ਆਬੂਧਾਬੀ – ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ‘ਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 4 ਵਿਕਟਾਂ ਦੇ ਨੁਕਸਾਨ ‘ਤੇ 176 ਦੌੜਾਂ ਬਣਾਈਆਂ। ਮੁਹੰਮਦ ਰਿਜ਼ਵਾਨ ਨੇ 67 ਅਤੇ ਫਖਰ ਜ਼ਮਾਨ ਨੇ 55 ਦੌੜਾਂ ਬਣਾਈਆਂ। 177 ਦੌੜਾਂ ਦੇ ਟੀਚੇ ਨੂੰ ਆਸਟ੍ਰੇਲੀਆ ਨੇ ਪਹਿਲੇ ਓਵਰ ‘ਚ 5 ਵਿਕਟਾਂ ਦੇ ਨੁਕਸਾਨ ‘ਤੇ ਬਹੁਤ ਹੀ ਰੋਮਾਂਚਕ ਤਰੀਕੇ ਨਾਲ ਹਾਸਲ ਕਰ ਲਿਆ।
ਵੇਡ ਨੇ ਲਗਾਈ ਛੱਕਿਆਂ ਦੀ ਹੈਟ੍ਰਿਕ
ਆਸਟ੍ਰੇਲੀਆ ਨੂੰ ਆਖਰੀ ਦੋ ਓਵਰਾਂ ‘ਚ 22 ਦੌੜਾਂ ਦੀ ਲੋੜ ਸੀ ਅਤੇ 19ਵੇਂ ਓਵਰ ‘ਚ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸ਼ਾਹੀਨ ਅਫਰੀਦੀ ਦੇ ਮੋਢਿਆਂ ‘ਤੇ ਸੀ। ਇਹ ਓਵਰ ਦੋਵਾਂ ਟੀਮਾਂ ਲਈ ਅਹਿਮ ਮੰਨਿਆ ਜਾ ਰਿਹਾ ਸੀ ਪਰ ਮੈਥਿਊ ਵੇਡ ਦੇ ਸਾਹਮਣੇ ਅਫਰੀਦੀ ਦੀ ਕੋਈ ਨੀ ਚੱਲੀ। ਵੇਡ ਨੇ ਓਵਰ ਦੀਆਂ ਆਖਰੀ ਤਿੰਨ ਗੇਂਦਾਂ ‘ਤੇ 3 ਛੱਕੇ ਲਗਾ ਕੇ ਆਸਟ੍ਰੇਲੀਆ ਨੂੰ ਯਾਦਗਾਰੀ ਜਿੱਤ ਦਿਵਾਈ। ਉਸ ਨੇ ਸਿਰਫ਼ 17 ਗੇਂਦਾਂ ‘ਤੇ 41 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਆਸਟ੍ਰੇਲੀਆ ਨੇ 96 ਦੇ ਸਕੋਰ ‘ਤੇ 5 ਵਿਕਟਾਂ ਗੁਆ ਦਿੱਤੀਆਂ ਸਨ
ਪਾਕਿਸਤਾਨੀ ਟੀਮ ਵਲੋਂ ਖੜ੍ਹੇ ਕੀਤੇ ਟੀਚੇ ਨੂੰ ਪੂਰਾ ਕਰਨ ਉਤਰੀ ਆਸਟ੍ਰੇਲੀਆ ਦੀ ਸ਼ੁਰੂਆਤ ਖਰਾਬ ਰਹੀ ਅਤੇ ਪਾਰੀ ਦੀ ਤੀਜੀ ਗੇਂਦ ‘ਤੇ ਸ਼ਾਹੀਨ ਅਫਰੀਦੀ ਨੇ ਐਰੋਨ ਫਿੰਚ (0) ਨੂੰ ਐੱਲ ਬੀ ਡਬਲਯੂ ‘ਤੇ ਆਉਟ ਕਰ ਦਿੱਤਾ। ਇਸ ਤੋਂ ਬਾਅਦ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਦੂਜੀ ਵਿਕਟ ਲਈ 36 ਗੇਂਦਾਂ ਵਿੱਚ 51 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਨੂੰ ਸ਼ਾਦਾਬ ਖਾਨ ਨੇ ਮਾਰਸ਼ (28) ਨੂੰ ਆਊਟ ਕਰਕੇ ਤੋੜਿਆ। 8ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਮੁਹੰਮਦ ਹਫੀਜ਼ ਨੇ ਇਕ ਗੇਂਦ ਸੁੱਟੀ ਜੋ ਵਾਰਨਰ ਦੇ ਕੋਲ ਦੋ ਟੱਪੇ ਖਾਕੇ ਪਹੁੰਚੀ। ਵਾਰਨਰ ਨੇ ਵੀ ਮੌਕਾ ਨਹੀਂ ਗੁਆਇਆ ਅਤੇ ਸ਼ਾਨਦਾਰ ਛੱਕਾ ਲਗਾਇਆ।
ਸ਼ਾਦਾਬ ਖਾਨ ਨੇ ਸਟੀਵ ਸਮਿਥ ਨੂੰ 5 ਰੱਨ ‘ਤੇ ਆਊਟ ਕਰਕੇ ਲਈ ਤੀਜੀ ਵਿਕਟ ਲਈ। ਸ਼ਾਦਾਬ ਇੱਥੇ ਹੀ ਨਹੀਂ ਰੁਕੇ ਅਤੇ ਆਪਣੇ ਅਗਲੇ ਹੀ ਓਵਰ ਵਿੱਚ ਚੰਗੀ ਬੱਲੇਬਾਜ਼ੀ ਕਰ ਰਹੇ ਡੇਵਿਡ ਵਾਰਨਰ (49) ਦਾ ਵਿਕਟ ਲੈ ਕੇ ਆਸਟ੍ਰੇਲੀਆ ਨੂੰ ਵੱਡਾ ਝਟਕਾ ਦਿੱਤਾ। ਸ਼ਾਦਾਬ ਨੇ ਆਪਣਾ ਜ਼ਬਰਦਸਤ ਗੇਂਦਬਾਜ਼ੀ ਨੂੰ ਜਾਰੀ ਰੱਖਿਆ ਅਤੇ ਗਲੇਨ ਮੈਕਸਵੈੱਲ (7) ਨੂੰ ਵੀ ਪੈਵੇਲੀਅਨ ਦਾ ਰਾਹ ਦਿਖਾਇਆ। ਮੈਥਿਊ ਵੇਡ ਅਤੇ ਮਾਰਕਸ ਸਟੋਇਨਿਸ ਨੇ 41 ਗੇਂਦਾਂ ‘ਤੇ ਅਜੇਤੂ 75 ਦੌੜਾਂ ਜੋੜ ਕੇ ਟੀਮ ਨੂੰ ਛੇਵੇਂ ਵਿਕਟ ਲਈ ਸ਼ਾਨਦਾਰ ਜਿੱਤ ਦਿਵਾਈ। ਸਟੋਇਨਿਸ ਨੇ 31 ਗੇਂਦਾਂ ‘ਤੇ ਅਜੇਤੂ 40 ਅਤੇ ਮੈਥਿਊ ਵੇਡ ਨੇ ਸਿਰਫ 17 ਗੇਂਦਾਂ ‘ਤੇ ਅਜੇਤੂ 41 ਦੌੜਾਂ ਬਣਾਈਆਂ।
ਇਸ ਵਾਰ ਨਵਾਂ ਚੈਂਪੀਅਨ ਬਣੇਗਾ
ਟੀ-20 ਵਿਸ਼ਵ ਕੱਪ ਦਾ ਫਾਈਨਲ 14 ਨਵੰਬਰ ਨੂੰ ਦੁਬਈ ‘ਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇੱਕ ਵਾਰ ਵੀ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀਆਂ ਹਨ। ਅਜਿਹੇ ‘ਚ ਇਸ ਵਾਰ ਕ੍ਰਿਕਟ ਪ੍ਰਸ਼ੰਸਕਾਂ ਨੂੰ ਨਵਾਂ ਟੀ-20 ਚੈਂਪੀਅਨ ਮਿਲਣ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਜਿੱਥੇ ਨਿਊਜ਼ੀਲੈਂਡ ਦੀ ਟੀਮ ਪਹਿਲੀ ਵਾਰ ਟੀ 20 ਵਰਲਡ ਕੱਪ ਦਾ ਫਾਈਨਲ ਖੇਡ ਰਹੀ ਹੈ, ਉੱਥੇ ਹੀ ਆਸਟ੍ਰੇਲੀਆ ਦੀ ਟੀਮ ਦੂਜੀ ਵਾਰ ਫਾਈਨਲ ਵਿੱਚ ਪਹੁੰਚੀ ਹੈ। ਆਸਟ੍ਰੇਲੀਆ ਨੂੰ 2010 ਵਿਸ਼ਵ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।