ਨੂੰ ਸੰਵੇਦਨਸ਼ੀਲ ਅਤੇ 274 ਨੂੰ ਅਤਿ-ਸੰਵੇਦਨਸ਼ੀਲ ਐਲਾਨਿਆ ਹੈ ਜਿਹਨਾਂ ਉਪਰ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਪੰਜਾਬ ਦੇ ਚੋਣ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਅੱਜ ਸ਼ਾਮ 5 ਵਜੇ ਤੱਕ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚਣ ਵਾਲੇ ਵੋਟਰ ਆਪਣੀ ਵੋਟ ਪਾ ਸਕਣਗੇ। ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਹੈ। ਪਾਰਟੀਆਂ ਸਟ੍ਰਾਂਗ ਰੂਮਾਂ ਦੇ ਬਾਹਰ ਨਿਗਰਾਨੀ ਕਰ ਸਕਣਗੀਆਂ। ਕੁੱਲ 3,977 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਇਹਨਾਂ ਚੋਣਾਂ ਲਈ ਹਰੇਕ ਜ਼ਿਲ੍ਹੇ ਵਿੱਚ ਆਈਏਐਸ/ਪੀਸੀਐਸ ਅਧਿਕਾਰੀ ਆਬਜ਼ਰਵਰ ਹੋਣਗੇ। ਇਹ ਸਾਰੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਜ਼ਿਲ੍ਹਾ ਮੈਜਿਸਟ੍ਰੇਟ ਦੁਆਰਾ ਕੀਤੀ ਜਾਵੇਗੀ। ਨਗਰ ਕੌਂਸਲ ਖਰੜ ਅਤੇ ਨਗਰ ਪੰਚਾਇਤ ਅਜਨਾਲਾ ਲਈ ਹੱਦਬੰਦੀ ਤੋਂ ਬਾਅਦ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।”
ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੌਰਾਸੀ ਦੀਆਂ ਨਗਰ ਕੌਂਸਲਾਂ ਲਈ ਚੋਣਾਂ 10 ਜੂਨ ਨੂੰ ਹੋਣਗੀਆਂ। ਪੰਜਾਬ ਚੋਣ ਕਮਿਸ਼ਨ ਨੇ ਇਸ ਸਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਾਮਜ਼ਦਗੀਆਂ ਵੀਰਵਾਰ 28 ਮਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ। ਆਖਰੀ ਮਿਤੀ 1 ਜੂਨ ਹੈ, ਪੜਤਾਲ 2 ਜੂਨ ਨੂੰ ਪੂਰੀ ਹੋਵੇਗੀ ਅਤੇ ਨਾਮਜ਼ਦਗੀਆਂ ਦੀ ਵਾਪਸੀ 3 ਜੂਨ ਨੂੰ ਦੁਪਹਿਰ 3 ਵਜੇ ਤੱਕ ਕੀਤੀ ਜਾ ਸਕੇਗੀ। ਵੋਟਿੰਗ 10 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਉਸੇ ਦਿਨ ਵੋਟਿੰਗ ਬੰਦ ਹੋਣ ਤੋਂ ਤੁਰੰਤ ਬਾਅਦ ਹੋਵੇਗੀ। ਇਨ੍ਹਾਂ ਖੇਤਰਾਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ।
