
ਵਿਕਟੋਰੀਆ ਵਿੱਚ ‘ਸਭਿਆਚਾਰਕ ਭਿੰਨਤਾ ਹਫ਼ਤਾ 2026’ ਦੀ ਅਧਿਕਾਰਕ ਗਿਣਤੀ ਸ਼ੁਰੂ ਹੋ ਗਈ। ਇਸ ਮੌਕੇ ‘ਤੇ ਕਮਿਊਨਿਟੀ ਲੀਡਰ ਅਤੇ ਮਲਟੀਕਲਚਰਲ ਚੈਂਪੀਅਨ ਈਸਟ ਮੈਲਬੌਰਨ ਵਿੱਚ ਇਕੱਠੇ ਹੋਏ ਅਤੇ ਸੂਬੇ ਦੇ ਸਭ ਤੋਂ ਵੱਡੇ ਸਾਲਾਨਾ ਬਹੁ-ਸਭਿਚਾਚਾਰਕ ਸਮਾਗਮ ਦੀ ਸ਼ੁਰੂਆਤ ਕੀਤੀ।
ਇਸ ਸਮਾਗਮ ਨੂੰ ਬਹੁ-ਸਭਿਚਾਚਾਰਕ ਮਾਮਲਿਆਂ ਦੇ ਸੰਸਦੀ ਸਕੱਤਰ ਇਵਾਨ ਵਾਲਟਰਸ ਅਤੇ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੀ ਚੇਅਰਪਰਸਨ ਵਿਵੀਅਨ ਨਗੁਯੇਨ ਦੇ ਵਲੋਂ ਮਿਲਕੇ ਸਿੰਪਸਨ ਸਟਰੀਟ ਟਰਮ ਸਾਈਡਿੰਗ ‘ਤੇ ਲਾਂਚ ਕੀਤਾ ਗਿਆ।
ਇਸ ਲਾਂਚ ਸਮਾਗਮ ਦੌਰਾਨ ਇਸ ਸਾਲ ਹੋਣ ਵਾਲੀਆਂ ਗਤੀਵਿਧੀਆਂ ਦੀ ਸ਼ਾਨਦਾਰ ਝਲਕ ਵੇਖਣ ਨੂੰ ਮਿਲੀ। ਇੱਥੇ ਸੰਗੀਤ, ਨਾਚ ਅਤੇ ਕਹਾਣੀ ਬਿਆਨ ਦੀ ਪੇਸ਼ਕਾਰੀ ਕੀਤੀ ਗਈ। ਇਹ ਸੂਬਾ-ਪੱਧਰੀ ਤਿਉਹਾਰ 21 ਮਾਰਚ ਤੋਂ 29 ਮਾਰਚ ਤੱਕ ਚੱਲੇਗਾ ਅਤੇ ਇਸ ਵਿੱਚ ਵੱਖ-ਵੱਖ ਸੱਭਿਆਚਾਰਾਂ ਨੂੰ ਮਨਾਉਣ ਲਈ ਕਈ ਪ੍ਰੋਗਰਾਮ ਰੱਖੇ ਗਏ ਹਨ। ਇਸ ਸਾਲ ਦਾ ਥੀਮ ਹੈ ‘ਕਲਚਰ ਕੋਨੈਕਟਸ ਅਸ ਆਲ’ ਜਿਸਦਾ ਅਰਥ ਹੈ ਕਿ ਸਭਿਆਚਾਰ ਸਾਨੂੰ ਸਾਰਿਆਂ ਨੂੰ ਜੋੜਦਾ ਹੈ।
ਇਸ ਲਾਂਚ ਸਮਾਗਮ ਦੇ ਦੌਰਾਨ ਕਲਚਰਲ ਡਾਇਵਰਸਿਟੀ ਵੀਕ 2026 ਨਾਲ ਸਜਾਇਆ ਗਿਆ ਇੱਕ ਖਾਸ ਈ-ਕਲਾਸ ਟਰਾਮ ਵੀ ਮੁੱਖ ਆਕਰਸ਼ਣ ਰਿਹਾ। ਇਹ ਟਰਾਮ ਪਹਿਲਾਂ ਹੀ ੰਮੈਲਬੌਰਨ ਦੀਆਂ ਟਰਾਮ ਲਾਈਨਾਂ ‘ਤੇ ਚੱਲਦੀ ਨਜ਼ਰ ਆ ਰਹੀ ਹੈ। ਇਸ ਟਰਾਮ ਨੂੰ ਯਾਰਾ ਟਰਾਮਸ ਅਤੇ ਡਿਪਾਰਟਮੈਂਟ ਆਫ਼ ਟਰਾਂਸਪੋਰਟ ਐਂਡ ਪਲੈਨਿੰਗ ਵਿਕਟੋਰੀਆ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਹ ਵਿਕਟੋਰੀਆ ਦੀਆਂ ਬਹੁ- ਸੱਭਿਆਚਾਰਕ ਕਮਿਊਨਿਟੀਆਂ ਦੀ ਅਮੀਰ ਵਿਰਾਸਤ ਅਤੇ ਸਾਰੇ ਵਿਕਟੋਰੀਆ ਵਾਸੀਆਂ ਦੀ ਸਾਂਝੀ ਯਾਤਰਾ ਨੂੰ ਦਰਸਾਉਂਦੀ ਹੈ।
ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਵੱਲੋਂ ਆਯੋਜਿਤ ਕਲਚਰਲ ਡਾਇਵਰਸਿਟੀ ਵੀਕ ਦੀ ਸਮਾਪਤੀ 27 ਤੋਂ 29 ਮਾਰਚ ਤੱਕ ਤਿੰਨ ਦਿਨ ਚੱਲਣ ਵਾਲੇ ਵਿਕਟੋਰੀਅਨ ਮਲਟੀਕਲਚਰਲ ਫੈਸਟੀਵਲ ਦੇ ਨਾਲ ਹੋਵੇਗਾ। ਇਹ ਤਿਉਹਾਰ ਗਰੇਜ਼ਲੈਂਡ ਵਿੱਚ ਮਨਾਇਆ ਜਾਵੇਗਾ।
ਵਿਕਟੋਰੀਆ ਦੇ ਲੋਕਾਂ ਨੂੰ ਕਲਚਰਲ ਡਾਇਵਰਸਿਟੀ ਵੀਕ 2026 ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਲੋਕ ਕਿਸੇ ਵੀ ਸਮਾਗਮ ਦੀ ਮੇਜ਼ਬਾਨੀ ਕਰ ਸਕਦੇ ਹਨ, ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ, ਡਿਜ਼ਿਟਲ ਕੈਂਪੇਨ ਰਾਹੀਂ ਆਪਣੀ ਕਹਾਣੀ ਸਾਂਝੀ ਕਰ ਸਕਦੇ ਹਨ ਜਾਂ ਰਾਜ ਭਰ ਵਿੱਚ ਹੋ ਰਹੇ ਕਈ ਸਮਾਗਮਾਂ ਵਿੱਚ ਹਿੱਸਾ ਲੈ ਸਕਦੇ ਹਨ।
ਇਸ ਸਬੰਧੀ ਮਲਟੀਕਲਚਰਲ ਮਾਮਲਿਆਂ ਦੀ ਮੰਤਰੀ ਇੰਗਰਿੱਡ ਸਟਿੱਟ ਨੇ ਕਿਹਾ ਕਿ, “ਕਲਚਰਲ ਡਾਇਵਰਸਿਟੀ ਵੀਕ ਸਾਰੇ ਵਿਕਟੋਰੀਆ ਵਾਸੀਆਂ ਲਈ ਆਪਣੀ ਸਾਂਝੀ ਵਿਰਾਸਤ ਅਤੇ ਭਿੰਨਤਾ ਦਾ ਜਸ਼ਨ ਮਨਾਉਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਇਹ ਮੰਨਣ ਦਾ ਹੈ ਕਿ ਸਾਡੀ ਭਿੰਨਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।”
ਇਸ ਸਬੰਧੀ ਸੰਸਦੀ ਸਕੱਤਰ ਇਵਾਨ ਵਾਲਟਰਸ ਨੇ ਕਿਹਾ ਕਿ, “ਇਸ ਸਾਲ ਦਾ ਥੀਮ ‘ਕਲਚਰ ਕੋਨੈਕਟਸ ਅਸ ਆਲ’ ਇਹ ਦਰਸਾਉਂਦਾ ਹੈ ਕਿ ਕਹਾਣੀਆਂ ਅਤੇ ਤਜਰਬੇ ਸਾਂਝੇ ਕਰਨ ਨਾਲ ਸਮਝ ਅਤੇ ਆਪਣੇਪਨ ਦੀ ਭਾਵਨਾ ਵਧਦੀ ਹੈ। ਉਨ੍ਹਾਂ ਸਾਰੇ ਵਿਕਟੋਰੀਆ ਵਾਸੀਆਂ ਨੂੰ ਕਲਚਰਲ ਡਾਇਵਰਸਿਟੀ ਵੀਕ ਮਨਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ।”
ਇਸ ਮੌਕੇ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੀ ਚੇਅਰਪਰਸਨ ਵਿਵੀਅਨ ਨਗੁਯੇਨ ਨੇ ਕਿਹਾ ਕਿ, “ਸਭਿਆਚਾਰ ਖੁਸ਼ੀ ਅਤੇ ਜੀਵਨ ਦੇ ਮਕਸਦ ਦਾ ਇੱਕ ਜੀਵਤ ਸਰੋਤ ਹੈ। ਉਨ੍ਹਾਂ ਕਿਹਾ ਕਿ ਹਰ ਵਿਕਟੋਰੀਆ ਵਾਸੀਆਂ ਨੂੰ ਇਸ ਹਫ਼ਤੇ ਕਿਸੇ ਹੋਰ ਦੇ ਸਭਿਆਚਾਰ ਅਤੇ ਦੁਨੀਆਂ ਨੂੰ ਜਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ – ਚਾਹੇ ਟ੍ਰਾਮ ਵਿੱਚ ਗੱਲਬਾਤ ਰਾਹੀਂ ਜਾਂ ਗਰੇਜ਼ਲੈਂਡ ਵਿੱਚ ਫੈਸਟੀਵਲ ਦੌਰਾਨ ਖਾਣੇ ਦਾ ਆਨੰਦ ਲੈ ਕੇ।”
ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਸੱਭਿਆਚਾਰਕ ਵਿਭਿੰਨਤਾ ਹਫ਼ਤਾ ਵਿਕਟੋਰੀਆ ਦਾ ਬਹੁ-ਸੱਭਿਆਚਾਰਵਾਦ ਦਾ ਸਭ ਤੋਂ ਵੱਡਾ ਸਾਲਾਨਾ ਜਸ਼ਨ ਹੈ, ਜੋ ਕਿ ਸਦਭਾਵਨਾ ਦਿਵਸ ਅਤੇ ਨਸਲੀ ਵਿਤਕਰੇ ਦੇ ਖਾਤਮੇ ਲਈ ਸੰਯੁਕਤ ਰਾਸ਼ਟਰ ਦਿਵਸ (21 ਮਾਰਚ) ਦੇ ਨਾਲ ਮੇਲ ਖਾਂਦਾ ਹੈ।
