ਕਪੂਰਥਲਾ – ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਨਿਜ਼ਾਮਪੁਰ ਗੁਰਦੁਆਰੇ ਵਿੱਚ ਬੇਅਦਬੀ ਦੇ ਸ਼ੱਕ ਵਿੱਚ ਭੀੜ ਵੱਲੋਂ ਇੱਕ ਨੌਜਵਾਨ ਦੀ ਹੱਤਿਆ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਨੌਜਵਾਨ ਉਹਨਾਂ ਹੀ ਕੱਪੜਿਆਂ ਵਿੱਚ ਨਜ਼ਰ ਆ ਰਿਹਾ ਹੈ ਜੋ ਉਸ ਨੇ ਗੁਰਦੁਆਰੇ ਵਿੱਚ ਪਾਏ ਹੋਏ ਸਨ। ਇਹ ਵੀਡੀਓ ਘਟਨਾ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਦੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉਸੇ ਨੌਜਵਾਨ ਦੀ ਹੈ ਜਿਸਨੂੰ ਬੇਅਦਬੀ ਦੇ ਦੋਸ਼ ਦੇ ਵਿੱਚ ਭੀੜ ਨੇ ਪਲਿਸ ਦੀ ਮੌਜੂਦਗੀ ਦੇ ਵਿੱਚ ਕੁੱਟ-ਕੁੱਟਕੇ ਮਾਰ ਦਿੱਤਾ ਸੀ।
ਇਹ ਵੀਡੀਓ ਸ਼ਨੀਵਾਰ ਨੂੰ ਉਸ ਵੇਲੇ ਬਣਾਇਆ ਗਿਆ ਸੀ ਜਦੋਂ ਉਹ ਕਪੂਰਥਲਾ ਦੀ ਕਾਂਜਲੀ ਰੋਡ ‘ਤੇ ਸਥਿਤ ਇੱਕ ਜਿੰਮ ਦੇ ਬਾਹਰ ਖੜ੍ਹਾ ਸੀ। ਜਿੰਮ ‘ਚ ਕਸਰਤ ਕਰਨ ਆਈ ਇਕ ਔਰਤ ਨੇ ਜਿਮ ਸੰਚਾਲਕ ਦੀ ਮੌਜੂਦਗੀ ‘ਚ ਆਪਣੇ ਮੋਬਾਇਲ ਤੋਂ ਇਸ ਵੀਡੀਓ ਨੂੰ ਬਣਾਇਆ ਸੀ। ਜਿੰਮ ਦੇ ਮਾਲਕ ਹਰਵਿੰਦਰ ਸਿੰਘ ਨੇ ਵੀਡੀਓ ਦੀ ਪੁਸ਼ਟੀ ਕੀਤੀ ਹੈ। ਹਰਵਿੰਦਰ ਸਿੰਘ ਦੇ ਅਨੁਸਾਰ ਉਹ ਇੱਕ ਦਿਮਾਗੀ ਤੌਰ ‘ਤੇ ਠੀਕ ਨਾ ਹੋਣ ਵਰਗੇ ਬੱਚੇ ਵਾਂਗ ਲੱਗ ਰਿਹਾ ਸੀ ਅਤੇ ਸ਼ਨੀਵਾਰ ਸਵੇਰੇ ਅੱਠ ਵਜੇ ਦੇ ਕਰੀਬ ਜਿੰਮ ਕੋਲ ਘੁੰਮ ਰਿਹਾ ਸੀ।
ਇਸ ਵੀਡੀਓ ਦੇ ਵਿੱਚ ਇਹ ਨੌਜਵਾਨ ਮੰਦਬੁੱਧੀ ਨਜ਼ਰ ਆ ਰਿਹਾ ਹੈ। ਉਸ ਨੇ ਲਾਲ ਰੰਗ ਦੀ ਸਵੈਟਰ ਟੀ-ਸ਼ਰਟ ਅਤੇ ਸਲੇਟੀ ਰੰਗ ਦਾ ਪਜਾਮਾ ਪਾਇਆ ਹੋਇਆ ਹੈ ਅਤੇ ਮੋਢੇ ‘ਤੇ ਇੱਕ ਛੋਟੇ ਤ੍ਰਿਸ਼ੂਲ ਨਾਲ ਇੱਕ ਝੋਲੇ ਨੂੰ ਮੋਢੇ ‘ਤੇ ਪਿੱਛੇ ਨੂੰ ਲਟਕਾਇਆ ਹੋਇਆ ਹੈ। ਕੁੱਝ ਕੱਪੜੇ ਲੱਕ ਦੁਆਲੇ ਵੀ ਬੰਨ੍ਹੇ ਹੋਏ ਹਨ। ਉਸ ਨੇ ਆਪਣੇ ਦੋਵੇਂ ਪੈਰਾਂ ‘ਤੇ ਘੁੰਗਰੂ ਬੰਨੇ ਹੋਏ ਹਨ, ਪੈਰਾਂ ‘ਚ ਚੱਪਲਾਂ ਅਤੇ ਹੱਥ ਵਿੱਚ ਇੱਕ ਛੋਟੀ ਖੁਰਪੀ ਫੜੀ ਹੋਈ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਬਣਾਇਆ ਹੈ, ਤਾਂ ਉਹ ਸ਼ਰਮਸਾਰ ਹੋ ਗਿਆ ਅਤੇ ਭੱਜ ਗਿਆ।
ਇਸ ਵੀਡੀਓ ਵਿੱਚ ਔਰਤ ਨੌਜਵਾਨ ਨੂੰ ਪੁੱਛਦੀ ਹੈ ਕਿ ਕੀ ਉਹ ਕ੍ਰਿਸ਼ਨ ਬਣਿਆ ਹੋਇਆ ਹੈ? ਇਸ ਲਈ ਉਹ ਇਧਰ-ਉਧਰ ਦੇਖਦਾ ਹੈ ਅਤੇ ਫਿਰ ਸ਼ਰਮਾ ਕੇ ਨਾਲ ਉਥੋਂ ਅੱਗੇ ਚਲਾ ਜਾਂਦਾ ਹੈ। ਨੌਜਵਾਨ ਦੇ ਭੇਸ ਅਤੇ ਹਾਵ-ਭਾਵ ਤੋਂ ਲੱਗਦਾ ਹੈ ਕਿ ਉਹ ਮੰਦਬੁੱਧੀ ਹੈ। ਇਹ ਵੀ ਲੱਗਦਾ ਹੈ ਕਿ ਸ਼ਾਇਦ ਉਹ ਠੀਕ ਤਰ੍ਹਾਂ ਬੋਲ ਨਹੀਂ ਪਾ ਰਿਹਾ ਹੈ।
ਹਰਵਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਜਦੋਂ ਨਿਜ਼ਾਮਪੁਰਾ ਗੁਰਦੁਆਰੇ ‘ਚ ਬੇਅਦਬੀ ਦੇ ਦੋਸ਼ ‘ਚ ਫੜੇ ਗਏ ਨੌਜਵਾਨ ਨੂੰ ਕਤਲ ਤੋਂ ਪਹਿਲਾਂ ਕਮਰੇ ‘ਚ ਬੰਦ ਕਰਕੇ ਕੁੱਟਮਾਰ ਕਰਨ ਅਤੇ ਪੁੱਛਗਿੱਛ ਕਰਨ ਦੀਆਂ ਵੀਡੀਓ ਸਾਹਮਣੇ ਆਈਆਂ ਤਾਂ ਉਹ ਹੈਰਾਨ ਰਹਿ ਗਏ | ਉਸ ਨੇ ਔਰਤ ਨੂੰ ਫੋਨ ਕਰਕੇ ਵੀਡੀਓ ਮੰਗਵਾਈ ਅਤੇ ਕੁੱਟਮਾਰ ਦੀ ਵੀਡੀਓ ਨਾਲ ਮੇਲ ਕਰਨ ਤੋਂ ਬਾਅਦ ਉਸ ਨੂੰ ਉਹੀ ਨੌਜਵਾਨ ਲੱਗਿਆ ਅਤੇ ਇਸ ਤੋਂ ਬਾਅਦ ਉਸ ਨੇ ਇਹ ਵੀਡੀਓ ਵੀ ਪੁਲੀਸ ਅਧਿਕਾਰੀਆਂ ਨੂੰ ਭੇਜ ਦਿੱਤੀ।
ਕਪੂਰਥਲਾ ਦੇ ਐਸ ਐਸ ਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਵੀਡੀਓ ਉਨ੍ਹਾਂ ਕੋਲ ਵੀ ਪਹੁੰਚ ਗਈ ਹੈ। ਪਹਿਲੀ ਨਜ਼ਰੇ ਇਹ ਵੀਡੀਓ ਉਸੇ ਨੌਜਵਾਨ ਦੀ ਜਾਪਦੀ ਹੈ, ਜਿਸ ਦਾ ਨਿਜ਼ਾਮਪੁਰ ਗੁਰਦੁਆਰੇ ਵਿੱਚ ਕਤਲ ਕੀਤਾ ਗਿਆ ਸੀ। ਵੀਡੀਓ ਨੂੰ ਰਿਕਾਰਡ ‘ਤੇ ਲਿਆ ਕੇ ਇਸ ਦੀ ਜਾਂਚ ਕੀਤੀ ਜਾਵੇਗੀ। ਵੀਡੀਓ ਸ਼ੂਟ ਕਰਨ ਵਾਲਿਆਂ ਤੋਂ ਵੀ ਮਦਦ ਲਈ ਜਾਵੇਗੀ। ਪੁਲੀਸ ਸਵੇਰੇ ਕਾਂਜਲੀ ਰੋਡ ’ਤੇ ਲੱਗੇ ਸੀ ਸੀ ਟੀ ਵੀ ਵੀ ਚੈੱਕ ਕਰੇਗੀ। ਐਸ ਐਸ ਪੀ ਨੇ ਕਿਹਾ ਕਿ ਜੇਕਰ ਇਹ ਵੀਡੀਓ ਸੱਚ ਨਿਕਲੀ ਤਾਂ ਨੌਜਵਾਨ ਨੂੰ ਮਾਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
‘ਮਰਨ ਵਾਲਾ ਮੇਰਾ ਭਰਾ ਸੀ’
ਪਿੰਡ ਨਿਜ਼ਾਮਪੁਰ ਵਿੱਚ ਮਾਰੇ ਗਏ ਨੌਜਵਾਨ ਸਬੰਧੀ ਇਕ ਔਰਤ ਨੇ ਕਿਹਾ ਹੈ ਕਿ ਕਪੂਰਥਲਾ ਵਿੱਚ ਜਿਸ ਨੂੰ ਮਾਰਿਆ ਗਿਆ, ਉਹ ਮੇਰਾ ਭਰਾ ਸੀ। ਇਹ ਔਰਤ ਬਿਹਾਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਪੁਲਿਸ ਇਸ ਦੀ ਜਾਂਚ ਵਿੱਚ ਜੁਟ ਗਈ ਹੈ। ਇਸ ਔਰਤ ਨੇ ਕੁਝ ਦਸਤਾਵੇਜ਼ ਭੇਜੇ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਪਰਿਵਾਰਕ ਮੈਂਬਰ ਪੁਲਿਸ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਵੀ ਖਬਰ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਡੀ ਐੱਨ ਏ ਟੈਸਟ ਕੀਤਾ ਜਾਵੇਗਾ ਤੇ ਵਾਲਾਂ ਦੇ ਸੈਂਪਲ ਲਏ ਜਾਣਗੇ।
ਬੇਅਦਬੀ ਦੇ ਦੋਸ਼ ਵਿੱਚ ਨਿਜ਼ਾਮਪੁਰ ਵਿੱਚ ਮਾਰੇ ਗਏ ਨੌਜਵਾਨ ਸਬੰਧੀ ਪੰਜਾਬ ਪੁਲਿਸ ਵਲੋਂ ਜਾਂਚ ਜਾਰੀ ਹੈ। ਪੁਲਿਸ ਵੱਲੋਂ ਦੋ ਐੱਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 306 ਨੰਬਰ ਐੱਫ ਆਈ ਆਰ ਵਿਚ 4 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। 306 ਵਿੱਚ ਕਤਲ ਦੀਆਂ ਧਾਰਾਵਾਂ ਸ਼ਾਮਲ ਹਨ। ਪੁਲਿਸ ਨੇ ਬੇਅਦਬੀ ਦੀਆਂ ਸੰਭਾਵਨਾਵਾਂ ਨੂੰ ਖਾਰਜ ਕਰਦੇ ਕਿਹਾ ਕਿ ਸਖਸ਼ ਚੋਰੀ ਦੇ ਇਰਾਦੇ ਨਾਲ ਆਇਆ ਸੀ। ਹਾਲਾਂਕਿ, ਕੁਝ ਮਿੰਟ ਮਗਰੋਂ ਹੀ ਪੁਲਿਸ ਨੇ ਯੂ-ਟਰਨ ਲੈਂਦੇ ਹੋਏ ਕਿਹਾ ਕਿ 306 ਨੰਬਰ ਐੱਫ ਆਈ ਆਰ ਅਜੇ ਦਰਜ ਨਹੀਂ ਹੋਈ, ਵੈਰੀਫਾਈ ਕਰ ਰਹੇ ਹਾਂ। ਸਿਰਫ 305 ਨੰਬਰ ਦਰਜ ਹੋਈ ਹੈ, ਜੋ ਕਿ ਬੇਅਦਬੀ ਦੀ ਸ਼ਿਕਾਇਤ ਸਬੰਧੀ ਹੈ।