ਅੱਜ ਕੱਲ੍ਹ ਦੇ ਤਕਨਾਲੌਜੀ ਦੇ ਯੁੱਗ ਵਿੱਚ ਸਮਾਰਟ ਫੋਨ ਦੀ ਵਰਤੋਂ ਆਮ ਹੋ ਗਈ ਹੈ। ਕੀ ਬੱਚਾ, ਕੀ ਨੌਜਵਾਨ, ਕੀ ਬੁੱਢਾ ਹਰ ਕੋਈ ਸਮਾਰਟਫੋਨ ਵਿੱਚ ਰੁਝਿਆ ਵੇਖਿਆ ਜਾ ਸਕਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸਮਾਰਟਫੋਨ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਪਰ ਜਿਵੇਂ ਕਿ ਸਾਇੰਸ ਦੀ ਹਰ ਕਾਢ ਦੇ ਵਧੇਰੇ ਫਾਇਦੇ ਤੇ ਕੁਝ ਨੁਕਸਾਨ ਜ਼ਰੂਰ ਹੁੰਦੇ ਹਨ ਉਵੇਂ ਸਮਾਰਟਫੋਨ ਦੇ ਵੀ ਹਨ। ਅਸੀਂ ਕਿਸੇ ਚੀਜ਼ ਨੂੰ ਕਿਵੇਂ ਵਰਤਦੇ ਹਾਂ ? ਫਾਇਦੇ ਅਤੇ ਨੁਕਸਾਨ ਮੁੱਖ ਤੌਰ ਤੇ ਵਰਤੋਂ ਕਰਨ ਦੇ ਤਰੀਕੇ ਤੇ ਨਿਰਭਰ ਕਰਦੇ ਹਨ। ਇਥੇ ਬਿਜਲੀ ਦੀ ਉਦਾਹਰਣ ਲਈ ਜਾ ਸਕਦੀ ਹੈ। ਬਿਜਲੀ ਨੂੰ ਤਰੀਕੇ ਨਾਲ ਵਰਤੀਏ ਤਾਂ ਇਹ ਜੀਵਨ ਦੀ ਮੁਢਲੀ ਲੋੜ ਹੈ ਅਤੇ ਲਾਪਰਵਾਹੀ ਨਾਲ ਵਰਤੀਏ ਤਾਂ ਜੀਵਨ ਸਮਾਪਤ ਵੀ ਕਰ ਸਕਦੀ ਹੈ।
ਸਮਾਰਟਫੋਨ ਵਿੱਚ ਅਸੀਂ ਸੈਂਕੜੇ ਕਿਸਮ ਦੀਆਂ ਐਪਸ ਡਾਊਨਲੋਡ ਕਰ ਕੇ ਹਜ਼ਾਰਾਂ ਤਰ੍ਹਾਂ ਦੇ ਕੰਮ ਕਰ ਸਕਦੇ ਹਾਂ। ਜਿਵੇਂ ਕਿ ਸੋਸ਼ਲ ਮੀਡੀਆ ਐਪਸ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੁੰਦਿਆਂ ਜੁੜੇ ਰਹਿਣਾ, ਗੂਗਲ ਮੈਪ ਨਾਲ ਅਣਜਾਣ ਰਸਤੇ ਅਸਾਨੀ ਨਾਲ ਲੱਭਣਾ, ਨਿਊਜ਼ ਐਪਸ ਨਾਲ ਤੁਰੰਤ ਖਬਰਾਂ ਅਤੇ ਮੌਸਮ ਦੀ ਜਾਣਕਾਰੀ ਹਾਸਲ ਕਰਨਾ, ਬੈਂਕਿੰਗ ਐਪਸ ਨਾਲ ਘਰ ਬੈਠੇ ਬਿੱਲ, ਕਿਸ਼ਤ ਭਰਨਾ, ਪੈਸੇ ਟਰਾਂਸਫਰ ਕਰਨਾ ਆਦਿ ਆਦਿ। ਪਰ ਜਦੋਂ ਅਸੀਂ ਉਪਰੋਕਤ ਅਤੇ ਹੋਰ ਕੰਮ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਹੋਰ ਤਰ੍ਹਾਂ ਤਰ੍ਹਾਂ ਦੀਆਂ ਐਪਸ ਦੇ ਲੁਭਾਵਣੇ ਵਿਗਿਆਪਨ ਵਿਖਾਈ ਦਿੰਦੇ ਹਨ। ਜਿੰਨਾ ਨੂੰ ਵੇਖ ਕੇ ਅਸੀਂ ਤੁਰੰਤ ਉਨ੍ਹਾਂ ਐਪਸ ਨੂੰ ਡਾਊਨਲੋਡ ਕਰ ਲੈਂਦੇ ਹਾਂ। ਪਰ ਇਥੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੀਆਂ ਐਪਸ ਸਾਡੇ ਲਈ ਲਾਭਦਾਇਕ ਅਤੇ ਸੁਰੱਖਿਅਤ ਹਨ ਅਤੇ ਕਿਹੜੀਆਂ ਟੇਢੇ ਢੰਗ ਨਾਲ ਸਾਡੀ ਗੁਪਤਤਾ ਅਤੇ ਸੁਰੱਖਿਆ ਨੂੰ ਖੋਰਾ ਲਗਾ ਰਹੀਆਂ ਹਨ। ਅਜਿਹੀਆਂ ਬਹੁਤ ਸਾਰੀਆਂ ਐਪਸ ਹਨ ਜੋਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਅਸਲ ਵਿੱਚ ਉਹ ਨੁਕਸਾਨ ਦੇਹ ਸਾਬਤ ਹੁੰਦੀਆਂ ਹਨ। ਆਓ ਇਨ੍ਹਾਂ ਵਿੱਚੋਂ ਕੁਝ ਦੀ ਗੱਲ ਕਰਦੇ ਹਾਂ :
ਮੈਮੋਰੀ ਕਲੀਨਰ ਐਪਸ : ਤੁਸੀਂ ਅਕਸਰ ਮੈਮੋਰੀ ਕਲੀਨਰ ਐਪਸ ਦੇ ਵਿਗਿਆਪਨ ਸਕਰੀਨ ਤੇ ਆਉਂਦੇ ਵੇਖੇ ਹੋਣਗੇ। ਇਨ੍ਹਾਂ ਦਾ ਕੰਮ ਫਾਲਤੂ ਫਾਈਲਾਂ ਨੂੰ ਮਿਟਾ ਕੇ ਸਮਾਰਟਫੋਨ ਦੀ ਰੈਮ ਮੈਮੋਰੀ ਨੂੰ ਖਾਲੀ ਕਰ ਕੇ ਸਮਾਰਟਫੋਨ ਨੂੰ ਫਾਸਟ ਕਰਨਾ ਹੁੰਦਾ ਹੈ। ਪਰ ਉਲਟਾ ਇਹ ਫੋਨ ਨੂੰ ਹੋਰ ਧੀਮਾ ਕਰ ਦਿੰਦੀਆਂ ਹਨ। ਇਹ ਐਪਸ ਹਰ ਵਕਤ ਐਕਟਿਵ ਰਹਿਣ ਕਰਕੇ ਬੈਟਰੀ ਬਰਬਾਦ ਕਰਦੀਆਂ ਹਨ ਅਤੇ ਫਾਲਤੂ ਵਿਗਿਆਪਨ ਵੀ ਵਖਾਉਂਦੀਆਂ ਹਨ।
ਵਾਈ ਫਾਈ ਅਤੇ ਇੰਟਰਨੈੱਟ ਸਪੀਡ ਐਪਸ : ਪਲੇਅ ਸਟੋਰ ਤੇ ਬਹੁਤ ਸਾਰੀਆਂ ਐਪਸ ਵਾਈ ਫਾਈ ਪਾਸਵਰਡ ਹੈਕ ਕਰਨ ਜਾਂ ਇੰਟਰਨੈੱਟ ਦੀ ਸਪੀਡ ਤੇਜ਼ ਕਰਨ ਦਾ ਦਾਅਵਾ ਕਰਦੀਆਂ ਹਨ ਪਰ ਇਹ ਐਪਸ ਅਜਿਹਾ ਕੁਝ ਨਹੀਂ ਕਰ ਸਕਦੀਆਂ ਸਗੋਂ ਸਮਾਰਟਫੋਨ ਦਾ ਡਾਟਾ ਚੋਰੀ ਕਰ ਕੇ ਉਸ ਦੀ ਦੁਰਵਰਤੋਂ ਕਰ ਸਕਦੀਆਂ ਹਨ।
ਐਂਟੀ ਵਾਇਰਸ : ਜਦੋਂ ਕੰਪਿਊਟਰ ਦਾ ਜ਼ਮਾਨਾ ਸੀ ਤਾਂ ਹੈਕਰਾਂ ਲਈ ਡਾਟਾ ਚੋਰੀ ਕਰਨਾ ਔਖਾ ਸੀ ਕਿਉਂਕਿ ਕੰਪਿਊਟਰ ਹਮੇਸ਼ਾ ਇੰਟਰਨੈੱਟ ਨਾਲ ਜੁੜੇ ਨਹੀਂ ਰਹਿੰਦੇ ਸਨ। ਪਰ ਅੱਜ ਕੱਲ੍ਹ ਸਮਾਰਟਫੋਨ ਹਮੇਸ਼ਾ ਇੰਟਰਨੈੱਟ ਨਾਲ ਜੁੜੇ ਰਹਿਣ ਕਰਕੇ ਹੈਕ ਕਰਨੇ ਅਸਾਨ ਹਨ। ਹੈਕਰ ਐਂਟੀ ਵਾਇਰਸ ਐਪਸ ਬਣਾ ਕੇ ਲੁਭਾਵਣੇ ਵਿਗਿਆਪਨ ਦਿੰਦੇ ਹਨ। ਜਦੋਂ ਹੀ ਕੋਈ ਵਰਤੋਂਕਾਰ ਇਸ ਨੂੰ ਇੰਸਟਾਲ ਕਰਦਾ ਹੈ ਤਾਂ ਸਮਾਰਟਫੋਨ ਦਾ ਸਾਰਾ ਕੰਟਰੋਲ ਹੈਕਰ ਦੇ ਹੱਥ ਵਿੱਚ ਆ ਜਾਂਦਾ ਹੈ। ਸਾਨੂੰ ਹਮੇਸ਼ਾ ਭਰੋਸੇਯੋਗ ਡਿਵੈਲਪਰ ਦੁਆਰਾ ਬਣਾਏ ਐਂਟੀ ਵਾਇਰਸ ਨੂੰ ਹੀ ਡਾਉਨਲੋਡ ਕਰਨਾ ਚਾਹੀਦਾ ਹੈ।
ਇੰਟਰਨੈੱਟ ਬਰਾਉਜ਼ਰ : ਆਮ ਤੌਰ ਤੇ ਅਸੀਂ ਗੂਗਲ ਕਰੋਮ ਬਰਾਉਜ਼ਰ ਦੀ ਵਰਤੋਂ ਕਰਦੇ ਹਾਂ। ਪਰ ਕਈ ਹੋਰ ਬਰਾਉਜ਼ਰ ਐਪਸ ਵਾਧੂ ਫੀਚਰਜ਼ ਦੇਣ ਦਾ ਦਾਅਵਾ ਕਰਦੀਆਂ ਹਨ ਜਿਵੇਂ ਯੂ ਸੀ ਵੈਬ ਜੋਂ ਕਿ ਤੇਜ਼ ਬਰਾਊਜ਼ਿੰਗ ਲਈ ਜਾਣਿਆ ਜਾਂਦਾ ਹੈ ਪਰ ਇਹ ਬਰਾਉਜ਼ਰ ਤੁਹਾਡੀ ਲੋਕੇਸ਼ਨ ਅਤੇ ਪਰਸਨਲ ਡਾਟਾ ਅਲੀ ਬਾਬਾ ਡਾਟ ਕਾਮ ਵਰਗੀਆਂ ਵਪਾਰਕ ਵੈਬਸਾਈਟਾਂ ਨਾਲ ਸ਼ੇਅਰ ਕਰਦਾ ਹੈ। ਜਿਸ ਦੀ ਮਦਦ ਨਾਲ ਇਹ ਵੈਬਸਾਈਟਾਂ ਤੁਹਾਨੂੰ ਤੁਹਾਡੀਆਂ ਦਿਲਚਸਪੀਆਂ ਦੇ ਹਿਸਾਬ ਨਾਲ ਵਿਗਿਆਪਨ ਵਖਾਉਂਦੀਆਂ ਹਨ।
ਬੈਟਰੀ ਸੇਵਰ ਅਤੇ ਫਾਸਟ ਚਾਰਜ਼ : ਸਮਾਰਟਫੋਨ ਦੀ ਜ਼ਿਆਦਾ ਵਰਤੋਂ ਅਤੇ ਚਾਰਜ਼ ਕਰਨ ਦਾ ਸਮਾਂ ਨਾ ਮਿਲਣ ਕਾਰਨ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ। ਅਕਸਰ ਵਿਗਿਆਪਨਾਂ ਵਿੱਚ ਅਜਿਹੀਆਂ ਐਪਸ ਵਿਖਾਈਆਂ ਜਾਂਦੀਆਂ ਹਨ ਜੋ ਬੈਟਰੀ ਦੀ ਬਚਾਉਂਦੀਆਂ ਹਨ ਜਾਂ ਜਲਦੀ ਚਾਰਜ਼ ਹੋਣ ਵਿੱਚ ਮਦਦ ਕਰਦੀਆਂ ਹਨ। ਪਰ ਇਸ ਤਰ੍ਹਾਂ ਦੀ ਕੋਈ ਤਕਨਾਲੌਜੀ ਨਹੀਂ ਜੋਂ ਬੈਟਰੀ ਸੇਵ ਕਰ ਸਕੇ ਜਾਂ ਜਲਦੀ ਚਾਰਜ਼ ਕਰ ਸਕੇ। ਇਸ ਤਰ੍ਹਾਂ ਦੀਆਂ ਐਪਸ ਦਾ ਕੋਈ ਫਾਇਦਾ ਨਹੀਂ ਹੁੰਦਾ ਸਗੋਂ ਇਹ ਵਾਧੂ ਵਿਗਿਆਪਨ ਵਖਾਉਂਦੀਆਂ ਰਹਿੰਦੀਆਂ ਹਨ।
ਇਸ ਤੋਂ ਇਲਾਵਾ ਇੰਟਰਨੈੱਟ ਬੈਂਕਿੰਗ ਲਾਗ ਇਨ ਲਈ ਸਮਾਰਟਫੋਨ ਦੇ ਕਿਸੇ ਵੀ ਬਰਾਉਜ਼ਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਜ਼ਿਆਦਾ ਸੁਰੱਖਿਅਤ ਨਹੀਂ ਹਨ। ਇਸ ਨਾਲ ਫੋਨ ਵਿੱਚ ਇੰਸਟਾਲ ਹੋਈ ਕੋਈ ਖਤਰਨਾਕ ਐਪਲੀਕੇਸ਼ਨ ਤੁਹਾਡੀ ਬੈਂਕਿੰਗ ਜਾਣਕਾਰੀ ਹਾਸਲ ਕਰ ਉਸ ਦੀ ਦੁਰਵਰਤੋਂ ਕਰ ਸਕਦੀ ਹੈ। ਇਸ ਕੰਮ ਲਈ ਬੈਂਕ ਦੀ ਆਪਣੀ ਅਸਲ ਐਪਲੀਕੇਸ਼ਨ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਸਮਾਰਟਫੋਨ ਦੀ ਸੁਚੱਜੀ ਵਰਤੋਂ ਕਰ ਕੇ ਇਸ ਨੂੰ ਲਾਹੇਵੰਦ ਬਣਾਉਣ , ਆਪਣੇ ਡਾਟਾ, ਗੁਪਤਤਾ ਅਤੇ ਪੈਸੇ ਦੀ ਸੁਰੱਖਿਆ ਲਈ ਸਾਨੂੰ ਇੰਟਰਨੈੱਟ ਜਾਂ ਲਿਟਰੇਚਰ ਦੇ ਮਾਧਿਅਮ ਰਾਹੀਂ ਇਨ੍ਹਾਂ ਗੱਲਾਂ ਬਾਰੇ ਪੜ੍ਹਦੇ ਅਤੇ ਸਿੱਖਦੇ ਰਹਿਣਾ ਚਾਹੀਦਾ ਹੈ।