ਸ੍ਰੀਨਗਰ – ਕਸ਼ਮੀਰ ਘਾਟੀ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਮੰਗਲਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਈ ਅਤੇ ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਨੇ ਅਗਲੇ 24 ਘੰਟਿਆਂ ਦੌਰਾਨ ਹੋਰ ਜ਼ਿਆਦਾ ਬਰਫ਼ਬਾਰੀ ਹੋਣ ਦਾ ਪੂਰਵ ਅਨੁਮਾਨ ਲਾਇਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਉੱਤਰ ਅਤੇ ਮੱਧ ਕਸ਼ਮੀਰ ਦੇ ਉੱਚਾਈ ਵਾਲੇ ਇਲਾਕਿਆਂ ’ਚ ਮੀਂਹ ਅਤੇ ਹਲਕੀ ਬਰਫ਼ਬਾਰੀ ਦਾ ਅਨੁਮਾਨ ਹੈ। ਨਾਲ ਹੀ ਬੱਦਲ ਛਾਏ ਰਹਿਣਗੇ।
ਮੌਸਮ ਵਿਭਾਗ ਮੁਤਾਬਕ ਕਸ਼ਮੀਰ ਘਾਟੀ ਦੇ ਉੱਚੇ ਇਲਾਕਿਆਂ ਵਿਚ 30 ਅਕਤੂਬਰ ਦੀ ਸਵੇਰ ਤੱਕ ਬਰਫ਼ਬਾਰੀ ਦੀ ਸੰਭਾਵਨਾ ਹੈ ਅਤੇ ਇਸ ਤੋਂ ਬਾਅਦ 8 ਨਵੰਬਰ ਤੱਕ ਮੌਸਮ ਖੁਸ਼ਕ ਰਹੇਗਾ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਕਟਾਈ, ਕਟੀ ਹੋਈ ਫ਼ਸਲ ਦੀ ਸੁਰੱਖਿਅਤ ਸਟੋਰੇਜ ਅਤੇ ਹੋਰ ਖੇਤੀਬਾੜੀ ਦੇ ਕੰਮ ਜਾਰੀ ਰੱਖਣ ਦੀ ਸਲਾਹ ਦਿੱਤੀ ਹੈ। ਇਕ ਨਵੰਬਰ ਤੋਂ ਸਵੇਰ ਦੇ ਸਮੇਂ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿਚ ਧੁੰਦ ਛਾਏ ਰਹਿਣ ਦਾ ਅਨੁਮਾਨ ਹੈ।
ਸ਼੍ਰੀਨਗਰ ਵਿਚ ਸੋਮਵਾਰ ਅਤੇ ਮੰਗਲਵਾਰ ਦੀ ਮੱਧ ਰਾਤ ਵਿਚ ਘੱਟੋ-ਘੱਟ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਮੌਸਮ ਦੇ ਇਸ ਸਮੇਂ ਦੌਰਾਨ ਜੰਮੂ-ਕਸ਼ਮੀਰ ਦੀ ਰਾਜਧਾਨੀ ਲਈ ਤਾਪਮਾਨ ਆਮ ਨਾਲੋਂ 7.4 ਡਿਗਰੀ ਸੈਲਸੀਅਸ ਵੱਧ ਸੀ। ਮੌਸਮ ਵਿਭਾਗ ਦਫ਼ਤਰ ਨੇ ਦੱਸਿਆ ਕਿ ਸੋਮਵਾਰ ਨੂੰ ਸ਼੍ਰੀਨਗਰ ਵਿਚ ਵੱਧ ਤੋਂ ਵੱਧ ਤਾਪਮਾਨ ਸੋਮਵਾਰ ਦੇ ਆਮ ਤਾਪਮਾਨ 22.7 ਡਿਗਰੀ ਸੈਲਸੀਅਸ ਨਾਲੋਂ 1.9 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ।