ਨਵੀਂ ਦਿੱਲੀ – ਅਡਾਨੀ ਗਰੁੱਪ ਦੇ ਖ਼ਿਲਾਫ਼ ਲੱਗੇ ਦੋਸ਼ਾਂ ‘ਤੇ ਤੁਰੰਤ ਚਰਚਾ ਦੀ ਮੰਗ ਨੂੰ ਲੈ ਕੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਵੀਰਵਾਰ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਸਵੇਰੇ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੀ ਮੇਜ਼ ‘ਤੇ ਲੋੜੀਂਦੇ ਦਸਤਾਵੇਜ਼ ਰੱਖੇ ਅਤੇ ਫਿਰ ਦੱਸਿਆ ਕਿ ਉਨ੍ਹਾਂ ਨੂੰ ਅਡਾਨੀ, ਮਨੀਪੁਰ ਦੇ ਮੁੱਦੇ ‘ਤੇ ਚਰਚਾ ਲਈ ਨਿਯਮ 267 ਤਹਿਤ ਕੁੱਲ 16 ਨੋਟਿਸ ਮਿਲੇ ਹਨ। ਉਹਨਾਂ ਨੇ ਸਾਰੇ ਨੋਟਿਸਾਂ ਨੂੰ ਰੱਦ ਕਰ ਦਿੱਤਾ।ਕਾਂਗਰਸ ਦੇ ਪ੍ਰਮੋਦ ਤਿਵਾੜੀ, ਰਣਦੀਪ ਸਿੰਘ ਸੂਰਜੇਵਾਲਾ, ਅਖਿਲੇਸ਼ ਪ੍ਰਤਾਪ ਸਿੰਘ, ਸਈਅਦ ਨਾਸਿਰ ਹੁਸੈਨ ਅਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਸਮੇਤ ਕੁਝ ਹੋਰ ਮੈਂਬਰਾਂ ਨੇ ਅਡਾਨੀ ਗਰੁੱਪ ਦੀਆਂ ਵਿੱਤੀ ਬੇਨਿਯਮੀਆਂ ਸਮੇਤ ਕਥਿਤ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਹੋਰ ਗੜਬੜੀਆਂ ਦੇ ਮੁੱਦੇ ‘ਤੇ ਚਰਚਾ ਲਈ ਨੋਟਿਸ ਦਿੱਤੇ ਸਨ। ਸਮਾਜਵਾਦੀ ਪਾਰਟੀ ਦੇ ਰਾਮਜੀ ਲਾਲ ਸੁਮਨ ਅਤੇ ਰਾਮ ਗੋਪਾਲ ਯਾਦਵ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜੌਨ ਬ੍ਰਿਟਸ ਅਤੇ ਏ.ਏ. ਰਹੀਮ ਸਮੇਤ ਕੁਝ ਹੋਰ ਮੈਂਬਰਾਂ ਨੇ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਹੋਈ ਹਿੰਸਾ ਦੇ ਮੁੱਦੇ ‘ਤੇ ਚਰਚਾ ਲਈ ਨੋਟਿਸ ਦਿੱਤੇ ਸਨ। ਜਦਕਿ ਦ੍ਰਵਿੜ ਮੁਨੇਤਰ ਕੜਗਮ (ਡੀ.ਐੱਮ.ਕੇ.) ਦੇ ਤਿਰੁਚੀ ਸਿਵਾ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਪੀ ਸੰਦੋਸ਼ ਕੁਮਾਰ ਸਮੇਤ ਕੁਝ ਹੋਰ ਮੈਂਬਰਾਂ ਨੇ ਮਨੀਪੁਰ ਵਿੱਚ ਚੱਲ ਰਹੀ ਹਿੰਸਾ ਦੇ ਮੁੱਦੇ ‘ਤੇ ਚਰਚਾ ਲਈ ਨੋਟਿਸ ਦਿੱਤੇ ਹਨ।ਚੇਅਰਮੈਨ ਧਨਖੜ ਨੇ ਸਾਰੇ ਨੋਟਿਸਾਂ ਨੂੰ ਰੱਦ ਕਰਦਿਆਂ ਕਿਹਾ ਕਿ ਮੈਂਬਰ ਹੋਰ ਵਿਵਸਥਾਵਾਂ ਤਹਿਤ ਇਹ ਮੁੱਦੇ ਉਠਾ ਸਕਦੇ ਹਨ। ਇਸ ਦੌਰਾਨ ਕਾਂਗਰਸ ਦੇ ਜੈਰਾਮ ਰਮੇਸ਼ ਨੇ ਸਵਾਲ ਉਠਾਇਆ ਕਿ ਚੇਅਰਮੈਨ ਨੂੰ ਕਿਵੇਂ ਮਨਾਉਣਾ ਹੈ ਤਾਂ ਜੋ ਵਿਰੋਧੀ ਧਿਰ ਦੇ ਨੋਟਿਸਾਂ ਨੂੰ ਸਵੀਕਾਰ ਕੀਤਾ ਜਾ ਸਕੇ। ਇਸ ਦੇ ਜਵਾਬ ਵਿੱਚ ਧਨਖੜ ਨੇ ਕਿਹਾ ਕਿ ਨਿਯਮ ਇੰਨੇ ਵਿਆਪਕ ਹਨ ਕਿ ਉਹ ਹਰੇਕ ਮੈਂਬਰ ਨੂੰ ਯੋਗਦਾਨ ਪਾਉਣ ਦੇ ਯੋਗ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸੈਸ਼ਨ ਦੌਰਾਨ ਇੱਕ ਮੌਕਾ ਸੀ ਜਦੋਂ ਸਮਾਂ ਦਿੱਤਾ ਗਿਆ ਸੀ ਪਰ ਸਪੀਕਰਾਂ ਦੀ ਘਾਟ ਕਾਰਨ ਉਸ ਸਮੇਂ ਦੀ ਵਰਤੋਂ ਨਹੀਂ ਕੀਤੀ ਜਾ ਸਕੀ। ਚੇਅਰਮੈਨ ਨੇ ਕਿਹਾ ਕਿ ਮੈਂਬਰ ਆਪਣੇ ਮੁੱਦੇ ਉਠਾ ਸਕਦੇ ਹਨ ਪਰ ਇਹ ਨਿਯਮਾਂ ਅਨੁਸਾਰ ਹੋਣਾ ਚਾਹੀਦਾ ਹੈ।
previous post