ਸੰਗਰੂਰ – ਭਾਨਾ ਸਿੱਧੂ ਦੇ ਹੱਕ ਵਿੱਚ ਅੱਜ ਯੂਥ ਨੌਜਵਾਨਾਂ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਲਈ ਇੱਕ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਸਵੇਰ ਤੋਂ ਹੀ ਸੰਗਰੂਰ ਜ਼ਿਲ੍ਹੇ ਚ ਦਾਖਲ ਹੋਣ ਵਾਰੇ ਸਾਰੇ ਐਂਟਰੀ ਪੁਆਇੰਟਸ ਉੱਤੇ ਭਾਰੀ ਪੁਲਿਸ ਬਲ ਤੈਨਾਤ ਕੀਤੀ ਗਈ ਤਾਂਕਿ ਯੂਥ ਨੌਜਵਾਨਾਂ ਨੂੰ ਧਰਨੇ ਵਾਲੀ ਥਾਂ ਉੱਤੇ ਪਹੁੰਚਣ ਤੋਂ ਰੋਕਿਆ ਜਾ ਸਕੇ ਪਰੰਤੂ ਇਸਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ, ਵੱਖ ਵੱਖ ਕਿਸਾਨ ਜਥੇਬੰਦੀਆਂ, ਭਾਨਾ ਸਿੱਧੂ ਅਤੇ ਲੱਖਾ ਸਿਧਾਨਾ ਦੇ ਹਮਾਇਤੀ ਪੁਲਿਸ ਵੱਲੋਂ ਕੀਤੀ ਬੈਰੀਗੇਟਿੰਗ ਤੋੜਦੇ ਹੋਏ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਨੇੜੇ ਪਹੁੰਚਣ ਵਿੱਚ ਸਫਲ ਹੋਏ ਅਤੇ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਜਾਮ ਕਰਦਿਆਂ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਆਪਣਾ ਰੋਸ਼ ਪ੍ਰਗਟ ਕੀਤਾ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਬੜਬਰ ਟੋਲ ਪਲਾਜ਼ਾ, ਸੰਗਰੂਰ ਪਟਿਆਲਾ ਰੋਡ ਅਤੇ ਹੋਰ ਕਈ ਥਾਵਾਂ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ, ਯੂਥ ਨੌਜਵਾਨਾਂ ਨੂੰ ਨਾ ਕੇਵਲ ਗ੍ਰਿਫਤਾਰ ਕੀਤਾ ਗਿਆ ਬਲਕਿ ਇਸ ਧਰਨੇ ਦੀ ਹਮਾਇਤ ਕਰਨ ਵਾਲੇ ਕਈ ਸਿਆਸੀ ਆਗੂਆਂ ਨੂੰ ਘਰ ਵਿੱਚ ਨਜਰਬੰਦ ਵੀ ਕੀਤਾ ਗਿਆ ਪਰੰਤੂ ਇਸ ਸੱਭ ਦੇ ਬਾਵਜੂਦ ਵੀ ਲੱਖਾ ਸਿਧਾਨਾ ਨੇ ਧਰਨੇ ਵਿੱਚ ਪਹੁੰਚਕੇ ਇੱਕਠ ਨੂੰ ਸੰਬੋਧਨ ਕੀਤਾ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਨਾ ਅਤੇ ਹੋਰ ਵੱਖ ਵੱਖ ਆਗੂਆਂ ਨੇ ਭਾਨਾ ਸਿੱਧੂ ਨੂੰ ਤੁਰੰਤ ਰਿਹਾਅ ਕਰਨ ਅਤੇ ਉਸ ਉੱਤੇ ਪਾਏ ਗਏ ਸਾਰੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸਰਕਾਰ ਦੀ ਸ਼ਹਿ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਯੂਥ ਨੌਜਵਾਨਾਂ ਨੂੰ ਧਰਨੇ ਵਿੱਚ ਆਉਣ ਤੋਂ ਰੋਕਣ ਲਈ ਧੱਕੇਸ਼ਾਹੀ ਕਰਦੇ ਹੋਏ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਧਰਨੇ ਸੰਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਅਤੇ ਯੂਥ ਵਿੰਗ ਦੇ ਆਗੂ ਜਸਦੀਪ ਸਿੰਘ ਬਹਾਦਰਪੁਰ ਨੇ ਕਿਹਾ ਕਿ ਇੱਕ ਪਾਸੇ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਪਿੱਟ ਰਹੀ ਹੈ ਕਿ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਸਮੇਂ ਲੋਕਤੰਤਰ ਦਾ ਕਤਲ ਹੋ ਗਿਆ ਅਤੇ ਦਿੱਲੀ ਵਿੱਚ ਇਹਨਾਂ ਨੂੰ ਰੋਸ਼ ਪ੍ਰਦਰਸ਼ਨ ਕਰਨ ਤੋਂ ਜਦੋਂ ਬੀਜੇਪੀ ਨੇ ਰੋਕਿਆ ਤਾਂ ਇਹ ਹਾਲ ਦੁਹਾਈ ਪਾਉਂਦੇ ਹਨ ਪਰ ਦੂਸਰੇ ਪਾਸੇ ਝੂਠੇ ਪਰਚਿਆਂ ਅਤੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਖਿਲਾਫ ਜਦੋਂ ਅੱਜ ਲੋਕਾਂ ਵੱਲੋਂ ਸੰਗਰੂਰ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਸੀ ਤਾਂ ਉਨਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਪੁਲਿਸ ਜਬਰ ਦਾ ਸਹਾਰਾ ਲਿਆ ਗਿਆ। ਉਹਨਾਂ ਕਿਹਾ ਕਿ ਦਿੱਲੀ ਅੰਦੋਲਨ ਸਮੇਂ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਲੋਕਾਂ ਦੇ ਰਸਤੇ ਰੋਕੇ ਸੀ ਉਸੇ ਤਰ੍ਹਾਂ ਭਾਰੀ ਪੁਲਿਸ ਬਲ ਲਾ ਕੇ ਰਸਤੇ ਰੋਕੇ ਗਏ ਅਤੇ ਲੋਕਾਂ ਦੇ ਰੋਸ ਪ੍ਰਦਰਸ਼ਨ ਕਰਨ ਦੇ ਜਮਹੂਰੀ ਹੱਕ ਨੂੰ ਖੋਹਿਆ ਗਿਆ।