Articles

ਸਰਪੰਚ ਬਣੇ ਇਕ ਪ੍ਰਵਾਸੀ ਨੂੰ ਮੁਬਾਰਕ ਤੇ ਸਵਾਗਤ !

ਪੰਜਾਬ ਦੇ ਮੁੱਖ-ਮੰਤਰੀ ਹਰਭਜਨ ਸਿੰਘ ਮਾਨ ਦੇ ਨਾਲ ਮੁਲਾਕਾਤ ਸਮੇਂ ਸਰਪੰਚ ਜਸਪਾਲ ਸਿੰਘ (ਵਿਚਕਾਰ) ਅਤੇ ਲੇਖਕ ਤਰਲੋਚਨ ਸਿੰਘ ਦੁਪਾਲਪੁਰ। ਸਰਪੰਚ ਜਸਪਾਲ ਸਿੰਘ (ਵਿਚਕਾਰ) ਅਤੇ ਲੇਖਕ ਤਰਲੋਚਨ ਸਿੰਘ ਦੁਪਾਲਪੁਰ।

ਪੰਜਾਬ ਵਿਚ ਹੁਣੇ ਹੁਣੇ ਹੋਈਆਂ ਪੰਚਾਇਤ ਚੋਣਾ ਦੇ ਨਤੀਜੇ ਆਉਣ ‘ਤੇ ਮੀਡ੍ਹੀਏ ਵਿਚ ਕਈ ਅਜਿਹੇ ਪਿੰਡਾਂ ਦੀਆਂ ਖਬਰਾਂ ਬੜੇ ਉਚੇਚੇ ਰੂਪ ਵਿਚ ਛਪੀਆਂ ਜਿੱਥੇ ਯੂ.ਪੀ ਬਿਹਾਰ ਤੋਂ ਆਏ ਪ੍ਰਵਾਸੀ ਵਿਅਕਤੀ, ਮੈਂਬਰ ਪੰਚਾਇਤ ਜਾਂ ਸਰਪੰਚ ਚੁਣੇ ਗਏ। ਅਜਿਹੀਆਂ ਖਬਰਾਂ ਨੂੰ ਉਚੇਚਾ ‘ਲੂਣ ਮਸਾਲਾ’ ਲਾ ਲਾ ਕੇ ਪ੍ਰੋਸਣ ਵਾਲ਼ਿਆਂ ਵਿਚ ਉਨ੍ਹਾਂ ਪ੍ਰਵਾਸੀ ਪੰਚਾਂ ਸਰਪੰਚਾਂ ਨਾਲ਼ ਨਫਰਤ ਕਰਨ ਵਾਲ਼ੇ ਵੀ ਹੋ ਸਕਦੇ ਹਨ ਪਰ ਅਜਿਹੀਆਂ ਖਬਰਾਂ ਦੇਣ ਵਾਲ਼ੇ ਇਕ-ਦੋ ਪੱਤਰਕਾਰਾਂ ਨੇ ਪੁੱਛਣ ‘ਤੇ ਦੱਸਿਆ ਕਿ ਉਨ੍ਹਾਂ ਦੀ ਮਨਸ਼ਾ ਇਹ ਸੀ ਕਿ ਪੰਜਾਬ ਤੋਂ ਅੰਨ੍ਹੇਂ ਵਾਹ ਪ੍ਰਵਾਸ ਕਰ ਰਹੇ ਪੰਜਾਬੀਆਂ ਨੂੰ ‘ਅੱਗਾ ਦੌੜ ਪਿੱਛਾ ਚੌੜ’ ਵਾਲ਼ੇ ਅਖਾਣ ਦਾ ਅਹਿਸਾਸ ਕਰਾਇਆ ਜਾਵੇ! ਇਸ ਵਿਸ਼ੇ ‘ਤੇ ਹੋਰ ਕੁੱਝ ਨਾ ਲਿਖਦਿਆਂ ਮੈਂ ਪੰਜਾਬ ‘ਚ ਇਕ ਪਿੰਡ ਦੇ ਸਰਪੰਚ ਬਣੇ ਉਸ ਪ੍ਰਵਾਸੀ (ਐੱਨ.ਆਰ.ਆਈ) ਬਾਰੇ ਜਾਣਕਾਰੀ ਦੇ ਰਿਹਾ ਹਾਂ ਜਿਸ ਦੀ ਕਹਾਣੀ ਪੰਜਾਬ ਤੋਂ ਵਿਦੇਸ਼ਾਂ ਵੱਲ੍ਹ ਹੋ ਰਹੇ ਪ੍ਰਵਾਸ ਨੂੰ ਠੱਲ੍ਹ ਪਾਉਣ ਵਿਚ ਸਹਾਈ ਹੋ ਸਕਦੀ ਹੈ!

ਆਪਣੇ ਪਿੰਡ ਬੀਰੋ ਵਾਲ਼ (ਜ਼ਿਲ੍ਹਾ ਨਵਾਂ ਸ਼ਹਿਰ) ਦਾ ਨਵਾਂ ਚੁਣਿਆਂ ਗਿਆ ਸਰਪੰਚ ਜਸਪਾਲ ਸਿੰਘ ਵਿਰਕ ਪਿੱਛੋਂ ਪੰਜਾਬ ਤੋਂ ਵੀ ਅਤੇ ਅਮਰੀਕਾ ਤੋਂ ਵੀ ਮੇਰਾ ਗੁਆਂਢੀ ਹੈ। ਇੱਥੇ ਇਹ ਵੀ ਸਪਸ਼ਟ ਕਰਦਾ ਜਾਵਾਂ ਕਿ ਸਿਰਫ ਆਪਣਾ ਗੁਆਂਢੀ ਸੱਜਣ ਹੋਣ ਦੀ ਵਜਾਹ ਕਰਕੇ ਹੀ ਮੈਂ ਇਹ ਲਿਖਤ ਨਹੀਂ ਲਿਖਣ ਜਾ ਰਿਹਾ। ਸਗੋਂ  ਇਸਦਾ ਮਕਸਦ ਪੰਜਾਬ ਤੋਂ ਪ੍ਰਵਾਸ ਕਰ ਗਿਆਂ ਨੂੰ ਪਿਛੋਕੜ ਨਾਲ਼ ਪਿਆਰ ਪਾਉਣ ਤੇ ਵਧਾਉਣ ਦੀ ਪ੍ਰੇਰਨਾ ਕਰਨਾ ਹੈ।

ਲਗ ਭਗ ਤੀਹ ਕੁ ਸਾਲ ਪਹਿਲਾਂ ਪੰਜਾਬ ਦੇ ਹੋਰ ਮੁੰਡਿਆਂ ਵਾਂਗ ਜਸਪਾਲ ਸਿੰਘ ਵੀ ਅਮਰੀਕਾ ਚਲਾ ਆਇਆ ਸੀ। ਕਈ ਸਾਲ ਸਖਤ ਸੰਘਰਸ਼ ਕਰਦਿਆਂ ਉਸਨੇ ਆਪਣੇ ਇਕ ਭਰਾ ਨੂੰ ਵੀ ਅਮਰੀਕਾ ਸੱਦਿਆ ਅਤੇ ਦੋਹਾਂ ਨੇ ਰਲ਼ ਕੇ ਇੱਥੇ ਛੋਟਾ ਮੋਟਾ ਕਾਰੋਬਾਰ ਵੀ ਸਥਾਪਤ ਕਰ ਲਿਆ। ਉਹ ਜਦ ਵੀ ਕਿਤੇ ਮੈਨੂੰ ਮਿਲ਼ਦਾ ਤਾਂ ਪੰਜਾਬ ਦੇ ਦਰਦ ਦੀਆਂ ਗੱਲਾਂ ਕਰਦਿਆਂ ਕਹਿੰਦਾ ਕਿ ਜਿਵੇਂ ਅਸੀਂ ਬਾਹਰ ਆ ਕੇ ਬਿਨਾਂ ਨੱਕ-ਬੁੱਲ੍ਹ ਵੱਟਿਆਂ ਹਰ ਤਰਾਂ ਦਾ ਕੰਮ ਕਰ ਲੈਂਦੇ ਹਾਂ ਇਵੇਂ ਅਸੀਂ ਪੰਜਾਬ ਵਿਚ ਕਿਉਂ ਨੀ ਕਰ ਸਕਦੇ? ਅਕਸਰ ਉਹ ਇਹ ਵੀ ਕਹਿੰਦਾ ਕਿ ਅਸੀਂ ਪ੍ਰਵਾਸੀ, ਪਿੰਡ ਜਾ ਕੇ ਵਿਦੇਸ਼ਾਂ ਦੇ ਕੰਮ-ਕਲਚਰ ਅਤੇ ਇਮਾਨਦਾਰੀ ਦੇ ਕਿੱਸੇ ਹੁੱਬ ਹੁੱਬ ਸੁਣਾਉਂਦੇ ਹਾਂ। ਕੀ ਇਹ ਕਲਚਰ ਅਤੇ ਇਮਾਨਦਾਰੀ ਪੰਜਾਬ ‘ਚ ਨਹੀਂ ਲਿਜਾਏ ਜਾ ਸਕਦੇ?

ਅਮਰੀਕਾ ‘ਚ ਰਹਿੰਦਿਆਂ ਮਾਦਰੇ-ਵਤਨ ਦੀ ਅਜਿਹੀ ਚਿੰਤਾ ਕਰਦੇ ਰਹਿੰਦੇ ਜਸਪਾਲ ਸਿੰਘ ਨੂੰ ਉਦੋਂ  ਹੋਰ ਤਕੜਾ ਹੁਲਾਰਾ ਮਿਲ਼ ਗਿਆ ਜਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰ ਦੀ ਮਨਸ਼ਾ ਬਾਰੇ ਕਿਹਾ ਕਿ ਆਪਾਂ ਰਲ਼ ਮਿਲ਼ ਕੇ ਪੰਜਾਬ ਨੂੰ ਏਦਾਂ ਦਾ ਬਣਾਈਏ ਕਿ ਵਿਦੇਸ਼ ਗਏ ਸਾਡੇ ਨੌਜਵਾਨ ਮੁੜ ਪੰਜਾਬ ਪਰਤ ਆਉਣ ਦੀ ਤਿਆਰੀ ਕਰਨ।

ਇਸੇ ਦੌਰਾਨ ਇਕ ਅਸਹਿ ਭਾਣਾ ਵਾਪਰ ਗਿਆ। ਜਸਪਾਲ ਦਾ ਵੱਡਾ ਭਰਾ ਇਕਬਾਲ ਸਿੰਘ ਵਿਰਕ ਜੋ ਬੀਰੋ ਵਾਲ਼ ਦਾ ਸਰਪੰਚ ਰਿਹਾ, ਭਰ ਜਵਾਨੀ ਵਿਚ ਹੀ ਅਚਾਨਕ ਚੜ੍ਹਾਈ ਕਰ ਗਿਆ। ’ਭਾਈ ਮਰੇ ਬਾਂਹ ਭੱਜਦੀ ਅੱਖੀਉਂ ਨੀ ਸੁੱਕਦਾ ਨੀਰ’-ਜਸਪਾਲ ਸਿੰਘ ਦਾ ਸਮੁੱਚਾ ਪ੍ਰਵਾਰ ਡੂੰਘੇ ਸਦਮੇਂ ਵਿਚ ਚਲਾ ਗਿਆ। ਸਾਊ ਸੁਭਾਅ, ਨੇਕ ਦਿਲ ਅਤੇ ਮਿੱਠ-ਬੋਲੇ ਇਕਬਾਲ ਦੇ ਸਦੀਵੀ ਵਿਛੋੜੇ ਕਾਰਨ ਸਾਰਾ ਬੀਰੋਵਾਲ਼ ਹੰਝੂ ਕੇਰਦਾ ਮੈਂ ਖੁਦ ਦੇਖਿਆ।ਵਿੱਛੜੇ ਵੀਰ ਦੀਆਂ ਅੰਤਮ ਰਸਮਾਂ ਨਿਭਾਉਣ ਉਪਰੰਤ ਉਹ ਕਈ ਮਹੀਨੇ ਪਿੰਡ ਰਿਹਾ।

ਹੌਲ਼ੀ ਹੌਲੀ ਸਦਮੇਂ ‘ਚੋਂ ਸੰਭਲ਼ ਕੇ ਉਸਨੇ ਆਪਣੇ ਸਵਰਗੀ ਭਰਾ ਵਾਂਗ ਲੋਕ-ਸੇਵਾ ਦੇ ਕਾਰਜ ਕਰਨੇ ਸ਼ੁਰੂ ਕੀਤੇ। ਬਾਬਾ ਜਗਤਾਰ ਸਿੰਘ ਪਨਿਆਲ਼ੀ ਵਾਲ਼ਿਆਂ ਦੀ ਦੇਖ-ਰੇਖ ਹੇਠ ‘ਇਕਬਾਲ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ’ ਕਰਾਉਣ ਦੀ ਸ਼ੁਰੂਆਤ ਕੀਤੀ। ਆਪਣੇ ਪਿੰਡ ਲਾਗੇ ਨਵਾਂ ਸ਼ਹਿਰ ਵਿਖੇ ਪੈਟ੍ਰੋਲ ਪੰਪ ਦਾ ਕਾਰੋਬਾਰ ਸ਼ੁਰੂ ਕੀਤਾ। ਅਮਰੀਕਾ ਤੋਂ ਪੰਜਾਬ ਆ ਕੇ ਖੇਤੀ ਬਾੜੀ ਦੇ ਨਾਲ਼ ਨਾਲ਼ ਹੋਰ ਕਾਰੋਬਾਰ ਸ਼ੁਰੂ ਕਰਨ ਦੀ ਸੁਭਾਗੀ ਸੂਚਨਾਂ ਸਾਂਝੀ ਕਰਨ ਲਈ ਉਸਨੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ। ਮਾਨ ਸਾਹਬ ਨੇ ਵੀ 22 ਦਸੰਬਰ 2023 ਵਾਲ਼ੇ ਦਿਨ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਸੱਦ ਕੇ ਉਸਦਾ ਮਾਣ ਸਤਿਕਾਰ ਕੀਤਾ।

ਅਕਤੂਬਰ 2024 ਵਿਚ ਹੋਈਆਂ ਪੰਚਾਇਤੀ ਚੋਣਾ ਮੌਕੇ ਬੀਰੋ ਵਾਲ਼ ਵਾਸੀਆਂ ਵਲੋਂ ਜੋਰ ਪਾਉਣ ‘ਤੇ ਉਸਨੇ ਸਰਪੰਚੀ ਦੀ ਚੋਣ ਲੜੀ ਅਤੇ ਕਾਮਯਾਬ ਹੋਇਆ। ਇਹ ਵੀ ਸੰਯੋਗ ਜਾਂ ਇਤਫਾਕ ਹੀ ਸਮਝੋ ਕਿ ਹੁਣ ਵਿਰਕ ਪ੍ਰਵਾਰ ਵਿਚ ਜਸਪਾਲ ਸਿੰਘ ਸਰਪੰਚ, ਸਵਰਗੀ ਇਕਬਾਲ ਸਿੰਘ ਦੀ ਸੁਪਤਨੀ ਬੀਬੀ ਮਨਜੀਤ ਕੌਰ ਪੰਚ ਅਤੇ ਜਸਪਾਲ ਦਾ ਛੋਟਾ ਵੀਰ ਜਸਵਿੰਦਰ ਸਿੰਘ ਲੰਬੜਦਾਰ ਹੈ !

ਬੀਤੇ ਅਕਤੂਬਰ ਵਿਚ ਪੰਚਾਇਤ ਚੋਣਾ ਦੇ ਨਤੀਜੇ ਆਉਣ ‘ਤੇ ਜਦ ਮੈਂ ਉਸਨੂੰ ਫੋਨ ‘ਤੇ ਸਰਪੰਚ ਬਣਨ ਦੀ ਵਧਾਈ ਦਿੱਤੀ ਤਾਂ ਉਸਨੇ ਭਰੇ ਗਲ਼ੇ ਨਾਲ ਆਪਣੇ ਵਿੱਛੜੇ ਵੀਰ ਇਕਬਾਲ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਪਿੰਡ ਵਿਚ ਉਹਦੇ ਸੋਚੇ ਹੋਏ ਕੁੱਝ ਕੰਮ ਕਰਨ ਵਾਲ਼ੇ ਰਹਿੰਦੇ ਹਨ, ਵਾਹਿਗੁਰੂ ਦੀ ਮਿਹਰ ਸਦਕਾ ਮੈਂ ਬਿਨਾਂ ਕੋਈ ਸਰਕਾਰੀ ਗ੍ਰਾਂਟਾਂ ਉਡੀਕਿਆਂ ਪਹਿਲਾਂ ਉਹ ਸਾਰੇ ਕਾਰਜ ਨੇਪਰੇ ਚਾੜ੍ਹਨੇ ਹਨ।

ਆਉ ਵੀਰ ਜਸਪਾਲ ਸਿੰਘ ਨੂੰ ਆਪਣੇ ਪਿੰਡ ਬੀਰੋਵਾਲ਼ ਦਾ ਸਰਪੰਚ ਬਣਨ ਦੀ ਵਧਾਈ ਦਿੰਦਿਆਂ ਪੰਜਾਬ ਵਲੋਂ ਉਸਦਾ ਸਵਾਗਤ ਵੀ ਕਰੀਏ! ਵਿਦੇਸ਼ਾਂ ਵਿਚ ਬੈਠਿਆਂ ‘ਹਾਏ ਪੰਜਾਬ ‘ਚ ਭਈਏ ਆ ਗਏ !’ ਦੀ ਜਬਾਨੀ-ਕਲਾਮੀ ਚਿੰਤਾ ਕਰਨ ਨਾਲੋਂ ਜਸਪਾਲ ਸਿੰਘ ਵਾਲ਼ਾ ਰਾਹ ਅਪਣਾਈਏ। ਇਹ ਉਮੀਦ ਵੀ ਕਰੀਏ ਕਿ ਵਿਦੇਸ਼ਾਂ ਵਿਚ ਪ੍ਰਵਾਸੀ ਪੰਜਾਬੀਆਂ ਵਲੋਂ ਗਦਰੀ ਬਾਬਿਆਂ ਦੀ ਯਾਦ ਵਿਚ ਲਗਾਏ ਜਾਂਦੇ ਮੇਲਿਆਂ ਤੋਂ ਪ੍ਰੇਰਨਾਂ ਲੈ ਕੇ ਪੰਜਾਬ ਵਿਚ ਦਿਨ-ਬ-ਦਿਨ ਸੁੰਨੇ ਹੁੰਦੇ ਜਾ ਰਹੇ ਘਰਾਂ ਵਿਚ ਜੀਆਂ ਦੇ ਰੌਣਕ-ਮੇਲੇ ਦਾ ਵੀ ਕੋਈ ਬਾਨ੍ਹਣੂ ਬੰਨ੍ਹੀਏਂ ! ਆਮੀਨ !!

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਬੇਸ਼ਰਮੀ ਦੀ ਹੱਦ !

admin

ਹਰਮੀਤ ਕੌਰ ਢਿੱਲੋਂ ਨੂੰ ਆਪਣੀ ਟੀਮ ‘ਚ ਸ਼ਾਮਿਲ ਕਰਕੇ ਬਹੁਤ ਖੁਸ਼ ਹੈ ਅਮਰੀਕਨ ਨਵੇਂ ਚੁਣੇ ਰਾਸ਼ਟਰਪਤੀ !

admin