ਮੋਗਾ – ਅਦਾਕਾਰ ਤੇ ਵਿਸ਼ਵ ਪੱਧਰ ‘ਤੇ ਸਮਾਜ ਸੇਵੀ ਕਾਰਜਾਂ ਕਰ ਕੇ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੇ ਸੋਨੂੰ ਸੂਦ ਦੇ ਪਰਿਵਾਰ ਨੇ ਲੰਮੀ ਜੱਕੋ-ਤੱਕੀ ਮਗਰੋਂ ਆਖਿਰਕਾਰ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਮੋਗਾ ਵਿਖੇ ਉਨਾਂ ਦੇ ਘਰ ਪਹੁੰਚੇ ਸੀਐੱਮ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਮਲਵਿਕਾ ਸੂਦ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਜਿਓਂ ਹੀ ਸੂਬਾ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਚੋਣ ਕਮਿਸ਼ਨਰ ਵੱਲੋਂ ਕੀਤਾ ਗਿਆ ਤਾਂ ਐਨ ਉਸੇ ਸਮੇਂ ਸੋਸ਼ਲ ਮੀਡੀਆਂ ‘ਤੇ ਸੂਦ ਪਰਿਵਾਰ ਦੇ ਨੇੜਲੇ ਤੇ ਕਾਂਗਰਸੀ ਆਗੂਆਂ ਨੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੀਆਂ ਪੋਸਟਾਂ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਉਨਾਂ ਨੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰਦੇ ਹੋਏ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ। ਅਦਾਕਾਰ ਦੇ ਪਰਿਵਾਰ ਦੀ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਸੂਬਾਈ ਆਗੂਆਂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨਾਲ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰਨ ਸਬੰਧੀ ਗੱਲਬਾਤ ਮੁੱਕ ਗਈ ਸੀ ਪਰ ਪੰਜਾਬ ਵਿਚ ਚੋਣ ਜ਼ਾਬਤਾ ਲੱਗਣ ਦੀ ਉਡੀਕ ਕੀਤੀ ਜਾ ਰਹੀ ਸੀ। ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਨੇ ਮੋਗਾ ਵਿਖੇ ਸੋਨੂੰ ਸੂਦ ਦੇ ਪਰਿਵਾਰ ਨੂੰ ਕਾਂਗਰਸ ਵਿਚ ਸ਼ਮੂਲੀਅਤ ਕਰਵਾਉਣ ਲਈ ਪਹੁੰਚੇ। ਮਾਲਵਿਕਾ ਸੂਦ ਨੂੰ ਵਿਧਾਨ ਸਭਾ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਉਤਰਿਆ ਗਿਆ ਹੈ। ਮਲਵਿਕਾ ਸੂਦ ਨੂੰ ਪਾਰਟੀ ਜੁਆਇਨ ਕਰਵਾਉਂਦਿਆਂ ਸੀਐੱਮ ਚਰਨਜੀਤ ਚੰਨੀ ਨੇ ਕਿਹਾ ਕਿ ਮਲਵਿਕਾ ਸੂਦ ਪੜ੍ਹੀ ਲਿਖੀ ਹੈ ਅਤੇ ਮੋਗਾ ਦੀ ਧੀ ਹੋਣ ਕਰਕੇ ਪਹਿਲਾਂ ਹੀ ਲੋਕਾਂ ਦੀ ਸੇਵਾ ਕਰਦੀ ਆ ਰਹੀ ਹੈ ਤੇ ਹੁਣ ਵੀ ਕਾਂਗਰਸ ਪਾਰਟੀ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨ ਵਿੱਚ ਕੋਈ ਬਾਕੀ ਕਸਰ ਨਹੀਂ ਛੱਡੇਗੀ। ਇਸ ਮੌਕੇ ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ ਬਾਰੇ ਪੁੱਛੇ ਗਏ ਸਵਾਲ ਸਬੰਧੀ ਉਨਾਂ ਕਿਹਾ ਕਿ ਵਿਧਾਇਕ ਡਾ. ਹਰਜੋਤ ਕਮਲ ਸਾਡਾ ਭਾਈ ਹੈ ਉਸ ਨੂੰ ਉਸ ਰੁੱਸੇ ਹੋਏ ਨੂੰ ਅਸੀਂ ਆਪੇ ਮਨਾ ਲਵਾਂਗੇ। ਉਸ ਨੂੰ ਕਿਤੇ ਨਾ ਕਿਤੇ ਪਾਰਟੀ ‘ਚ ਸੈੱਟ ਕਰ ਲਿਆ ਜਾਵੇਗਾ। ਉਨਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਮੋਗੇ ਦੀ ਧੀ ਮਾਲਵਿਕਾ ਸੂਦ ਨੂੰ ਪਾਰਟੀ ‘ਚ ਕੰਮ ਕਰ ਕੇ ਸੇਵਾ ਕਰਨ ਦਾ ਮੌਕਾ ਦਿਓ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦ ਦੇਸ਼ ਅੰਦਰ ਭਿਆਨਕ ਬਿਮਾਰੀ ਕੋਰੋਨਾ ਚੱਲੀ ਹੋਈ ਸੀ ਤਾ ਸੋਨੂੰ ਸੂਦ ਨੇ ਲੋਕਾਂ ਦੀ ਰਾਹਤ ਸੇਵਾ ਕੀਤੀ ਅਤੇ ਹੁਣ ਉਨਾਂ ਦੀ ਭੈਣ ਵੀ ਉਨਾਂ ਦੇ ਪਾਏ ਹੋਏ ਪੂਰਨਿਆਂ ‘ਤੇ ਚੱਲ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਦਿਨ ਰਾਤੀਂ ਸੇਵਾ ਕਰੇਗੀ। ਇਸ ਮੌਕੇ ਮਲਵਿਕਾ ਸੂਦ ਨੇ ਸੀਐੱਮ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਇਨਾਂ ਵੱਲੋਂ ਮੈਨੂੰ ਕਾਂਗਰਸ ਪਾਰਟੀ ਦੀ ਸੇਵਾ ਸੌਂਪੀ ਹੈ ਮੈਂ ਉਸ ਨੂੰ ਪੂਰੀ ਈਮਾਨਦਾਰੀ ਨਾਲ ਨਿਭਾਵਾਂਗੀ। ਉਨਾਂ ਕਿਹਾ ਕਿ ਹਲਕਾ ਮੋਗਾ ਅੰਦਰ ਕਿਸੇ ਵੀ ਵਰਕਰ ਨੂੰ ਕਿਸੇ ਤਰਾਂ ਦੀ ਵੀ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ ਜੇ ਕੋਈ ਰਾਤ ਨੂੰ ਵੀ ਆਵਾਜ਼ ਮਾਰੇਗਾ ਤਾਂ ਉਹ ਉਨਾਂ ਦੀ ਸੇਵਾ ਵਿੱਚ ਦਿਨ ਰਾਤ ਤਿਆਰ ਰਹੇਗੀ।
ਇਸ ਮੌਕੇ ਜਿੱਥੇ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਆਉਣ ਦੀ ਵਰਕਰਾਂ ਵੱਲੋਂ ਉਡੀਕ ਕੀਤੀ ਜਾ ਰਹੀ ਸੀ ਤਾਂ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਉਨਾਂ ਤੋਂ ਪਹਿਲਾਂ ਹੀ ਮਲਵਿਕਾ ਦੇ ਘਰ ਪਹੁੰਚ ਗਏ। ਵਿਧਾਇਕ ਡਾ. ਹਰਹੋਤ ਕਮਲ ਦੇ ਕਰੀਬੀ ਮੰਨੇ ਜਾਦੇ ਕੁੱਝ ਕੌਂਸ਼ਲਰਾਂ ਨੇ ਵੀ ਮਲਵਿਕਾ ਸੂਦ ਦੇ ਘਰ ਆ ਕੇ ਹਰਜੋਤ ਕਮਲ ਨਾਲ ਲਗਦਾ ਨਾਤਾ ਤੋੜਿਆ ਦੱਸ ਰਿਹਾ ਸੀ ਕਿਉਂਕਿ ਕੁਝ ਕੌਂਸਲਰ ਮਲਵਿਕਾ ਸੂਦ ਘਰ ਦਿਖਾਈ ਦਿੱਤੇ। ਇਸ ਤੋਂ ਸਿੱਧ ਹੁੰਦਾ ਸੀ ਕਿ ਇਹ ਕੌਂਸਲਰ ਵਿਧਾਇਕ ਡਾ. ਹਰਜੋਤ ਕਮਲ ਤੋਂ ਨਾਰਾਜ਼ ਦਿਸ ਰਹੇ ਹਨ ਇਸ ਕਰਕੇ ਮਾਲਵਿਕਾ ਸੂਦ ਦੇ ਘਰ ਪਹੁੰਚੇ ਹਨ।
ਸੋਨੂੰ ਸੂਦ ਦੇ ਰਾਜਨੀਤੀ ਵਿੱਚ ਸਰਗਰਮ ਹੋਣ ਦੀਆਂ ਖ਼ਬਰਾਂ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਸਨ। ਉਹ ਮੋਗਾ ਵਿੱਚ ਕਈ ਸਮਾਜ ਸੇਵੀ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਸੀ। ਹਾਲਾਂਕਿ ਖੁਦ ਰਾਜਨੀਤੀ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਆਪਣੀ ਭੈਣ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਦੇ ਆਮ ਆਦਮੀ ਪਾਰਟੀ ਵਿੱਚ ਵੀ ਸ਼ਾਮਲ ਹੋਣ ਦੀ ਚਰਚਾ ਸੀ।