ਵਿਕਟੋਰੀਆ ਦੀ ਇੱਕ ਖੇਤਰੀ ਬਾਗਬਾਨੀ ਕੰਪਨੀ ਅਤੇ ਕਾਰੋਬਾਰ ਵਿੱਚ ਕੰਮ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਲਈ ਢਾਈ ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।
ਸੁਪਰੀਮ ਕੋਰਟ ਨੇ ਵਿਕਟੋਰੀਆ ਦੇ ਇੱਕ ਖੇਤਰੀ ਸ਼ਹਿਰ ਬੇਨਾਲਾ ਦੀ ਇੱਕ ਬਾਗਬਾਨੀ ਕੰਪਨੀ ਅਤੇ ਕਾਰੋਬਾਰ ਦੇ ਨਾਲ ਜੁੜੇ ਦੋ ਵਿਅਕਤੀਆਂ ਉਪਰ ਢਾਈ ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ। ਸੁਪਰੀਮ ਕੋਰਟ ਨੇ ਇਹ ਪਾਇਆ ਕਿ ‘ਕੈਮਰਨ ਵਰਕਫੋਰਸ’ ਨੇ ਬਿਨਾਂ ਲੇਬਰ ਹਾਇਰ ਲਾਇਸੈਂਸ ਤੋਂ ਕਾਮਿਆਂ ਨੂੰ ਮੁਹੱਈਆ ਕਰਵਾ ਕੇ ਸੂਬੇ ਦੇ ਕਿਰਤ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਕਾਮਿਆਂ ਨੇ ਬੇਨਾਲਾ ਖੇਤਰ ਦੇ ਕਈ ਫਾਰਮਾਂ ‘ਤੇ ਅੰਗੂਰ ਅਤੇ ਚੈਸਟਨੱਟ ਤੋੜੇ। ਕੋਰਟ ਵਲੋਂ ਕੰਪਨੀ ਉਪਰ ਢਾਈ ਲੱਖ ਡਾਲਰ ਦਾ ਜੁਰਮਾਨਾ ਲਗਾਇਆ। ਇੱਕ ਕੰਪਨੀ ਡਾਇਰੈਕਟਰ ਨੂੰ 40 ਹਜ਼ਾਰ ਡਾਲਰ ਦਾ ਜੁਰਮਾਨਾ ਜਦਕਿ ਇੱਕ ਹੋਰ ਵਿਅਕਤੀ ਨੂੰ ਉਸਦੇ ਆਚਰਣ ਲਈ 15 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ।
ਲੇਬਰ ਹਾਇਰ ਅਥਾਰਟੀ ਦੁਆਰਾ ਵਰਕਰਾਂ ਦੀ ਭੀੜ-ਭੜੱਕੇ ਵਾਲੀ ਰਿਹਾਇਸ਼ ਦੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਇਹ ਭਾਰੀ ਵਿੱਤੀ ਜੁਰਮਾਨੇ ਲਗਾਏ ਗਏ ਹਨ। ਅਦਾਲਤ ਨੇ ਪਾਇਆ ਕਿ ਕਾਮਿਆਂ ਨੂੰ ਇੱਕ ਕੰਪਨੀ ਡਾਇਰੈਕਟਰ ਦੀ ਮਾਲਕੀਅਤ ਵਾਲੇ ਭੀੜ-ਭੜੱਕੇ ਵਾਲੀ ਅਤੇ ਘਟੀਆ ਰਿਹਾਇਸ਼ ਵਿੱਚ ਰੱਖਿਆ ਗਿਆ ਸੀ। ਅਦਾਲਤ ਨੇ ਪਾਇਆ ਕਿ ਕੰਪਨੀ ਆਪਣੇ ਵਰਕਰਾਂ ਨੂੰ ਲਿਖਤੀ ਇਕਰਾਰਨਾਮੇ ਜਾਂ ਤਨਖਾਹ ਸਲਿੱਪਾਂ ਸਮੇਤ ਕਈ ਤਰ੍ਹਾਂ ਦੇ ਹੱਕ ਦੇਣ ਦੇ ਵਿੱਚ ਅਸਫਲ ਰਹੀ। ਵਰਕਰਾਂ ਨੂੰ ਇੰਡਸਟਰੀ ਐਵਾਰਡ ਜਾਂ ਸੁਪਰਐਨੂਏਸ਼ਨ ਯੋਗਦਾਨ ਦੇ ਤਹਿਤ ਘੱਟੋ-ਘੱਟ ਪ੍ਰਤੀ ਘੰਟੇ ਦੀ ਦਰ ਪ੍ਰਦਾਨ ਨਹੀਂ ਕੀਤੀ ਗਈ ਸੀ ਅਤੇ ਉਨ੍ਹਾਂ ਦੀਆਂ ਤਨਖਾਹਾਂ ਤੋਂ ਆਮਦਨ ਟੈਕਸ ਰੋਕ ਦਿੱਤਾ ਗਿਆ ਸੀ।
ਅਦਾਲਤ ਦਾ ਇਹ ਫੈਸਲਾ ਅਤੇ ਵਿੱਤੀ ਜੁਰਮਾਨਾ ਕੰਪਨੀ ਦੇ ਬੈਂਕ ਖਾਤੇ ਨੂੰ 2023 ਵਿੱਚ ਲੇਬਰ ਹਾਇਰ ਅਥਾਰਟੀ ਦੁਆਰਾ ਕੀਤੀ ਗਈ ਪਿਛਲੀ ਅਦਾਲਤੀ ਕਾਰਵਾਈ ਤੋਂ ਬਾਅਦ ਫਰੀਜ਼ ਕੀਤੇ ਜਾਣ ਤੋਂ ਬਾਅਦ ਆਇਆ ਹੈ। ਕੰਪਨੀ ਬਿਨਾਂ ਲਾਇਸੈਂਸ ਤੋਂ ਵਰਕਰਾਂ ਨੂੰ ਨਾ ਦੇਣ ‘ਤੇ ਸਹਿਮਤ ਹੋਈ ਸੀ।
ਅਥਾਰਟੀ ਨੇ ਕਿਹਾ ਕਿ ਬਚਾਅ ਪੱਖ ਦੇ ਵੱਲੋਂ ਕਈ ਕਾਨੂੰਨਾਂ ਦੀ ਪਾਲਣਾ ਨਾ ਕਰਨ ਦੇ ਮੱਦੇਨਜ਼ਰ ਉਹ ਹੋਰ ਸੰਬੰਧਿਤ ਰੈਗੂਲੇਟਰਾਂ ਨੂੰ ਰੈਫਰਲ ਕਰਨਗੇ। ਲੇਬਰ ਹਾਇਰ ਲਾਇਸੈਂਸਿੰਗ ਕਮਿਸ਼ਨਰ ਸਟੀਵ ਡਾਰਗਾਵੇਲ ਨੇ ਕਿਹਾ ਕਿ, ‘ਬਾਗਬਾਨੀ ਉਦਯੋਗ ਵਿੱਚ ਲੇਬਰ ਹਾਇਰ ਵਰਕਰ ਸੂਬੇ ਦੇ ਸਭ ਤੋਂ ਕਮਜ਼ੋਰ ਲੋਕਾਂ ਵਿੱਚੋਂ ਇੱਕ ਹਨ ਅਤੇ ਸਾਡੇ ਵਿਸਤ੍ਰਿਤ ਪਾਲਣਾ ਅਤੇ ਲਾਗੂ ਕਰਨ ਵਾਲੇ ਪ੍ਰੋਗਰਾਮ ਲਈ ਇਹ ਉਦਯੋਗ ਇੱਕ ਮੁੱਖ ਕੇਂਦਰ ਹੈ। ਲੇਬਰ ਹਾਇਰ ਅਥਾਰਟੀ ਲੇਬਰ ਹਾਇਰ ਉਦਯੋਗ ਤੋਂ ਸ਼ੋਸ਼ਣਕਾਰੀ ਕਾਰੋਬਾਰਾਂ ਨੂੰ ਹਟਾਉਣ ਲਈ ਆਪਣੇ ਕੋਲ ਮੌਜੂਦ ਸਾਰੇ ਸਾਧਨਾਂ ਦੀ ਵਰਤੋਂ ਕਰੇਗਾ।”