ਮੁਹਾਲੀ – ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਐੱਸ.ਟੀ.ਐੱਫ. ਵਿੰਗ ਨੇ ਕਪੂਰਥਲਾ ਵਿੱਚ ਹਾਈ ਪ੍ਰੋਫਾਈਲ ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਕੌਮਾਂਤਰੀ ਕਬੱਡੀ ਖਿਡਾਰੀ ਬਿਟ੍ਰਿਸ਼ ਸਿਟੀਜ਼ਨ ਰਣਜੀਤ ਸਿੰਘ ਉਰਫ ਜੀਤਾ ਮੌੜ ਨੂੰ ਗ੍ਰਿਫਤਾਰ ਕੀਤਾ ਹੈ। ਰੰਜੀਤ ਸਿੰਘ ਦੇ ਨਾਲ ਇਸ ਧੰਦੇ ਵਿੱਚ ਜਲੰਧਰ ਵਿੱਚ ਕਾਫ਼ੀ ਅਰਸੇ ਤੱਕ ਤਾਇਨਾਤ ਰਹੇ ਪੰਜਾਬ ਪੁਲਿਸ ਦੇ ਰਿਟਾਇਰਡ ਡੀ.ਐੱਸ.ਪੀ. ਬਿਮਲਕਾਂਤ ਤੇ ਮਨੀਸ਼ ਨਾਂ ਦੇ ਥਾਣੇਦਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਐੱਸ.ਪੀ. ਵਿਮਲਕਾਂਤ ਨੇ ਡਿਊਟੀ ਦੌਰਾਨ ਨਸ਼ੇ (ਡਰੱਗ) ਵਿਰੁੱਧ ਇਕ ਮੁਹਿੰਮ ਵੀ ਸ਼ੁਰੂ ਕੀਤੀ ਸੀ ਜਿਸ ਦੇ ਚੱਲਦੇ ਡੀ.ਐੱਸ.ਪੀ. ਨੂੰ ਡਰੱਗ ਕੰਟਰੋਲ ਲਈ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਸੀ ਪਰ ਪਰ ਹੁਣ ਇਹ ਡੀ.ਐੱਸ.ਪੀ. ਹੀ ਅੰਤਰਰਾਸ਼ਟਰੀ ਨਸ਼ਾ ਤਸਕਰੀ ‘ਚ ਫੜਿਆ ਗਿਆ ਹੈ। ਐੱਸ.ਟੀ.ਐੱਫ. ਦੀ ਟੀਮ ਨੇ ਜੀਤਾ ਮੌੜ ਨੂੰ ਕਰਨਾਲ ਤੋਂ ਕਾਬੂ ਕੀਤਾ ਹੈ।
ਸਪੈਸ਼ਲ ਟਾਸਕ ਫੋਰਸ ਦੇ ਮੁਖੀ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਹਰਪ੍ਰੀਤ ਸਿੰਘ ਗਿੱਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧ ਦੇ ਵਿੱਚ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹਨਾਂ ਵਿਰੁੱਧ ਧਾਰਾ 21, 25, 27, 27 ਏ ਅਤੇ ਨਾਰਕੋਟਿਕ ਡਰੱਗ 29 ਦੇ ਤਹਿਤ ਐਸ ਟੀ ਐਫ਼ ਪੁਲਿਸ ਸਟੇਸ਼ਨ ਮੁਹਾਲੀ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਰਣਜੀਤ ਸਿੰਘ ਉਰਫ਼ ਜੀਤਾ ਮੌੜ ਤੋਂ ਇਲਾਵਾ ਹੋਰਨਾਂ ਦੋਸ਼ੀਆਂ ਦੇ ਵਿੱਚ ਜੀਤਾ ਮੌੜ ਦੀ ਪਤਨੀ ਰਜਿੰਦਰ ਕੌਰ, ਸਾਬਕਾ ਡੀ ਐਸ ਪੀ ਬਿਮਲਕਾਂਤ, ਕੈਨੇਡਾ ਰਹਿੰਦੇ ਐਨ ਆਰ ਆਈ ਦਵਿੰਦਰ ਸਿੰਘ, ਦੋ ਐਸ ਆਈ ਮੁਨੀਸ਼ ਕੁਮਾਰ ਤੇ ਜਗਦੀਸ਼ ਸਿੰਘ, ਤਰਨਤਾਰਨ ਦੇ ਗੁਰਜੰਟ ਸਿੰਘ ਤੇ ਭੁਪਿੰਦਰ ਸਿੰਘ, ਫਗਵਾੜਾ ਦੇ ਸਿਮਰਨਜੀਤ ਸਿੰਘ, ਜਲੰਧਰ ਦੇ ਚਾਰਟਡ ਅਕਾਉਟੈਂਟ ਦਿਨੇਸ਼ ਸਰਨਾ ਤੇ ਮਨੋਜ ਸਰਨਾ ਅਤੇ ਕਪੂਰਥਲਾ ਦੇ ਅਰਨਦੀਪ ਸਿੰਘ ਸ਼ਾਮਿਲ ਹਨ।
ਐਫ਼ ਆਈ ਆਰ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੁਲਤਾਨਪੁਰ ਲੋਧੀ ਦੇ ਇੱਕ ਵਿਅਕਤੀ ਵਾਸੂ ਪਾਠਕ ਦੇ ਵਲੋਂ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਹਰਪ੍ਰੀਤ ਸਿੰਘ ਗਿੱਲ ਕੋਲ ਇਹ ਸਿ਼ਕਾਇਤ ਕੀਤੀ ਗਈ ਸੀ ਕਿ ਰਣਜੀਤ ਸਿੰਘ ਉਰਫ਼ ਜੀਤਾ ਮੌੜ ਇੱਕ ਅੰਤਰਰਾਸ਼ਟਰੀ ਡਰੱਗ ਰੈਕੇਟ ਚਲਾ ਰਿਹਾ ਹੈ। ਰਣਜੀਤ ਸਿੰਘ ਅਤੇ ਦਵਿੰਦਰ ਸਿੰਘ, ਹੈਰੋਇਨ ਦੀ ਸਮਗਲਲਿੰਗ ਦੇ ਦੋਸ਼ਾਂ ਦਾ ਸ੍ਹਾਮਣਾ ਕਰ ਰਹੇ ਤਰਨਤਾਰਨ ਦੇ ਹਵੇਲੀਆਂ ਪਿੰਡ ਦੇ ਗੁਰਜੰਟ ਸਿੰਘ ਅਤੇ 45 ਕ੍ਰਿਮੀਨਲ ਕੇਸਾਂ ਦਾ ਸ੍ਹਾਮਣਾ ਕਰ ਰਹੇ ਸੋਨੂੰ ਕੰਗਲਾ ਦੇ ਸੰਪਰਕ ਵਿੱਚ ਸਨ।
ਐਫ ਆਈ ਆਰ ਵਿੱਚ ਕਿਹਾ ਗਿਆ ਹੈ, “ਦਵਿੰਦਰ ਸਿੰਘ ਨੂੰ ਅਮਰੀਕੀ ਅਧਿਕਾਰੀਆਂ ਨੇ ਹੈਰੋਇਨ ਦੀ ਖੇਪ ਸਮੇਤ ਫੜਿਆ ਸੀ। ਰਣਜੀਤ ਨੇ ਸਾਰੇ ਤਸਕਰਾਂ ਨੂੰ ਨਸ਼ੀਲੇ ਪਦਾਰਥ ਖਰੀਦਣ ਲਈ ਵਿੱਤੀ ਸਹਾਇਤਾ ਵੀ ਦਿੱਤੀ। ਰਣਜੀਤ ਨੇ ਡਰੱਗ ਮਨੀ ਨੂੰ ਸਫੈਦ ਕਰਨ ਲਈ ਸ਼ੈੱਲ ਕੰਪਨੀਆਂ ਬਣਾਈਆਂ ਹਨ ਜਿਸ ਲਈ ਉਸਨੇ ਅਕਾਉਟੈਂਟ ਦਿਨੇਸ਼ ਸਰਨਾ ਅਤੇ ਮਨੋਜ ਸਰਨਾ ਦੀਆਂ ਸੇਵਾਵਾਂ ਲਈਆਂ। ਐਫ ਆਈ ਆਰ ਵਿੱਚ ਲਿਖਿਆ ਹੈ, “ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਣਜੀਤ, ਰਜਿੰਦਰ ਕੌਰ ਅਤੇ ਅਰਨਦੀਪ ਸਿੰਘ ਦੁਆਰਾ ਕੀਤੇ ਗਏ 27 ਕਰੋੜ ਰੁਪਏ ਦੇ ਲੈਣ-ਦੇਣ ਨਾਲ ਸਬੰਧਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਪੋਰਟ ਵੀ ਸੌਂਪੀ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਡਰੱਗ ਡੀਲ ਰਾਹੀਂ ਕਮਾਏ ਗਏ ਕਰੋੜਾਂ ਰੁਪਏ ਰੀਅਲ ਅਸਟੇਟ ਤੇ ਜ਼ਮੀਨ ਦੀ ਖਰੀਦੋ-ਫਰੋਖਤ ਵਿੱਚ ਇਨਵੈਸਟ ਕਰਦੇ ਰਹੇ ਹਨ। ਰੰਜੀਤ ਉਰਫ ਜੀਤਾ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਆਲੀਸ਼ਾਨ ਬੰਗਲੇ ਵਿੱਚ ਰਹਿੰਦਾ ਹੈ ਤੇ ਉਸ ਦੇ ਕੋਲ ਆਡੀ ਬੀ.ਐੱਮ.ਡਬਲਿਊ. ਵਰਗੀਆਂ ਮਹਿੰਗੀਆਂ ਗੱਡੀਆਂ ਵੀ ਹਨ। ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੀਤਾ ਮੋੜ ਪੁਲਿਸ ਸੁਰੱਖਿਆ ਵਿਚਾਲੇ ਡਰੱਗ ਸਪਲਾਈ ਕਰਦਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੀ ਸੁਰੱਖਿਆ ਵਿੱਚ ਲਗਾਏ ਗਏ ਥਾਣੇਦਾਰ ਉਸ ਦੀ ਡਰੱਗ ਡੀਲ ਪੈਸੇ ਦਾ ਹਿਸਾਬ ਰਖਦੇ ਸਨ। ਦੱਸ ਦੇਈਏ ਕਿ ਪਹਿਲੀ ਵਾਰ ਅਜਿਹਾ ਪੁਲਿਸ ਤੇ ਡਰੱਗ ਤਸਕਰਾਂ ਦੇ ਗਠਜੋੜ ਦਾ ਮਾਮਲਾ ਸਾਹਮਣੇ ਆਇਆ ਹੈ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰੰਜੀਤ ਜੀਤਾ ਦੀ ਕੋਠੀ ਤੋਂ ਮਿਲੀਆਂ ਆਲੀਸ਼ਾਨ ਗੱਡੀਆਂ ਐੱਸ.ਟੀ.ਐੱਫ. ਨੇ ਜ਼ਬਤ ਕਰ ਲਈਆਂ ਹਨ। ਰੰਜੀਤ ਦੇ ਘਰੋਂ ਇੱਕ ਹਥਿਆਰ, 100 ਗ੍ਰਾਮ ਨਸ਼ੀਲਾ ਪਦਾਰਥ ਤੇ ਨਕਦੀ ਬਰਾਮਦ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰੰਜੀਤ ਦੇ ਸੰਪਰਕ ਵਿੱਚ ਅਮਰੀਕਾ ਦੇ ਰਹਿਣ ਵਾਲੇ ਗੁਰਜੰਟ ਸਿੰਘ ਤੇ ਕੈਨੇਡਾ ਦਾ ਕਬੱਡੀ ਪਲੇਅਰ ਦਵਿੰਦਰ ਸਿੰਘ ਵੀ ਹਨ।
ਪੰਜਾਬ ਐੱਸ.ਟੀ.ਐੱਫ. ਨੇ ਜੀਤਾ ਮੋੜ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਸੀ। ਸੂਤਰਾਂ ਮੁਾਤਬਕ ਜੀਤਾ ਮੋੜ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸੀ, ਜਿਥੇ ਐੱਸ.ਟੀ.ਐੱਫ. ਨੇ ਉਸ ਨੂੰ ਕਾਬੂ ਕਰ ਲਿਆ। ਸੂਤਰਾਂ ਨੇ ਕਿਹਾ ਕਿ ਥਾਣੇਦਾਰ ਮਨੀਸ਼ ਦੇ ਕੋਲੋਂ ਵੀ ਪੁਲਿਸ ਨੂੰ 3 ਲੱਖ ਤੇ ਲੈਪਟਾਪ ਬਰਾਮਦ ਹੋਇਆ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿੱਚ ਹੁਣ ਤੱਕ 12 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।