ਹੇਠ ਲਿਖੇ ਕੁੱਜ ਅਨਮੋਲ ਨੁਕਤੇ ਜੋ ਕਿ ਮਾਨਸਿਕ ਖ਼ੁਸ਼ੀ, ਤੰਦਰੁਸਤੀ ਤੇ ਖ਼ੁਸ਼ਹਾਲੀ ਬਣਾਈ ਰੱਖਣ ਵਾਸਤੇ ਬਹੁਤ ਸਹਾਈ ਹੋ ਸਕਦੇ ਹਨ ।
1. ਸੁਤੰਤਰ ਜ਼ਿੰਦਗੀ ਜਿਉਣ ਲਈ ਹਮੇਸ਼ਾ ਆਪਣੇ ਸਥਾਈ ਘਰ ਵਿੱਚ ਰਹੋ।
2. ਆਪਣਾ ਬੈੰਕ ਬੈਲੈਂਸ ਅਤੇ ਆਪਣੀ ਜ਼ਮੀਨ ਜਾਇਦਾਦ ਆਪਣੇ ਨਾਮ ਹੀ ਰੱਖੋ, ਇਸ ਜਾਣਕਾਰੀ ਨੂੰ ਪੂਰੀ ਤਰਾਂ ਗੁਪਤ ਰੱਖੋ ।
3.ਆਪਣੇ ਬੱਚਿਆਂ ਤੋਂ ਕਦੋਂ ਵੀ ਵੱਡੀਆਂ ਆਸਾਂ ਨਾ ਰੱਖੋ ਕਿ ਉਹ ਬੁਢਾਪੇ ਵਿੱਚ ਸਾਡੀ ਡੰਗੋਰੀ ਜਾਂ ਸਹਾਰਾ ਬਣਨਗੇ ਕਿਉਂਕਿ ਇਸ ਤਰਾਂ ਦੇ ਹਾਲਾਤਾਂ ਵਾਲਾ ਜ਼ਮਾਨਾ ਹੁਣ ਨਹੀਂ ਰਿਹਾ ।
4. ਜੋ ਲੋਕ ਸਾਡੇ ਨਾਲ ਈਰਖਾ ਕਰਦੇ ਹਨ ਜਾਂ ਖੁਨਸ ਕਰਦੇ ਹਨ, ਉਹਨਾਂ ਬਾਰੇ ਬਿਲਕੁਲ ਵੀ ਨਾ ਸੋਚੋ ਸਗੋਂ ਆਪਣੇ ਜੀਵਨ ਚ ਉਹਨਾਂ ਲੋਕਾਂ ਨੂੰ ਸ਼ਾਮਿਲ ਕਰੋ ਜੋ ਸਾਡੇ ਨਾਲ ਪਿਆਰ ਕਰਦੇ ਹਨ, ਸਾਡੀ ਇੱਜ਼ਤ ਕਰਦੇ ਹਨ ਤੇ ਸਾਨੂੰ ਹਮੇਸ਼ਾ ਖੁਸ਼ ਦੇਖਣਾ ਲੋੜਦੇ ਹਨ ।
5. ਇਸ ਬ੍ਰਹਿਮੰਡ ਚ ਹਰ ਸ਼ੈਅ ਵਿਲੱਖਣ ਤੇ ਅਨੂਠੀ ਹੈ । ਇਸ ਕਰਕੇ ਕਦੇ ਵੀ ਆਪਣੀ ਤੁਲਣਾ ਕਿਸੇ ਦੂਸਰੇ ਦੇ ਨਾਲ ਨਾ ਕਰੋ ।
6. ਆਪਣੀ ਔਲਾਦ ਦੇ ਜੀਵਨ ਵਿੱਚ ਦਖ਼ਲ ਅੰਦਾਜੀ ਕਰਨਾ ਬੰਦ ਕਰੋ । ਉਹਨਾਂ ਨੂੰ ਆਪਣੇ ਢੰਗ ਨਾਲ ਜੀਵਨ ਜਿਉਣ ਦਿਓ ਤੇ ਆਪਣਾ ਜੀਵਨ ਆਪਣੇ ਤਰੀਕੇ ਨਾਲ ਬਤੀਤ ਕਰੋ ।
8. ਸੁਣੋ ਸਭ ਦੀ, ਪਰ ਕੋਈ ਵੀ ਫੈਸਲਾ ਕਰਨ ਸਮੇ ਕਰੋ ਆਪਣੀ ਮਰਜੀ ਤੇ ਅਜਿਹਾ ਕਰਦੇ ਸਮੇ ਕਾਹਲੀ ਦੀ ਬਜਾਏ ਸਹਿਜ ਢੰਗ ਤੇ ਦਲੀਲ ਦਾ ਸਹਾਰਾ ਜਰੂਰ ਲਓ ।
9. ਅਰਦਾਸ ਦਾ ਭਾਵ ਸ਼ੁਕਰਾਨਾ ਹੁੰਦਾ ਹੈ, ਮੰਗਣਾ ਨਹੀ । ਸੋ ਮੰਗਤੇ ਬਣਨ ਦੀ ਬਜਾਏ ਹਮੇਸ਼ਾ ਹੀ ਕੁਦਰਤ ਦਾ ਕੋਟਿ ਕੋਟਿ ਸ਼ੁਕਰਾਨਾ ਕਰਦੇ ਰਹੋ । ਜੇਕਰ ਕੁਜ ਮੰਗਣਾ ਹੀ ਹੈ ਤਾਂ ਫੇਰ ਪ੍ਰਮਾਤਮਾ ਤਾਂ ਸਿਰਫ਼ ਮਾਫ਼ੀ ਅਤੇ ਹਿੰਮਤ ਹੀ ਮੰਗੋ ।
10. ਆਪਣੀ ਸਿਹਤ ਦਾ ਧਿਆਨ ਆਪ ਰੱਖੋ, ਚੰਗਾ ਤੇ ਪੋਸ਼ਟਿਕ ਭੋਜਨ ਖਾਓ, ਰੋਜਾਨਾ ਕਸਰਤ ਕਰੋ ਅਤੇ ਵਿਚਾਰਾ ਦਾ ਸ਼ੁੱਧੀਕਰਨ ਕਰਨ ਵਾਸਤੇ ਚੰਗਾ ਸਾਹਿਤ ਪੜ੍ਹੋ, ਆਡੀਓ/ ਵੀਡੀਓਜ ਤੇ ਰੇਡੀਓ/ ਟੈਲੀਵੀਜਨ ਪਰੋਗਰਾਮ ਦੇਖੋ/ਸੁਣੋ ।
11.ਆਪਣੀ ਜਿੰਦਗੀ ਸਹਿਜ ਢੰਗ ਨਾਲ ਜੀਓ । ਖੁਸ਼ੀ ਤੇ ਗਮੀ ਦੇ ਮੌਕੇ ਸਹਿਜ ਹੋ ਕੇ ਵਿਚਰੋ । ਖੁਸ਼ੀ ਵੇਲੇ ਬਹੁਤਾ ਧੂਮ ਧੜੱਕਾ ਨਾ ਕਰੋ ਤੇ ਗਮੀ ਵੇਲੇ ਪੂਰੀ ਤਰਾਂ ਗਮ ਵਿਚ ਹੀ ਨਾ ਡੁੱਬ ਜਾਓ, ਬਲਕਿ ਇਹਨਾ ਦੋ ਮੌਕਿਆ ‘ਤੇ ਆਪਣੇ ਮਾਨਸਿਕ ਸੰਤੁਲਨ ਨੂੰ ਸਹਿਜ ਚ ਰਖਕੇ ਹੀ ਵਿਚਰੋ ।
12. ਹਰ ਸਾਲ ਆਪਣੇ ਜੀਵਨ ਵਿਚ ਵਿੱਚ ਕੁਜ ਕੁ ਹਫਤੇ ਫੁਰਸਤ ਵਾਸਤੇ ਰਾਖਵੇਂ ਜਰੂਰ ਕਰੋ ਤਾਂ ਕਿ ਦੁਨੀਆ ਦੇ ਝਮੇਲਿਆ ਤੋ ਦੂਰ ਜਾ ਕੇ ਕਿਸੇ ਇਕਾਂਤ ਜਗਾ ‘ਤੇ ਕੁਜ ਸਮਾ ਆਪਣੇ ਆਪ ਨਾਲ ਬਿਤਾ ਕੇ ਖੁਦ ਦੀ ਪਹਿਚਾਣ ਤੇ ਸਵੈ ਮੰਥਨ ਕੀਤਾ ਜਾ ਸਕੇ ।
13.ਮਾਨਸਿਕ ਤਨਾਓ ਸ਼ਾਂਤ ਕਿਲਰ ਹੈ ਇਸ ਕਰਕੇ ਕਿਸੇ ਵੀ ਤਰਾਂ ਦੇ ਤਨਾਓ ਤੋਂ ਆਪਣੇ ਆਪ ਨੂੰ ਦੂਰ ਰੱਖੋ ਅਤੇ ਕੋਸ਼ਿਸ਼ ਕਰੋ ਕਿ ਕਦੇ ਵੀ ਕਿਸੇ ਨਾਲ ਵੀ ਬਹਿਸਬਾਜੀ ਨਾ ਕੀਤੀ ਜਾਵੇ । ਅਜਿਹਾ ਕਰਨ ਵਾਸਤੇ ਇਕ ਚੁਪ ਤੇ ਸੋ ਸੁੱਖ ਵਾਲੀ ਨੀਤੀ ਬਹੁਤ ਸਹਾਈ ਹੋ ਸਕਦੀ ਹੈ ।
14.ਇਹ ਗੱਲ ਪੱਕੀ ਤਰਾਂ ਲੜ ਬੰਨ੍ਹ ਲਓ ਕਿ ਜਿੰਨਾ ਚਿਰ ਅਸੀਂ ਦੂਜਿਆਂ ਦੀ ਚਿੰਤਾ ਛਡਕੇ, ਆਪਣੀ ਚਿੰਤਾ ਕਰਨੀ ਸ਼ੁਰੂ ਨਹੀਂ ਤੇ ਆਪਣੇ ਆਪ ਨਾਲ ਪਿਆਰ ਕਰਕੇ ਆਪਣੇ ਵਾਸਤੇ ਜਿਉਣਾ ਸ਼ੁਰੂ ਨਹੀਂ ਕਰਦੇ, ਓਦੋਂ ਤੱਕ ਇਹ ਸਮਝੋ ਕਿ ਅਸੀਂ ਅਸਲ ਵਿੱਚ ਆਪਣਾ ਜੀਵਨ ਜੀਓ ਨਹੀਂ ਰਹੇ ਸਗੋ ਧੱਕੇ ਨਾਲ ਆਪਣੇ ਜੀਵਨ ਦੀਆਂ ਘੜੀਆ ਹੀ ਪੂਰੀਆਂ ਕਰ ਰਹੇ ਹਾਂ ।