Punjab

ਖ਼ਾਲਸਾ ਸਾਜਨਾ ਦਿਵਸ ਦੇ ਸਬੰਧ ’ਚ ਅੰਤਰ-ਕਾਲਜ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ

ਖ਼ਾਲਸਾ ਕਾਲਜ ਦੇ ‘ਸਿੱਖ ਇਤਿਹਾਸ ਖੋਜ ਕੇਂਦਰ’ ਵਿਖੇ ਕਰਵਾਏ ਗਏ ਦਸਤਾਰ ਮੁਕਾਬਲੇ ਦੌਰਾਨ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਨਾਲ ਪ੍ਰਿੰ: ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਹਰਦੇਵ ਸਿੰਘ ਤੇ ਹੋਰ।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ‘ਗੁਰਮਤਿ ਸਟੱਡੀ ਸੈਂਟਰ’ ਦੇ ਸਹਿਯੋਗ ਨਾਲ ‘ਸਿੱਖ ਇਤਿਹਾਸ ਖੋਜ ਕੇਂਦਰ’ ਵਿਖੇ ਖ਼ਾਲਸਾ ਸਾਜਨਾ ਦਿਵਸ ਦੇ ਸਬੰਧ ’ਚ ਸਮੁੱਚੀਆਂ ਖ਼ਾਲਸਾ ਸੰਸਥਾਵਾਂ ਦੇ ਅੰਤਰ-ਕਾਲਜ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਉਕਤ ਪ੍ਰੋਗਰਾਮ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਨੂੰ ਦਸਤਾਰ ਦੀ ਇਤਿਹਾਸਕ ਮਹੱਤਤਾ ਅਤੇ ਅਹਿਮੀਅਤ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਦਸਤਾਰ ਸਿੱਖ ਦੀ ਪਹਿਚਾਨ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕੇਸਾਂ ਦੀ ਸਾਂਭ-ਸੰਭਾਲ ਲਈ ਸਿੱਖ ਲਈ ਦਸਤਾਰ ਸਜਾਉਣਾ ਲਾਜ਼ਮੀ ਹੈ। ਸਿੱਖ ਧਰਮ ’ਚ ਦਸਤਾਰ ਦਾ ਅਧਿਆਤਮਿਕ, ਸੱਭਿਆਚਾਰਕ ਅਤੇ ਸਮਾਜਿਕ ਮਹੱਤਵ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਖ਼ਾਲਸਾਈ ਰਹੁ-ਰੀਤਾਂ ਅਤੇ ਪ੍ਰੰਪਰਾਵਾਂ ਨੂੰ ਮੁੱਖ ਰੱਖ ਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਖ-ਵੱਖ ਧਾਰਮਿਕ ਗਤੀਵਿਧੀਆਂ ਕਰਵਾਕੇ ਵਿਦਿਆਰਥੀਆਂ ’ਚ ਖ਼ਾਲਸਾਈ ਜਾਹੋ-ਜਲਾਲ ਨੂੰ ਬਰਕਰਾਰ ਰੱਖਦੀ ਹੈ।

ਇਸ ਦੌਰਾਨ ਡਾ. ਰੰਧਾਵਾ ਨੇ ਕਿਹਾ ਕਿ ਉਕਤ ਮੁਕਾਬਲਿਆਂ ’ਚ ਖ਼ਾਲਸਾ ਸੰਸਥਾਵਾਂ ਨਾਲ ਸਬੰਧਿਤ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ (ਲੜਕੇ ਅਤੇ ਲੜਕੀਆਂ) ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਦਸਤਾਰ ਸਜਾਉਣ ਮੁਕਾਬਲਿਆਂ ’ਚ ਲੜਕਿਆਂ ’ਚੋਂ ਖਾਲਸਾ ਕਾਲਜ ਦੇ ਜਸਕਰਨ ਸਿੰਘ, ਸਿਮਰਨ ਸਿੰਘ ਅਤੇ ਹਰਮਨ ਸਿੰਘ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਅਤੇ ਖਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀ ਸਹਿਲਪ੍ਰੀਤ ਸਿੰਘ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਦੁਮਾਲਾ ਸਜਾਉਣ ਮੁਕਾਬਲੇ ’ਚ ਰਾਜਬੀਰ ਕੌਰ ਖ਼ਾਲਸਾ ਕਾਲਜ, ਦੂਸਰਾ ਸਥਾਨ ਨਵਪ੍ਰੀਤ ਕੌਰ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਅਤੇ ਤੀਸਰੇ ਸਥਾਨ ਮਾਇਆਦੀਪ ਕੌਰ, ਖ਼ਾਲਸਾ ਕਾਲਜ ਫ਼ਾਰ ਵੂਮੈਨ ਅਤੇ ਪਵਨਪ੍ਰੀਤ ਕੌਰ ਖ਼ਾਲਸਾ ਕਾਲਜ ਨੇ ਵਿਸ਼ੇਸ ਸਥਾਨ ਹਾਸਲ ਕੀਤਾ।

ਇਸ ਮੌਕੇ ਸ: ਗੁਰਪਿੰਦਰ ਸਿੰਘ, ਸ: ਸਹਿਜਦੀਪ ਸਿੰਘ, ਡਾ. ਰਣਦੀਪ ਸਿੰਘ, ਨਵਜੋਤ ਕੌਰ ਅਤੇ ਡਾ. ਪਵਨਪ੍ਰੀਤ ਕੌਰ ਵੱਲੋਂ ਜੱਜਾਂ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਪ੍ਰਿੰ: ਡਾ. ਰੰਧਾਵਾ ਅਤੇ ਵਿਸ਼ੇਸ਼ ਮਹਿਮਾਨ ਗੁਰਮਤਿ ਸਟੱਡੀ ਸੈਂਟਰ ਦੇ ਇੰਚਾਰਜ਼ ਅਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਡਾ. ਹਰਦੇਵ ਸਿੰਘ, ਡਾ. ਸੁਖਪਾਲ ਸਿੰਘ, ਡਾ. ਸਮਸ਼ੇਰ ਸਿੰਘ ਆਦਿ ਵੀ ਹਾਜ਼ਰ ਸਨ।

Related posts

‘ਆਪ’ ਵਿਧਾਇਕ ਰਮਨ ਅਰੋੜਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ !

admin

ਪਿੰਡਾਂ ਦੇ ਵਿਕਾਸ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਲਝਾਉਣ ਲਈ ਸਹਾਈ ਸਾਬਤ ਹੋ ਰਹੀਆਂ ਲੋਕ ਮਿਲਣੀਆਂ: ਮੁੱਖ-ਮੰਤਰੀ

admin

ਤਖਤ ਸ੍ਰੀ ਪਟਨਾ ਸਾਹਿਬ ਦਾ ਫੈਸਲਾ ਗੈਰ-ਸਿਧਾਂਤਕ ਅਤੇ ਗੈਰ-ਵਾਜਿਬ ਕਰਾਰ !

admin