ਚੰਡੀਗੜ੍ਹ – ਪੰਜਾਬ ’ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਜ਼ੋਰ ਫੜਨ ਦੇ ਨਾਲ ਹੀ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। 34 ਸਾਲ ਪਹਿਲਾਂ ਰੋਡਰੇਜ਼ (ਸੜਕ ’ਤੇ ਹਿੰਸਾ) ਦੌਰਾਨ ਗ਼ੈਰ-ਇਰਾਦਤਨ ਹੱਤਿਆ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ 2018 ’ਚ ਸਿੱਧੂ ਨੂੰ ਸਿਰਫ਼ ਇਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਪੀੜਤ ਪੱਖ ਨੇ ਇਸ ’ਤੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਵੀਰਵਾਰ ਨੂੰ ਸੁਣਵਾਈ ਹੋਵੇਗੀ। ਉੱਥੇ, ਸਿੱਧੂ ਬੁੱਧਵਾਰ ਨੂੰ ਅਚਾਨਕ ਪ੍ਰਚਾਰ ਵਿਚਾਲੇ ਛੱਡ ਕੇ ਜੰਮੂ ਦੇ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚ ਗਏ ਤੇ ਮੱਥਾ ਟੇਕਿਆ। ਉਨ੍ਹਾਂ ਟਵੀਟ ਕਰ ਕੇ ਲਿਖਿਆ, ‘ਮਾਂ ਨੂੰ ਪ੍ਰਾਰਥਨਾ ਕੀਤੀ ਹੈ ਕਿ ਉਹ ਦੁਸ਼ਟਾਂ ਦਾ ਨਾਸ਼ ਕਰੇ, ਪੰਜਾਬ ਦੀ ਭਲਾਈ ਕਰੇ ਤੇ ਧਰਮ ਦੀ ਸਥਾਪਨਾ ਕਰੇ।’ ਬੁੱਧਵਾਰ ਨੂੰ ਸਿੱਧੂ ਦੇ ਅੰਮ੍ਰਿਤਸਰ ’ਚ ਦਸ ਥਾਵਾਂ ’ਤੇ ਪ੍ਰੋਗਰਾਮ ਸਨ।
ਜ਼ਿਕਰਯੋਗ ਹੈ ਕਿ 2006 ’ਚ ਜਦੋਂ ਹਾਈ ਕੋਰਟ ਨੇ ਸਿੱਧੂ ਨੂੰ ਤਿੰਨ ਸਾਲਾਂ ਦੀ ਸਜ਼ਾ ਸੁਣਾਈ ਸੀ, ਉਦੋਂ ਉਹ ਭਾਜਪਾ ’ਚ ਸਨ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸਨ। ਉਨ੍ਹਾਂ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਨੂੰ ਦੁਬਾਰਾ ਚੋਣ ਲੜਨੀ ਪਈ ਤੇ ਉਹ ਮੁੜ ਜਿੱਤ ਗਏ ਸਨ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ।