ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸਿਡਨੀ ਕ੍ਰਿਕਟ ਗਰਾਊਂਡ ‘ਤੇ ਪੰਜਵੇਂ ਟੈਸਟ ਤੋਂ ਪਹਿਲਾਂ ਨਵੇਂ ਸਾਲ ‘ਤੇ ਬੁੱਧਵਾਰ 1 ਜਨਵਰੀ ਨੂੰ ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਦੀ ਮੇਜ਼ਬਾਨੀ ਕੀਤੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਮੁਲਾਕਾਤ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ, ਜਿੱਥੇ ਭਾਰਤੀ ਅਤੇ ਆਸਟ੍ਰੇਲੀਅਨ ਖਿਡਾਰੀਆਂ ਨੂੰ ਤਸਵੀਰਾਂ ਖਿਚਵਾਉਂਦੇ ਦੇਖਿਆ ਜਾ ਸਕਦਾ ਹੈ।
ਇਕ ਤਸਵੀਰ ‘ਚ ਐਲਬਨੀਜ਼ ਆਪਣੇ ਫੋਨ ਤੋਂ ਵਿਰਾਟ ਕੋਹਲੀ ਨੂੰ ਕੁਝ ਦਿਖਾਉਂਦੇ ਨਜ਼ਰ ਆ ਰਹੇ ਸਨ, ਜਿਸ ‘ਤੇ ਦੋਵੇਂ ਹੱਸ ਰਹੇ ਸਨ। ਆਸਟ੍ਰੇਲੀਅਨ ਕਪਤਾਨ ਪੈਟ ਕਮਿੰਸ ਨੂੰ ਟੀਮਾਂ ਨੂੰ ਸੰਬੋਧਨ ਕਰਦੇ ਦੇਖਿਆ ਜਾ ਸਕਦਾ ਹੈ, ਜਦਕਿ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾਥ ਨੂੰ ਮੈਕਗ੍ਰਾ ਫਾਊਂਡੇਸ਼ਨ ਦੀ ਤਰਫੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੂੰ ਗੁਲਾਬੀ ਟੋਪੀ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।
ਆਸਟ੍ਰੇਲੀਆ ਵਿਚ ਬਾਰਡਰ-ਗਾਵਸਕਰ ਟਰਾਫ਼ੀ ਲਈ ਖੇਡੀ ਜਾ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਸ਼ਾਨਦਾਰ ਪ੍ਰਦਰਸ਼ਨ ਦਰਮਿਆਨ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਮਖੌਲੀਆ ਲਹਿਜ਼ੇ ਵਿਚ ਸੁਝਾਝ ਦਿੱਤਾ ਹੈ ਕਿ ਇਕ ਅਜਿਹਾ ਕਾਨੂੰਨ ਬਣਾਇਆ ਜਾ ਸਕਦਾ ਹੈ ਜਿਸ ਨਾਲ ਭਾਰਤ ਦਾ ਇਹ ਤੇਜ਼ ਗੇਂਦਬਾਜ਼ ਮੇਜ਼ਬਾਨ ਟੀਮ ਖਿਲਾਫ਼ ‘ਖੱਬੇ ਹੱਥ ਨਾਲ ਗੇਂਦਬਾਜ਼ੀ ਕਰਨ ਜਾਂ ਇਕ ਕਦਮ ਦੀ ਦੂਰੀ ਤੋਂ ਗੇਂਦਬਾਜ਼ੀ’ ਕਰਨ ਲਈ ਮਜਬੂਰ ਹੋ ਜਾਵੇ। ਬੁਮਰਾਹ, ਜਿਸ ਨੂੰ ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਵਿਚ ਵਿਸ਼ਵ ਦਾ ਸਰਵੋਤਮ ਤੇਜ਼ ਗੇਂਦਬਾਜ਼ ਮੰਨਿਆ ਜਾਂਦਾ ਹੈ, ਨੇ ਮੌਜੂਦਾ ਟੈਸਟ ਲੜੀ ਵਿਚ ਆਸਟ੍ਰੇਲੀਅਨ ਬੱਲੇਬਾਜ਼ਾਂ ਨੂੰ ਖਾਸਾ ਪ੍ਰੇਸ਼ਾਨ ਕੀਤਾ ਹੈ। ਬੁਮਰਾਹ ਨੇ ਹੁਣ ਤੱਕ ਚਾਰ ਟੈਸਟ ਮੈਚਾਂ ਵਿਚ 30 ਵਿਕਟ ਲਏ ਹਨ।
ਐਲਬਨੀਜ਼, ਜਿਨ੍ਹਾਂ ਸਿਡਨੀ ਵਿਚ ਭਾਰਤੀ ਤੇ ਆਸਟ੍ਰੇਲੀਅਨ ਖਿਡਾਰੀਆਂ ਦੀ ਮੇਜ਼ਬਾਨੀ ਕੀਤੀ, ਨੇ ਬੜੇ ਖੁਸ਼ਮਿਜ਼ਾਜ ਰੌਂਅ ਵਿਚ ਬੁਮਰਾਹ ਨਾਲ ਗੱਲਬਾਤ ਕੀਤੀ। ਐਲਬਨੀਜ਼ ਨੇ ਬੜੇ ਹਲਕੇ ਅੰਦਾਜ਼ ਵਿਚ ਕਿਹਾ, ‘‘ਅਸੀਂ ਇੱਥੇ ਇੱਕ ਕਾਨੂੰਨ ਪਾਸ ਕਰ ਸਕਦੇ ਹਾਂ ਕਿ ਬੁਮਰਾਹ ਨੂੰ ਸਿਡਨੀ ਵਿਚ ਬੱਲੇਬਾਜ਼ਾਂ ਨੂੰ ਖੱਬੇ ਹੱਥ ਜਾਂ ਇੱਕ ਕਦਮ ਦੂਰੀ ਨਾਲ ਗੇਂਦਬਾਜ਼ੀ ਕਰਨੀ ਪਵੇਗੀ। ਹਰ ਵਾਰ ਜਦੋਂ ਉਹ ਗੇਂਦਬਾਜ਼ੀ ਲਈ ਆਇਆ ਹੈ ਤਾਂ ਬਹੁਤ ਰੋਮਾਂਚਕ ਰਿਹਾ ਹੈ।’’ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਆਸਟ੍ਰੇਲੀਆ 2-1 ਨਾਲ ਅੱਗੇ ਹੈ। ਬੁਮਰਾਹ ਨੇ ਮੈਲਬੌਰਨ ਵਿਚ ਖੇਡੇ ਚੌਥੇ ਟੈਸਟ ਮੈਚ ਦੌਰਾਨ ਹੀ ਟੈਸਟ ਕ੍ਰਿਕਟ ਵਿਚ ਆਪਣੀਆਂ 200 ਵਿਕਟਾਂ ਪੂਰੀਆਂ ਕੀਤੀਆਂ ਸਨ। ਭਾਰਤੀ ਗੇਂਦਬਾਜ਼ ਦਾ ਇਹ 44ਵਾਂ ਟੈਸਟ ਮੈਚ ਸੀ।
ਨਵੇਂ ਸਾਲ ਦਾ ਟੈਸਟ ਸਿਡਨੀ ਵਿੱਚ ਇੱਕ ਵਿਸ਼ੇਸ਼ ਸਮਾਗਮ ਹੈ, ਜਿਸ ਵਿੱਚ ਖੇਡ ਦੇ ਤੀਜੇ ਦਿਨ ‘ਜੇਨ ਮੈਕਗ੍ਰਾ ਦਿਵਸ’ ਮਨਾਇਆ ਜਾਂਦਾ ਹੈ। ਖਾਸ ਤੌਰ ‘ਤੇ, ਜੇਨ ਗਲੇਨ ਮੈਕਗ੍ਰਾਥ ਦੀ ਸਾਬਕਾ ਪਤਨੀ ਸੀ, ਜਿਸਦੀ 2008 ਵਿੱਚ ਛਾਤੀ ਦੇ ਕੈਂਸਰ ਨਾਲ ਮੌਤ ਹੋ ਗਈ ਸੀ। 2005 ਵਿੱਚ, ਜੇਨ ਅਤੇ ਗਲੇਨ ਨੇ ਮਿਲ ਕੇ ਮੈਕਗ੍ਰਾਥ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਇੱਕ ਚੈਰੀਟੇਬਲ ਸੰਸਥਾ ਜੋ ਆਸਟ੍ਰੇਲੀਆ ਦੇ ਪੇਂਡੂ ਅਤੇ ਖੇਤਰੀ ਖੇਤਰਾਂ ਵਿੱਚ ਛਾਤੀ ਦੀ ਦੇਖਭਾਲ ਦੀਆਂ ਨਰਸਾਂ ਦੀ ਸਹਾਇਤਾ ਲਈ ਫੰਡ ਇਕੱਠਾ ਕਰਨ ‘ਤੇ ਕੇਂਦਰਿਤ ਹੈ। ਫਾਊਂਡੇਸ਼ਨ ਨੌਜਵਾਨ ਔਰਤਾਂ ਵਿੱਚ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵੀ ਕੰਮ ਕਰਦੀ ਹੈ।