ਨਵੀਂ ਦਿੱਲੀ – ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੌਰਾਨ ਭਾਜਪਾ ਦੇ ਚੋਟੀ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਮੁਰਮੂ ਲਈ ਸਮਰਥਨ ਮੰਗਣ ਲਈ ਕਾਂਗਰਸ ਸਮੇਤ ਕਈ ਵਿਰੋਧੀ ਨੇਤਾਵਾਂ ਨੂੰ ਬੁਲਾਇਆ ਹੈ। ਨੱਡਾ ਨੇ ਮਲਿਕਾਅਰਜੁਨ ਖੜਗੇ, ਅਧੀਰ ਰੰਜਨ ਚੌਧਰੀ, ਫਾਰੂਕ ਅਬਦੁੱਲਾ ਅਤੇ ਐਚਡੀ ਦੇਵਗੌੜਾ ਨੂੰ ਫੋਨ ਕਰਕੇ ਦਰੋਪਦੀ ਮੁਰਮੂ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦੇ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ ਅਤੇ ਇਹ ਚੋਣ ਸਰਬਸੰਮਤੀ ਨਾਲ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਮੁਰਮੂ ਦੀ ਨਾਮਜ਼ਦਗੀ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਰਾਮਦਾਸ ਅਠਾਵਲੇ ਸਮੇਤ ਕਈ ਚੋਟੀ ਦੇ ਨੇਤਾ ਸੰਸਦ ‘ਚ ਮੌਜੂਦ ਸਨ। ਇਸ ਦੇ ਨਾਲ ਹੀ ਐਨਡੀਏ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ (ਸ਼ਿਵਰਾਜ ਸਿੰਘ ਚੌਹਾਨ, ਪੁਸ਼ਕਰ ਸਿੰਘ ਧਾਮੀ, ਹਿਮੰਤ ਬਿਸਵਾ ਸਰਮਾ, ਮਨੋਹਰ ਲਾਲ ਖੱਟਰ, ਪ੍ਰਮੋਦ ਸਾਵੰਤ, ਭੂਪੇਂਦਰ ਪਟੇਲ, ਬਸਵਰਾਜ ਬੋਮਈ, ਯੋਗੀ ਆਦਿਤਿਆਨਾਥ) ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਡਾ ਵੀ ਨਾਮਜ਼ਦਗੀ ਸਮੇਂ ਮੌਜੂਦ ਸਨ। .