ਕੈਨਬਰਾ – ਕਈ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ । ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਸਮੀਖਿਆ ਕੀਤੀ ਜਾਵੇਗੀ। ਇਹ ਜਾਂਚ ਇਸ ਦੀ ਕਾਰਗੁਜ਼ਾਰੀ, ਮਹਿੰਗਾਈ ਨੀਤੀ ਅਤੇ ਇਸ ਦੇ ਬੋਰਡ ਦੀ ਬਣਤਰ ਨੂੰ ਨਿਸ਼ਾਨਾ ਬਣਾਵੇਗੀ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਸਮੀਖਿਆ ਜਿਸ ਦਾ ਐਲਾਨ ਖਜ਼ਾਨਾ ਮੰਤਰੀ ਜਿਮ ਚੈਲਮਰਸ ਨੇ ਕੀਤਾ ਹੈ, ਇਸ ਦੇ ਸਭਿਆਚਾਰ, ਆਪਰੇਸ਼ਨ, ਸ਼ਾਸਨ ਅਤੇ ਮੁਦਰਾ ਨੀਤੀ ਦੇ ਦੂਸਰੇ ਪਹਿਲੂਆਂ ’ਤੇ ਵੀ ਵਿਚਾਰ ਕਰੇਗੀ।
ਖਜ਼ਾਨਾ ਮੰਤਰੀ ਜਿਮ ਚੈਲਮਰਸ ਨੇ ਚਿਤਾਵਨੀ ਦਿੱਤੀ ਹੈ ਕਿ ਮੌਰਟਗੇਜ਼ ਲੈਣ ਵਾਲਿਆਂ ਦੀ ਆਰਥਿਕ ਹਾਲਤ ਬਿਹਤਰ ਹੋਣ ਤੋਂ ਪਹਿਲਾਂ ਵਿਗੜ ਜਾਵੇਗੀ ਅਤੇ ਉਨ੍ਹਾਂ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੀ ਵਿਆਪਕ ਸਮੀਖਿਆ ਦੀਆਂ ਸ਼ਰਤਾਂ ਦਾ ਖੁਲਾਸਾ ਕੀਤਾ ਹੈ। ਇਸ ਸਮੀਖਿਆ ਵਿਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਰਿਜ਼ਰਵ ਬੈਂਕ ਨੇ ਮਹੀਨਾ ਦਰ ਮਹੀਨਾ ਵਿਆਜ ਦਰਾਂ ਦੇ ਵਾਧੇ ਨੂੰ ਵਾਪਸ ਲਿਆਉਣ ਤੋਂ ਪਹਿਲਾਂ ਵਿਆਜ ਦਰਾਂ ਨੂੰ ਐਮਰਜੈਂਸੀ ਪੱਧਰ ਤੱਕ ਕਿਉਂ ਘਟਾ ਦਿੱਤਾ ਸੀ। ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਮਿਸ਼ੇਲ ਬਲੌਕ ਵਲੋਂ ਇਹ ਕਹਿਣ ਕਿ ਪਰਿਵਾਰਾਂ ਨੂੰ ਵਿਆਜ ਦਰਾਂ ਵਿਚ ਵੱਡੇ ਵਾਧੇ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਨ੍ਹਾਂ ਨੇ ਲੌਕਡਾਊਨਾਂ ਦੌਰਾਨ ਮੌਰਟਗੇਜ ਪੇਮੈਂਟ ਦੀ ਅਦਾਇਗੀ ਪਹਿਲਾਂ ਕਰਨੀ ਸੀ, ਪਿੱਛੋਂ ਚੈਲਮਰਸ ਨੇ ਇਹ ਟਿੱਪਣੀਆਂ ਕੀਤੀਆਂ ਹਨ। ਚੈਲਮਰਸ ਨੇ ਕਿਹਾ ਕਿ ਇਹ ਆਸਟ੍ਰੇਲੀਆ ਵਿਚ ਮੁਦਰਾ ਨੀਤੀ ਦੇ ਵਿਆਪਕ ਰੀਵਿਊ ਪ੍ਰਤੀ ਵਚਨਬੱਧਤਾ ਦਾ ਹਿੱਸਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਕੋਲ ਭਵਿੱਖ ਵਿਚ ਵਿਸ਼ਵ ਦਾ ਸਭ ਤੋਂ ਬਿਹਤਰੀਨ ਤੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਬੈਂਕ ਹੋਵੇ।