ਲੁਧਿਆਣਾ – ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਮਾਮਲੇ ’ਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਖ਼ਿਲਾਫ਼ ਵਧੀਕ ਮੁੱਖ ਨਿਆਂਇਕ ਮੈਜਿਸਟਰੇਟ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਮਾਮਲੇ ’ਚ ਸੰਜੇ ਸਿੰਘ ਵੱਲੋਂ ਵਾਰ-ਵਾਰ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਇਹ ਆਦੇਸ਼ ਦਿੱਤੇ ਗਏ ਹਨ। ਮਜੀਠੀਆ ਵੱਲੋਂ ਗਵਾਹ ਸਾਬਕਾ ਅਕਾਲੀ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਬਹਿਸ ਲਈ ਅਦਾਲਤ ’ਚ ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਇਕ ਅਖ਼ਬਾਰ ਦਾ ਇਕ ਅਧਿਕਾਰੀ ਵੀ ਮੌਜੂਦ ਸੀ, ਜਿਸ ਨੂੰ ਸੰਜੇ ਸਿੰਘ ਦੇ ਵਕੀਲ ਵੱਲੋਂ ਬਤੌਰ ਗਵਾਹ ਅਖ਼ਬਾਰ ਦੇ ਨਾਲ ਬੁਲਾਇਆ ਗਿਆ ਸੀ। ਪਰ ਗਵਾਹ ਨਾਲ ਬਹਿਸ ਲਈ ਨਾ ਤਾਂ ਮੁਲਜ਼ਮ ਅਦਾਲਤ ’ਚ ਆਇਆ ਅਤੇ ਨਾ ਹੀ ਉਸ ਦਾ ਵਕੀਲ ਹਾਜ਼ਰ ਹੋਇਆ। ਹਾਲਾਂਕਿ ਇਕ ਵਕੀਲ ਨੇ ਮੁਲਾਜ਼ਮ ਵੱਲੋਂ ਇਸ ਦਲੀਲ ਦੇ ਨਾਲ ਛੋਟ ਦੀ ਅਰਜ਼ੀ ਦਿੱਤੀ ਕਿ ਉਹ ਆਮ ਆਦਮੀ ਪਾਰਟੀ ਦੀਆਂ ਬੈਠਕਾਂ ’ਚ ਰੁੱਝੇ ਹੋਏ ਹਨ। ਇਸ ਲਈ, ਅੱਜ ਲਈ ਉਨ੍ਹਾਂ ਦੀ ਨਿੱਜੀ ਹਾਜ਼ਰੀ ਤੋਂ ਛੋਟ ਦਿੱਤੀ ਜਾਵੇ। ਦੂਜੇ ਪਾਸੇ, ਮਜੀਠੀਆ ਦੇ ਵਕੀਲ ਡੀਐੱਸ ਸੋਬਤੀ ਨੇ ਛੋਟ ਦੀ ਅਰਜ਼ੀ ਦਾ ਇਸ ਦਲੀਲ ਦੇ ਨਾਲ ਸਖ਼ਤ ਵਿਰੋਧ ਕੀਤਾ ਕਿ ਉਹ ਅਦਾਲਤ ਦੀ ਕਾਰਵਾਈ ਨੂੰ ਬਹੁਤ ਹਲਦੇ ’ਚ ਲੈ ਰਹੇ ਹਨ ਅਤੇ ਜਾਣਬੁੱਝ ਕੇ ਹਾਜ਼ਰੀ ਮਾਫ਼ੀ ਦੀ ਅਰਜ਼ੀ ਵਾਰ-ਵਾਰ ਦਾਖਲ ਕਰਕੇ ਕੇਸ ਨੂੰ ਲਟਕਾ ਰਹੇ ਹਨ। ਇਸ ਤੋਂ ਬਾਅਦ, ਆਦਲਤ ਨੇ ਸ਼ਾਮ ਚਾਰ ਵਜੇ ਹਾਜ਼ਰੀ ਮਾਫ਼ੀ ਦੀ ਅਰਜ਼ੀ ਨੂੰ ਇਸ ਟਿੱਪਣੀ ਨਾਲ ਖ਼ਾਰਜ ਕਰ ਦਿੱਤਾ ਕਿ ਮਾਮਲੇ ’ਚ ਲਗਪਗ 71 ਵਾਰ ਸੁਣਵਾਈ ’ਚ, ਮੁਲਜ਼ਮ ਸਿਰਫ਼ 4-5 ਵਾਰ ਆਦਲਤ ਦੀ ਕਾਰਵਾਈ ’ਚ ਸ਼ਾਮਲ ਹੋਇਆ ਹੈ। ਸੰਜੇ ਸਿੰਘ ਨੂੰ ਇਸ ਮਾਮਲੇ ’ਚ ਫਰਵਰੀ 2016 ’ਚ ਤਲਬ ਕੀਤਾ ਗਿਆ ਸੀ। ਮਜੀਠੀਆ ਨੇ ਆਪਣੀ ਅਪਰਾਧਿਕ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਮੁਲਾਜ਼ਮ ਨੇ ਝੂਠਾ ਅਤੇ ਮਾਣਹਾਨੀ ਵਾਲਾ ਬਿਆਨ ਦਿੱਤਾ ਸੀ ਕਿ ਰਾਜ ’ਚ ਡਰੱਗ ਰੈਕੇਟ ’ਚ ਉਸ ਦਾ ਹੱਥ ਹੈ। ਉਸ ਦੇ ਖਿਲਾਫ਼ 9 ਸਤੰਬਰ 2015 ਨੂੰ ਮੋਗਾ ’ਚ ਇਕ ਰੈਲੀ ’ਚ ਅਜਿਹਾ ਬਿਆਨ ਦਿੱਤਾ ਗਿਆ ਹੈ। ਇਹ ਦੋਸ਼ ਲਾਇਆ ਗਿਆ ਸੀ ਕਿ ਉਹ (ਸੰਜੇ ਸਿੰਘ) ਇੱਥੇ ਹੀ ਨਹੀਂ ਰੁਕੇ, ਸਗੋਂ ਸ਼ਿਕਾਇਤਕਰਤਾ ਨੂੰ ਬਦਨਾਮ ਕਰਨ ਲਈ ਇਕ ਭਰਮਾਊ ਮੁਹਿੰਮ ਵੀ ਚਲਾਈ।