Punjab

ਰਾਹੁਲ ਗਾਂਧੀ ਦੀ ਪੰਜਾਬ ਫੇਰੀ: ਮੁੱਖ ਮੰਤਰੀ ਦੇ ਚਿਹਰੇ ਸਬੰਧੀ ਭੇਦ ਬਰਕਰਾਰ !

ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨਤਮਸਤਕ ਹੋਏ। ਨਤਮਸਤਕ ਹੋਣ ਸਮੇਂ ਰਾਹੁਲ ਗਾਂਧੀ ਨੇ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕੀਤੀ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ। ਰਾਹੁਲ ਗਾਂਧੀ ਨੇ ਸੁੰਦਰ ਰੁਮਾਲਾ ਭੇਟ ਕੀਤਾ। ਰਾਹੁਲ ਗਾਂਧੀ ਨੇ ਕੁਝ ਸਮਾਂ ਰਾਗੀ ਸਿੰਘਾਂ ਦੇ ਮਗਰ ਬੈਠ ਕੇ ਕੀਰਤਨ ਸਰਵਣ ਕੀਤਾ। ਉਪਰੰਤ ਰਾਹੁਲ ਗਾਂਧੀ ਅਤੇ ਕਾਂਗਰਸੀ ਉਮੀਦਵਾਰ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਲੰਗਰ ਛਕਣ ਗਏ। ਉਪਰੰਤ ਰਾਹੁਲ ਗਾਂਧੀ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਦੇ ਲਈ ਰਵਾਨਾ ਹੋਏ। ਰਾਹੁਲ ਗਾਂਧੀ ਆਪਣੇ ਕਾਫ਼ਲੇ ਸਮੇਤ ਇਤਿਹਾਸਕ ਤੇ ਪੁਰਾਤਨ ਮੰਦਰ ਸ਼੍ਰੀ ਰਾਮ ਤੀਰਥ ਵਿਖੇ ਵੀ ਪੁੱਜੇ, ਜਿੱਥੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇੱਥੋਂ ਤਕ ਕਿ ਇਤਿਹਾਸਕ ਮੰਦਰ ਦੇ ਬਾਹਰ ਬਣੀ ਹੋਈ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ। ਰਾਹੁਲ ਗਾਂਧੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਏ। ਰਾਹੁਲ ਗਾਂਧੀ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਾਰੇ ਹੀ ਐਲਾਨੇ ਗਏ ਉਮੀਦਵਾਰ ਵੀ ਮੌਜੂਦ ਸਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਮੌਜੂਦ ਸਨ।

ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਵਿਧਾਇਕ ਕੁਲਬੀਰ ਸਿੰਘ ਜੀਰਾ, ਧਰਮਵੀਰ ਅਗਨੀਹੋਤਰੀ, ਇੰਦਰਬੀਰ ਸਿੰਘ ਬੁਲਾਰੀਆਂ, ਹਰਪ੍ਰਤਾਪ ਸਿੰਘ ਅਜਨਾਲਾ, ਜਗਵਿੰਦਰ ਸਿੰਘ ਜੱਗਾ, ਲਾਡੀ ਸ਼ੇਰੋਵਾਲੀਆ, ਅਸ਼ਵਨੀ ਸੇਖੜੀ, ਸੁਨੀਲ ਦੱਤ ਅਤੇ ਹੋਰ ਆਗੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਘਰ ਆਸ਼ੀਰਵਾਦ ਲੈਣ ਲਈ ਪੁੱਜੇ ਹਨ। ਪੰਜਾਬ ਵਿੱਚ ਕਾਂਗਰਸ ਬਹੁਮਤ ਨਾਲ ਸਰਕਾਰ ਬਣਾਏਗੀ। ਜੇਕਰ ਸਾਢੇ ਚਾਰ ਸਾਲ ਬਾਅਦ ਕਾਂਗਰਸ ਵਿੱਚ ਬਗਾਵਤ ਹੁੰਦੀ ਤਾਂ ਸਾਡਾ ਅੰਕੜਾ 20-25 ਸੀਟਾਂ ਤਕ ਸਿਮਟ ਜਾਣਾ ਸੀ। ਹੁਣ ਅਸੀਂ ਬਹੁਮਤ ਵੱਲ ਵਧ ਰਹੇ ਹਾਂ।

ਪੰਜਾਬ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਮਿਸ਼ਨ ਪੰਜਾਬ ਤਹਿਤ ਪਹਿਲੀ ਵਾਰ ਕਾਂਗਰਸ ਦੇ ਦਿੱਗਜ ਨੇਤਾ ਰਾਹੁਲ ਗਾਂਧੀ ਪੰਜਾਬ ਪਹੁੰਚੇ ਹਨ। ਰਾਹੁਲ ਗਾਂਧੀ ਦਾ ਸਵੇਰੇ 9 ਵਜੇ ਏਅਰਪੋਰਟ ਪਹੁੰਚਣ ਦਾ ਪ੍ਰੋਗਰਾਮ ਸੀ, ਪਰ ਉਹ ਕਰੀਬ 12 ਵਜੇ ਪਹੁੰਚੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੇ ਗਾਂਧੀ ਦਾ ਦਿੱਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਵਾਗਤ ਕੀਤਾ। ਫੇਰ ਸਾਰੇ ਇਕੱਠੇ ਹਰਿਮੰਦਰ ਸਾਹਿਬ ਗਏ। ਉਨ੍ਹਾਂ ਦੇ ਨਾਲ ਕਾਂਗਰਸ ਦੇ 109 ਉਮੀਦਵਾਰ ਵੀ ਸਨ। ਜਦਕਿ ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਰਹਿੰਦੇ ਅੱਠ ਉਮੀਦਵਾਰਾਂ ਅੱਜ ਐਲਾਨ ਕਰਨ ਤੋਂ ਬਾਅਦ ਹੀ ਰਾਹੁਲ ਗਾਂਧੀ ਸਾਰੇ 117 ਉਮੀਦਵਾਰਾਂ ਨਾਲ ਮੱਥਾ ਟੇਕਣਗੇ। ਪਰ ਆਖਿਰੀ ਉਮਦੀਵਾਰਾਂ ਦੀ ਸੂਚੀ ਹਾਲੇ ਜਾਰੀ ਨਹੀਂ ਹੋਈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਕਾਰ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਰਹੇ ਨਾਲੋ-ਨਾਲ ਨਜ਼ਰ ਆਏ। ਰਾਹੁਲ ਗਾਂਧੀ ਕਾਂਗਰਸ ਉਮੀਦਵਾਰਾਂ ਨਾਲ ਹਰਿਮੰਦਿਰ ਸਾਹਿਬ ਨਤਮਸਤਕ ਹੋਏ ਅਤੇ ਇਕੱਠੇ ਲੰਗਰ ਵੀ ਛਕਿਆ। ਉਨ੍ਹਾਂ ਦੀ ਆਮਦ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਲੋਕਾਂ ਨੂੰ ਮੀਡੀਆ ਕਰਮੀਆਂ ਦੇ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਹੈ।

ਰਾਹੁਲ ਗਾਂਧੀ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦਰਮਿਆਨ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਨੇ ਗੁਰੂ ਘਰ ਦੀ ਮਰਿਆਦਾ ਦਾ ਵੀ ਧਿਆਨ ਨਹੀਂ ਰੱਖਿਆ ਗਿਆ। ਜਿੱਥੇ ਪੁਲਿਸ ਬਲ ਵੱਲੋਂ ਹਰਿਮੰਦਰ ਸਾਹਿਬ ਦੇ ਘੰਟਾ ਘਰ ਗੇਟ ਦੇ ਅੱਗੇ ਵੱਡੀ ਗਿਣਤੀ ’ਚ ਖੜ੍ਹੇ ਕੇ ਸੰਗਤਾਂ ਦਾ ਰਸਤਾ ਰੋਕਿਆ ਗਿਆ, ਉਥੇ ਹੀ ਪੁਲਿਸ ਵੱਲੋਂ ਵਰਦੀਆਂ ਸਮੇਤ ਘੇਰਾਬੰਦੀ ਵੀ ਕੀਤੀ ਗਈ। ਇਸ ਤੋਂ ਇਲਾਵਾ ਜਿੱਥੋਂ ਸੰਗਤ ਪੈਰ ਧੋ ਕੇ ਦਰਸ਼ਨਾਂ ਲਈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ’ਚ ਜਾਂਦੀ ਹੈ, ਪੈਰ ਧੋਣ ਵਾਲੀ ਥਾਂ ਤੋਂ ਅਗਾਂਹ ਘੰਟਾ ਘਰ ਡਿਓਢੀ ਵਿਚ ਵਰਦੀਧਾਰੀ ਪੁਲਿਸ ਜੁੱਤੀਆਂ ਪਹਿਨ ਕੇ ਅੱਗੇ ਜਾ ਕੇ ਨਾਕਾ ਲਾਉਂਦੀ ਦਿਖਾਈ ਦਿੱਤੀ। ਸੰਗਤਾਂ ਦੇ ਰੋਹ ਅਤੇ ਇਤਰਾਜ਼ ਤੋਂ ਬਾਅਦ ਦਰਬਾਰ ਸਾਹਿਬ ਪ੍ਰਬੰਧਕਾਂ ਨੇ ਪੁਲਿਸ ਨੂੰ ਉਥੋਂ ਹਟਣ ਲਈ ਕਿਹਾ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀਆੲਪੀ ਦੇ ਦਰਸ਼ਨ ਸਮੇਂ ਪੁਲਿਸ ਨੇ ਇਸ ਤਰ੍ਹਾਂ ਮਰਿਆਦਾ ਦੀ ਉਲੰਘਣਾ ਕੀਤੀ ਹੋਵੇ। ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ ਨੇ ਕਿਹਾ ਕਿ ਜਿਉਂ ਹੀ ਪੁਲਿਸ ਵੱਲੋਂ ਘੰਟਾ ਘਰ ਗੇਟ ਅੱਗੇ ਸੰਗਤ ਨੂੰ ਰੋਕਿਆ ਜਾ ਰਿਹਾ ਹੈ ਅਤੇ ਪੁਲਿਸ ਵਾਲੇ ਜੋੜੇ ਪਾ ਕੇ ਪੈਰ ਧੋਣ ਵਾਲੀ ਥਾਂ ਤੋਂ ਅੱਗੇ ਆਏ ਹਨ ਤਾਂ ਤੁਰੰਤ ਉਨ੍ਹਾਂ ਨੇ ਆਪਣੇ ਸੇਵਾਦਾਰਾਂ ਤੇ ਹੋਰ ਅਧਿਕਾਰੀਆਂ ਨੂੰ ਕਹਿ ਕੇ ਪੁਲਿਸ ਨੂੰ ਉੱਥੋਂ ਹਟਵਾਇਆ ਤੇ ਸੰਗਤ ਲਈ ਰਾਹ ਖੋਲ੍ਹਿਆ ਗਿਆ।

ਕਾਂਗਰਸ ਵਿੱਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸੀ.ਐੱਮ. ਉਮੀਦਵਾਰ ਦੀਦੌੜ ਵਿੱਚ ਸ਼ਾਮਲ ਹਨ। ਆਪਣੀ ਪੰਜਾਬ ਫ਼ੇਰੀ ਦੌਰਾਨ ਵੀ ਰਾਹੁਲ ਗਾਂਧੀ ਨੇ ਇਸ ਬਾਰੇ ਗੱਲ ਕੀਤੀ। ਇਸ ਪਿੱਛੋਂ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵਿੱਚੋਂ ਸਾਰਿਆਂ ਦੀ ਪਸੰਦ ਦਾ ਇੱਕ ਨਾਂ ਜਲਦ ਹੀ ਸਾਰਿਆਂ ਦੇ ਸਾਹਮਣੇ ਰੱਖਣਗੇ। ਰਾਹੁਲ ਗਾਂਧੀ ਨੇ ਟਵੀਟ ਕਰਕੇ ਸੀ.ਐੱਮ. ਚੰਨੀ ਤੇ ਨਵਜੋਤ ਸਿੱਧੂ ਨੂੰ ਕਿਹਾ ਕਿ “ਪੰਜਾਬ ਦੀ ਜਨਤਾ ਤੇ ਕਾਂਗਰਸ ਵਰਕਰ ਜਾਣਨਾ ਚਾਹੁੰਦੇ ਹਨ ਕਿ ਅਸੀਂ ਮੁੱਖ ਮੰਤਰੀ ਉਮੀਦਵਾਰ ਦੇ ਨਾਂ ਦਾ ਐਲਾਨ ਕਰੀਏ। ਉਨ੍ਹਾਂ ਕਿਹਾ ਕਿ ਮੇਰਾ ਵਾਅਦਾ ਹੈ ਕਿ ਜਲਦ ਹੀ ਤੁਹਾਡੇ ਸਾਰਿਆਂ ਦੀ ਪਸੰਦ ਦਾ ਇੱਕ ਨਾਂ ਤੁਹਾਡੇ ਸਾਹਮਣੇ ਰਖਿਆ ਜਾਵੇਗਾ। ਪੰਜਾਬ ਦੇ ਬਾਕੀ ਸਾਰੇ ਨੇਤਾ ਤੇ ਮੈਂ ਮਿਲ ਕੇ ਨਵੀਂ ਸਰਕਾਰ ਨੂੰ ਮਜ਼ਬੂਤ ਕਰਾਂਗੇ।”

ਇਸ ਤੋਂ ਪਹਿਲਾਂ ਜਲੰਧਰ ਵਿੱਚ ਵਰਚੁਅਲ ਰੈਲੀ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਸੀ.ਐੱਮ. ਫੇਸ ਨੂੰ ਲੈ ਕੇ ਪੁੱਛੇ ਸਵਾਲ ‘ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਸ ਬਾਰੇ ਪਾਰਟੀ ਆਗੂਆਂ ਤੇ ਵਰਕਰਾਂ ਤੋਂ ਪੁੱਛ ਕੇ ਕੋਈ ਫੈਸਲਾ ਲਿਆ ਜਾਵੇਗਾ। ਰਾਹੁਲ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਸੀਐਮ ਚਰਨਜੀਤ ਚੰਨੀ ਨੇ ਮੈਨੂੰ ਕਿਹਾ ਕਿ ਜੋ ਵੀ ਅਗਵਾਈ ਕਰੇਗਾ, ਦੂਜਾ ਉਸ ਦੀ ਪੂਰੀ ਮਦਦ ਕਰੇਗਾ। ਇਸ ਨਾਲ ਮੈਨੂੰ ਬਹੁਤ ਖੁਸ਼ੀ ਹੋਈ। ਕਾਂਗਰਸ ਦੇ ਇਸ ਐਲਾਨ ਨੂੰ ਆਮ ਆਦਮੀ ਪਾਰਟੀ ਦੇ ਸੀ.ਐੱਮ. ਚਿਹਰੇ ਲਈ ਲੋਕ ਰਾਏ ਨਾਲ ਵੀ ਜੋੜਿਆ ਜਾ ਰਿਹਾ ਹੈ। ‘ਆਪ’ ਨੇ ਵੀ ਲੋਕਾਂ ਨੂੰ ਪੁੱਛ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਦਾਅਵਾ ਕੀਤਾ ਹੈ।

Related posts

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ ਮੇਰੇ ਕੋਲ ਪਹੁੰਚਣ ‘ਤੇ ਗੰਭੀਰਤਾ ਨਾਲ ਅਧਿਐਨ ਕਰਾਂਗਾ : ਪੰਜਾਬ ਗਵਰਨਰ

admin

ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਪੰਜਾਬ ਦੀ ਭਾਗੇਦਾਰੀ ਬਰਕਰਾਰ ਰੱਖੀ ਜਾਵੇ- ਐਡਵਕੇਟ ਧਾਮੀ

admin

ਕਣਕ ਦੀ ਸਰਕਾਰੀ ਖਰੀਦ ਪੂਰੀ ਤਰ੍ਹਾਂ ਨਾ ਹੋਣ ‘ਤੇ ਕਿਸਾਨਾਂ ਵਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ

admin