ਕੈਨਬਰਾ – ਸਰਕਾਰ ਨੂੰ ਦਿੱਤੀ ਗਈ ਕਾਨੂੰਨੀ ਸਲਾਹ ਦੇ ਅਨੁਸਾਰ 2018 ਤੋਂ 2022 ਤੱਕ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਹੇ ਸਾਬਕਾ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਦੁਆਰਾ ਆਪਣੇ ਆਪ ਨੂੰ ਸਰੋਤ ਮੰਤਰੀ ਨਿਯੁਕਤ ਕਰਨ ਦਾ ਫੈਸਲਾ ਸੰਵਿਧਾਨਕ ਰਵਾਇਤਾਂ ਦੇ ਨਾਲ “ਅਸੰਗਤ” ਸੀ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਆਪ ਨੂੰ ਪੰਜ ਮੰਤਰਾਲਿਆਂ ਵਿੱਚ ਗੁਪਤ ਰੂਪ ਵਿੱਚ ਸਹੁੰ ਚੁੱਕਣ ਦੇ ਸਕੌਟ ਮੌਰਿਸਨ ਦੇ ਫੈਸਲੇ ਦੇ ਕਾਨੂੰਨੀ ਪ੍ਰਭਾਵਾਂ ਬਾਰੇ ਸਾਲਿਸਿਟਰ-ਜਨਰਲ ਤੋਂ ਸਲਾਹ ਨੂੰ ਜਾਰੀ ਕੀਤਾ ਹੈ। ਹਾਲਾਂਕਿ ਸਲਾਹ ਵਿੱਚ ਕਿਹਾ ਗਿਆ ਹੈ ਕਿ ਸਕੌਟ ਮੌਰਿਸਨ ਨੂੰ ਅਪ੍ਰੈਲ 2021 ਵਿੱਚ ਸਰੋਤ ਮੰਤਰੀ ਦੀ ਭੂਮਿਕਾ ਲਈ ਜਾਇਜ਼ ਤੌਰ ‘ਤੇ ਨਿਯੁਕਤ ਕੀਤਾ ਗਿਆ ਸੀ ਪਰ ਕਾਨੂੰਨੀ ਸਲਾਹ ਨੇ ਕਿਹਾ ਕਿ ਨਿਯੁਕਤੀ ਦੇ ਆਲੇ ਦੁਆਲੇ ਗੁਪਤਤਾ ਅਸਾਧਾਰਨ ਸੀ।
ਐਲਬਨੀਜ਼ ਨੇ ਕਿਹਾ ਕਿ ਸਕੌਟ ਮੌਰਿਸਨ ਗੁਪਤ ਤੌਰ ‘ਤੇ ਵਾਧੂ ਮੰਤਰੀਆਂ ਦੀਆਂ ਭੂਮਿਕਾਵਾਂ ਸੰਭਾਲਣ ਲਈ ਆਸਟ੍ਰੇਲੀਅਨ ਜਨਤਾ ਤੋਂ ਮੁਆਫੀ ਮੰਗੇ। ਇਸ ਸਬੰਧੀ ਉਚਿਤ ਸਲਾਹ ਲਈ ਜਾਵੇਗੀ ਅਤੇ ਉਸ ਸਲਾਹ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਅਜਿਹਾ ਕੁੱਝ ਦੁਬਾਰਾ ਨਾ ਹੋਵੇ ਇਹ ਯਕੀਨੀ ਬਣਾਉਣ ਲਈ ਹੋਰ ਸੁਧਾਰਾਂ ਦੀ ਲੋੜ ਹੈ। ਉਹਨਾਂ ਕਿਹਾ ਕਿ, ਮੈਂ ਅਜਿਹੀ ਸਰਕਾਰ ਚਲਾਉਣਾ ਚਾਹੁੰਦਾ ਹਾਂ ਜੋ ਸਹੀ ਸਲਾਹ ਲੈਂਦੀ ਹੈ ਅਤੇ ਇਸ ਦੇ ਅਧਾਰ ‘ਤੇ ਫੈਸਲੇ ਲੈਂਦੀ ਹੈ।
ਵਰਨਣਯੋਗ ਹੈ ਕਿ ਪਿਛਲੇ ਹਫਤੇ ਮੌਰਿਸਨ ਨੇ ਮਾਰਚ 2020 ਅਤੇ ਮਈ 2021 ਦਰਮਿਆਨ ਸਿਹਤ, ਵਿੱਤ, ਖਜ਼ਾਨਾ ਅਤੇ ਘਰੇਲੂ ਮਾਮਲਿਆਂ ਦੇ ਨਾਲ-ਨਾਲ ਉਦਯੋਗ, ਵਿਗਿਆਨ, ਊਰਜਾ ਅਤੇ ਸਰੋਤਾਂ ਦੇ ਪੋਰਟਫੋਲੀਓ ਨੂੰ ਸੰਭਾਲਿਆ ਸੀ ਜਦਕਿ ਉਹਨਾਂ ਦੇ ਸਹਿਯੋਗੀ ਅਤੇ ਆਸਟ੍ਰੇਲੀਅਨ ਲੋਕ ਅਣਜਾਣ ਸਨ ਕਿ ਪ੍ਰਧਾਨ ਮੰਤਰੀ ਨੇ ਇਹਨਾਂ ਅਹੁਦਿਆਂ ਨੂੰ ਸੰਭਾਲਿਆ ਸੀ। ਸਾਬਕਾ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਇਸ ਸਬੰਧੀ ਸਫ਼ਾਈ ਦਿੰਦਿਆਂ 17 ਅਗਸਤ ਨੂੰ ਕਿਹਾ ਸੀ ਕਿ ਉਸਨੂੰ ਗੁਪਤ ਰੂਪ ਵਿੱਚ ਵਾਧੂ ਭੂਮਿਕਾਵਾਂ ਵਿੱਚ ਸਹੁੰ ਚੁਕਾਉਣਾ ਜ਼ਰੂਰੀ ਸੀ। ਸਿਰਫ ਮੈਂ ਅਸਲ ਵਿੱਚ ਜ਼ਿੰਮੇਵਾਰੀ ਦੇ ਭਾਰ ਨੂੰ ਸਮਝ ਸਕਦਾ ਸੀ ਜੋ ਮੇਰੇ ਮੋਢਿਆਂ ‘ਤੇ ਸੀ ਅਤੇ ਕਿਸੇ ਹੋਰ ‘ਤੇ ਨਹੀਂ, ਅਤੇ ਨਤੀਜੇ ਵਜੋਂ, ਮੈਂ ਉਹ ਫੈਸਲੇ ਲਏ ਜੋ ਮੈਨੂੰ ਲੱਗਦਾ ਸੀ ਕਿ ਮੈਨੂੰ ਲੈਣ ਦੀ ਜ਼ਰੂਰਤ ਹੈ।”
