ਆਸਟ੍ਰੇਲੀਆ ਨੇ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਸਟਾਰ ਤੇਜ਼ ਗੇਂਦਬਾਜ਼ ਪੈਟ ਕਮਿੰਸ ਟੂਰਨਾਮੈਂਟ ਵਿੱਚ ਟੀਮ ਦੀ ਅਗਵਾਈ ਕਰਨਗੇ। ਕ੍ਰਿਕਟ ਆਸਟ੍ਰੇਲੀਆ ਨੇ ਅੱਠ ਟੀਮਾਂ ਦੇ ਟੂਰਨਾਮੈਂਟ ਲਈ ਆਪਣੀ ਸ਼ੁਰੂਆਤੀ ਟੀਮ ਦਾ ਐਲਾਨ ਕੀਤਾ ਹੈ। ਇਸ ਵਾਰ ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ 9 ਮਾਰਚ ਤੱਕ ਪਾਕਿਸਤਾਨ ਅਤੇ ਦੁਬਈ ਵਿੱਚ ਤਿੰਨ ਥਾਵਾਂ ‘ਤੇ ਆਯੋਜਿਤ ਕੀਤੀ ਜਾ ਰਹੀ ਹੈ।
ਬੇਸ਼ੱਕ ਸੱਟ ਕਾਰਨ ਪੈਟ ਕਮਿੰਸ ਦਾ ਖੇਡਣਾ ਸ਼ੱਕੀ ਸੀ, ਪਰ ਉਸਨੂੰ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। 2023 ਵਿੱਚ, ਆਸਟ੍ਰੇਲੀਆ ਨੇ ਕਮਿੰਸ ਦੀ ਕਪਤਾਨੀ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਇੱਕ ਰੋਜ਼ਾ ਵਿਸ਼ਵ ਕੱਪ ਖਿਤਾਬ ਜਿੱਤੇ ਸਨ। ਬ੍ਰਿਸਬੇਨ ਦੇ ਗਾਬਾ ਵਿਖੇ ਭਾਰਤ-ਆਸਟ੍ਰੇਲੀਆ ਤੀਜੇ ਟੈਸਟ ਦੌਰਾਨ ਜ਼ਖਮੀ ਹੋਏ ਸਟਾਰ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਵੀ ਟੀਮ ਦਾ ਹਿੱਸਾ ਹਨ। ਖ਼ਰਾਬ ਫਾਰਮ ਨਾਲ ਜੂਝ ਰਹੇ ਆਲਰਾਊਂਡਰ ਮਿਸ਼ੇਲ ਮਾਰਸ਼ ਨੂੰ ਵੀ ਚੋਣਕਾਰਾਂ ਨੇ ਟੀਮ ਵਿੱਚ ਜਗ੍ਹਾ ਦਿੱਤੀ ਹੈ। 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਜੇਤੂ ਟ੍ਰੈਵਿਸ ਹੈੱਡ, ਮਿਸ਼ੇਲ ਸਟਾਰਕ, ਐਡਮ ਜ਼ਾਂਪਾ, ਗਲੇਨ ਮੈਕਸਵੈੱਲ, ਜੋਸ਼ ਇੰਗਲਿਸ, ਮਾਰਨਸ ਲਾਬੂਸ਼ਾਨੇ, ਸਟੀਵ ਸਮਿਥ, ਐਲੇਕਸ ਕੈਰੀ ਅਤੇ ਮਾਰਕਸ ਸਟੋਇਨਿਸ ਵੀ ਅਗਲੇ ਮਹੀਨੇ ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ ਆਸਟ੍ਰੇਲੀਆ ਲਈ ਖੇਡਣਗੇ।
ਤੇਜ਼ ਗੇਂਦਬਾਜ਼ ਨਾਥਨ ਐਲਿਸ ਵੀ ਆਸਟ੍ਰੇਲੀਆਈ ਟੀਮ ਦਾ ਹਿੱਸਾ ਹਨ, ਜਦੋਂ ਕਿ ਚੋਣਕਾਰਾਂ ਨੇ ਆਲਰਾਊਂਡਰ ਮੈਥਿਊ ਸ਼ਾਰਟ ਅਤੇ ਐਰੋਨ ਹਾਰਡੀ ‘ਤੇ ਵੀ ਭਰੋਸਾ ਪ੍ਰਗਟ ਕੀਤਾ ਹੈ। ਆਸਟ੍ਰੇਲੀਆ ਚੈਂਪੀਅਨਜ਼ ਟਰਾਫੀ ਵਿੱਚ ਗਰੁੱਪ ਬੀ ਦਾ ਹਿੱਸਾ ਹੈ ਅਤੇ 22 ਫਰਵਰੀ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਆਪਣੇ ਰਵਾਇਤੀ ਵਿਰੋਧੀ ਇੰਗਲੈਂਡ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਪੈਟ ਕਮਿੰਸ ਦੀ ਅਗਵਾਈ ਵਾਲੀ ਟੀਮ ਦਾ ਦੂਜਾ ਮੈਚ 25 ਫਰਵਰੀ ਨੂੰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿੱਚ ਦੱਖਣੀ ਅਫਰੀਕਾ ਵਿਰੁੱਧ ਹੋਵੇਗਾ। ਟੀਮ ਦਾ ਗਰੁੱਪ ਪੜਾਅ ਦਾ ਆਖਰੀ ਮੈਚ 28 ਫਰਵਰੀ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਅਫਗਾਨਿਸਤਾਨ ਵਿਰੁੱਧ ਹੋਵੇਗਾ।
ਚੈਂਪੀਅਨਜ਼ ਟਰਾਫੀ ਦੇ ਦੋ ਸੈਮੀਫਾਈਨਲ 4 ਅਤੇ 5 ਮਾਰਚ ਨੂੰ ਦੁਬਈ ਅਤੇ ਲਾਹੌਰ ਵਿੱਚ ਹੋਣਗੇ, ਜਦੋਂ ਕਿ ਫਾਈਨਲ ਮੈਚ ਐਤਵਾਰ, 9 ਮਾਰਚ ਨੂੰ ਖੇਡਿਆ ਜਾਵੇਗਾ। ਜੇਕਰ ਭਾਰਤ ਫਾਈਨਲ ਵਿੱਚ ਪਹੁੰਚਦਾ ਹੈ, ਤਾਂ ਖਿਤਾਬੀ ਮੁਕਾਬਲਾ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ, ਨਹੀਂ ਤਾਂ ਗੱਦਾਫੀ ਸਟੇਡੀਅਮ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ।
ਆਈਸੀਸੀ ਚੈਂਪੀਅਨਜ਼ ਟਰਾਫੀ 2025 ਲਈ ਆਸਟ੍ਰੇਲੀਅਨ ਟੀਮ ਦੇ ਵਿੱਚ ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈੱਡ, ਮਾਰਨਸ ਲਾਬੂਸ਼ਾਨੇ, ਸਟੀਵ ਸਮਿਥ, ਜੋਸ਼ ਇੰਗਲਿਸ (ਵਿਕਟਕੀਪਰ), ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਮਾਰਸ਼, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਮੈਥਿਊ ਸ਼ਾਰਟ, ਆਰੋਨ ਹਾਰਡੀ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਨਾਥਨ ਐਲਿਸ ਅਤੇ ਐਡਮ ਜ਼ਾਂਪਾ ਸ਼ਾਮਿਲ ਹਨ।