ਕਮਲਾ ਹੈਰਿਸ ਨੇ ਇਹ ਪਦਵੀ ਹਾਸਲ ਕਰ ਕੇ ਅਮਰੀਕੀ ਇਤਿਹਾਸ ਵਿੱਚ ਅਨੇਕਾਂ ਨਵੇਂ ਅਧਿਆਏ ਲਿਖ ਦਿੱਤੇ ਹਨ ਜਿਨ੍ਹਾਂ ਬਾਰੇ 20ਵੀ ਸਦੀ ਵਿੱਚ ਕੋਈ ਸੋਚ ਵੀ ਨਹੀਂ ਸੀ ਸਕਦਾ। ਹੈਰਿਸ ਉੱਪ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਔਰਤ, ਪਹਿਲੀ ਭਾਰਤੀ ਅਮਰੀਕਨ, ਪਹਿਲੀ ਅਸ਼ਵੇਤ ਅਤੇ ਪਹਿਲੀ ਏਸ਼ੀਅਨ ਇਨਸਾਨ ਬਣ ਗਈ ਹੈ। ਜਦੋਂ ਰਾਸ਼ਟਰਪਤੀ ਜੋਅ ਬਿਡੇਨ ਨੇ ਕਮਲਾ ਹੈਰਿਸ ਦੇ ਨਾਮ ਦਾ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਐਲਾਨ ਕੀਤਾ ਸੀ ਤਾਂ ਜਿਆਦਾਤਰ ਅਮਰੀਕਨ ਹੈਰਾਨ ਰਹਿ ਗਏ ਸਨ। ਪਰ ਜੋਅ ਬਿਡੇਨ ਦੇ ਇਸ ਰਾਜਨੀਤਕ ਪੈਂਤੜੇ ਨੇ ਕਮਾਲ ਦਾ ਅਸਰ ਵਿਖਾਇਆ। ਕਮਲਾ ਹੈਰਿਸ ਦੀ ਚੋਣ ਨੇ ਵੱਡੇ ਪੱਧਰ ‘ਤੇ ਅਸ਼ਵੇਤ, ਲੈਟਿਨ ਅਮਰੀਕਨ, ਏਸ਼ੀਅਨ ਅਤੇ ਭਾਰਤੀ ਅਮਰੀਕਨ ਵੋਟਰਾਂ ਨੂੰ ਬਿਡੇਨ ਦੇ ਹੱਕ ਵਿੱਚ ਭੁਗਤਣ ਲਈ ਮਜ਼ਬੂਰ ਕਰ ਦਿੱਤਾ। ਉਸ ਦੀ ਇਸ ਖੂਬੀ ਦੀ ਪਹਿਲਾਂ ਟਰੰਪ ਨੇ ਵੀ ਕਾਫੀ ਸ਼ਲ਼ਾਘਾ ਕੀਤੀ ਪਰ ਬਾਅਦ ਵਿੱਚ ਜਦੋਂ ਉਸ ਨੂੰ ਬਾਜ਼ੀ ਹੱਥੋਂ ਜਾਂਦੀ ਦਿਸਣ ਲੱਗ ਪਈ ਤਾਂ ਉਸ ਨੇ ਕਮਲਾ ਹੈਰਿਸ ‘ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ। ਉਸ ਨੇ ਦੂਸ਼ਣਬਾਜ਼ੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਉਸ ਨੂੰ ਸ਼ੈਤਾਨ ਅਤੇ ਦੈਂਤ ਤੱਕ ਕਹਿ ਦਿੱਤਾ। ਉਹ ਜਾਣ ਬੁਝ ਕੇ ਸਿਰਫ ਕਮਲਾ ਹੈਰਿਸ ਦਾ ਸਿਰਫ ਪਹਿਲਾ ਨਾਮ ਕਮਲਾ ਵਰਤਦਾ ਸੀ ਤਾਂ ਜੋ ਕੱਟੜਵਾਦੀ ਗੋਰੇ ਉਸ ਨੂੰ ਵਿਦੇਸ਼ੀ ਸਮਝਣ ‘ਤੇ ਉਸ ਦੇ ਖਿਲਾਫ ਹੋ ਜਾਣ। ਇਸ ਕਾਰਨ ਹੀ ਕਈ ਵਾਰ ਕੱਟੜ ਗੋਰਿਆਂ ਨੇ ਉਸ ਦੀ ਰੈਲੀਆਂ ਵਿੱਚ ਹੂਟਿੰਗ ਵੀ ਕੀਤੀ। ਟਰੰਪ ਨੇ ਇਹ ਹੀ ਫਾਰਮੂਲਾ ਵਰਤ ਕੇ ਸਬਕਾ ਰਾਸ਼ਟਰਪਤੀ ਬਰਾਕ ਉਬਾਮਾ ਦਾ ਪੂਰਾ ਨਾਮ, ਬਰਾਕ ਹੁਸੈਨ ਉਬਾਮਾ ਵਰਤ ਕੇ ਉਸ ਨੂੰ ਵੀ ਮੁਸਲਿਮ ਸਾਬਤ ਕਰ ਕੇ ਕੱਟੜਵਾਦੀਆਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਆਖਰ ਉੇਸ ਨੂੰ ਮੂੰਹ ਦੀ ਖਾਣੀ ਪਈ।
ਟਰੰਪ ਦੇ ਸਾਥੀਆਂ ਨੇ ਵੀ ਟਰੰਪ ਦੇ ਇਸ ਤਰੀਕਾ ਵਾਰਦਾਤ ਦੀ ਨਕਲ ਕੀਤੀ ਤੇ ਡੇਵਿਡ ਪਰਡੂ ਵਰਗੇ ਸੀਨੀਅਰ ਸੈਨੇਟਰ ਨੇ ਜਾਰਜੀਆ ਰੈਲੀ ਦੌਰਾਨ ਕਮਲਾ ਹੈਰਿਸ ਦੇ ਨਾਮ ਦਾ ਇਸ ਤਰਾਂ ਉਚਾਰਨ ਕੀਤਾ ਜਿਸ ਦੇ ਇੰਗਲਿਸ਼ ਵਿੱਚ ਬੇਹੱਦ ਭੱਦੇ ਅਰਥ ਨਿਕਲਦੇ ਹਨ। ਪਰ ਵਿਰੋਧੀਆਂ ਦੀ ਇਹ ਘਟੀਆ ਰਾਜਨੀਤਕ ਚਾਲ ਕਮਲਾ ਹੈਰਿਸ ਦੇ ਹੱਕ ਵਿੱਚ ਗਈ ਤੇ ਉਹ ਅਮਰੀਕਨ ਘੱਟ ਗਿਣਤੀਆਂ ਦੇ ਹੱਕਾਂ ਦੀ ਚੈਂਪੀਅਨ ਸਮਝੀ ਜਾਣ ਲੱਗੀ। ਭਾਰਤੀ ਅਮਰੀਕਨ ਸਮਾਜ ਤਾਂ ਉਸ ਦੀ ਚੋਣ ਤੋਂ ਬਹੁਤ ਜਿਆਦਾ ਉਤਸ਼ਾਹਤ ਹੋ ਗਿਆ ਹੈ। ਹੈਰਿਸ ਨੇ ਰਿਪਬਲੀਕਨ ਪਾਰਟੀ ਵੱਲੋਂ ਚੋਣ ਲੜੀ ਹੈ ਤੇ ਟਰੰਪ ਨੇ ਡੈਮੋਕਰੇਟਿਕ ਪਾਰਟੀ ਵੱਲੋਂ। ਭਾਰਤੀ ਅਮਰੀਕਨ ਸਮਾਜ ਆਮ ਤੌਰ ‘ਤੇ ਡੈਮੋਕਰੈਟਿਕ ਪਾਰਟੀ ਦਾ ਸਮਰਥਕ ਸਮਝਿਆ ਜਾਂਦਾ ਹੈ। ਪਰ ਅਨੇਕਾਂ ਸਰਵੇਖਣਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹੈਰਿਸ ਦੇ ਕਾਰਨ ਭਾਰਤੀਆਂ ਦੀ ਬਹੁਗਿਣਤੀ ਨੇ ਇਸ ਵਾਰ ਰਿਪਬਲੀਕਨ ਪਾਰਟੀ ਨੂੰ ਵੋਟਾਂ ਪਾਈਆਂ ਹਨ।
ਕਮਲਾ ਹੈਰਿਸ (ਪੂਰਾ ਨਾਮ ਕਮਲਾ ਦੇਵੀ ਹੈਰਿਸ) ਦਾ ਜਨਮ 20 ਅਕਤੂਬਰ 1964 ਨੂੰ ਕੈਲੀਫੋਰਨੀਆਂ ਦੇ ਉਕਲੈਂਡ ਸ਼ਹਿਰ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਡੋਨਾਲਡ ਹੈਰਿਸ ਅਤੇ ਮਾਤਾ ਦਾ ਨਾਮ ਸ਼ਿਆਮਲਾ ਗੋਪਾਲਨ ਹੈ। ਸ਼ਿਆਮਲਾ ਗੋਪਾਲਨ 1958 ਵਿੱਚ 19 ਸਾਲ ਦੀ ਉਮਰ ਵਿੱਚ ਤਾਮਿਲਨਾਡੂ ਤੋਂ ਅਮਰੀਕਾ ਆਈ ਸੀ ਤੇ ਉਹ ਯੂਨੀਵਰਸਿਟੀ ਆਫ ਕੈਲੀਫੋਰਨੀਆਂ ਵਿੱਚ ਔਰਤਾਂ ਦੀ ਛਾਤੀ ਦੇ ਕੈਂਸਰ ਬਾਰੇ ਖੋਜ ਕਰਨ ਵਾਲੀ ਵਿਗਿਆਨਕ ਸੀ। ਉਸ ਨੇ 1964 ਵਿੱਚ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਸੀ। ਉਸ ਦੀ ਸੰਨ 2009 ਵਿੱਚ ਮੌਤ ਹੋ ਚੁੱਕੀ ਹੈ। ਡੋਨਾਲਡ ਹੈਰਿਸ ਜਮਾਇਕਾ ਤੋਂ 1961 ਵਿੱਚ ਅਮਰੀਕਾ ਆਇਆ ਸੀ ਤੇ ਉਹ ਸਟੈਨਫੋਰਡ ਯੁਨੀਵਰਸਿਟੀ ਤੋਂ 1998 ਵਿੱਚ ਇਕਨੌਮਿਕਸ ਦੇ ਪ੍ਰੋਫੈਸਰ ਦੀ ਪਦਵੀ ਤੋਂ ਰਿਟਾਇਰ ਹੋਇਆ ਹੈ। ਕਮਲਾ ਹੈਰਿਸ ਆਪਣੀ ਭੈਣ ਮਾਇਆ ਨਾਲ ਛੋਟੇ ਹੁੰਦੇ ਸਮੇਂ ਕਈ ਵਾਰ ਆਪਣੇ ਨਾਨਕਿਆਂ ਨੂੰ ਮਿਲਣ ਲਈ ਚੇਨੱਈ ਆ ਚੁੱਕੀ ਹੈ ਤੇ ਕਈ ਵਾਰ ਆਪਣੇ ਦਾਦਕੇ ਘਰ ਜਮਾਇਕਾ ਵੀ ਜਾ ਚੁੱਕੀ ਹੈ। ਕਮਲਾ ਦੇ ਪਤੀ ਦਾ ਨਾਮ ਡਗਲਸ ਐਮਹਾਫ ਹੈ ਜੋ ਇੱਕ ਸੀਨੀਅਰ ਵਕੀਲ ਹੈ। ਉਨ੍ਹਾਂ ਦੀ ਸ਼ਾਦੀ 2014 ਵਿੱਚ ਹੋਈ ਸੀ। ਕਮਲਾ ਦੇ ਆਪਣਾ ਕੋਈ ਬੱਚਾ ਨਹੀਂ ਹੈ ਪਰ ਉਸ ਦੇ ਪਤੀ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਹਨ ਤੇ ਸਾਰੇ ਇਕੱਠੇ ਹੀ ਰਹਿੰਦੇ ਹਨ। ਕਮਲਾ ਨੇ ਹਾਵਰਡ ਯੁਨੀਵਰਸਿਟੀ ਤੋਂ ਗਰੈਜੂਏਸ਼ਨ ਅਤੇ ਹੇਸਟਿੰਗਜ਼ ਲਾਅ ਕਾਲਜ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ। ਡਿਗਰੀ ਹਾਸਲ ਕਰ ਕੇ ਉਸ ਨੇ ਕੈਲੀਫੋਰਨੀਆਂ ਦੇ ਅਲਮਾਡਾ ਸ਼ਹਿਰ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ ਪਰ ਜਲਦੀ ਹੀ ਉਸ ਨੂੰ ਸਾਨ ਫਰਾਂਸਿਸਕੋ ਦੇ ਜਿਲ੍ਹਾ ਅਟਾਰਨੀ ਦਫਤਰ ਵਿੱਚ ਸਹਾਇਕ ਅਟਾਰਨੀ ਜਨਰਲ ਦੇ ਅਹੁਦੇ ਲਈ ਚੁਣ ਲਿਆ ਗਿਆ। 2010 ਵਿੱਚ ਉਸ ਨੇ ਕੈਲੀਫੋਰਨੀਆਂ ਦੇ ਅਟਾਰਨੀ ਜਨਰਲ ਦੇ ਅਹੁਦੇ ਦੀ ਚੋਣ ਲੜੀ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ। 2016 ਵਿੱਚ ਉਸ ਨੇ ਰਿਪਲੀਕਨ ਪਾਰਟੀ ਵੱਲੋਂ ਸੈਨੇਟ ਦੀ ਚੋਣ ਲੜ ਕੇ ਆਪਣੇ ਰਾਜਨੀਤਕ ਕੈਰੀਅਰ ਦੀ ਸ਼ੁਰੂਆਤ ਕੀਤੀ। ਸੈਨੇਟਰ ਹੁੰਦਿਆਂ ਉਸ ਨੇ ਸਿਹਤ ਸਹੂਲਤਾਂ ਬੇਹਤਰ ਬਣਾਉਣ, ਭੰਗ ਦੇ ਨਸ਼ੇ ਨੂੰ ਕਾਨੂੰਨੀ ਦਰਜ਼ਾ ਦੇਣ, ਗੈਰ ਕਾਨੂੰਨੀ ਰਿਊਜ਼ੀਆਂ ਨੂੰ ਅਮਰੀਕਨ ਨਾਗਰਿਕਤਾ ਦੇਣ, ਆਟੋਮੈਟਿਕ ਹਥਿਆਰਾਂ ‘ਤੇ ਪਾਬੰਦੀ ਲਗਾਉਣ ਅਤੇ ਟੈਕਸ ਸਿਸਟਮ ਸੁਧਾਰਨ ਆਦਿ ਦੇ ਕਾਨੂੰਨ ਪਾਸ ਕਰਾਉਣ ਲਈ ਜ਼ੋਰਦਾਰ ਵਕਾਲਤ ਕੀਤੀ।
ਆਪਣੇ ਸਮਾਜ ਸੁਧਾਰਕ ਕੰਮਾਂ ਲਈ ਕਮਲਾ ਹੈਰਿਸ ਨੂੰ ਕਈ ਮਾਣ ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਾਨੂੰਨ ਸਬੰਧੀ ਤਿੰਨ ਕਿਤਾਬਾਂ ਵੀ ਲਿਖ ਚੁੱਕੀ ਹੈ। ਜੋਅ ਬਿਡੇਨ ਅਤੇ ਕਮਲਾ ਹੈਰਿਸ ਲਈ ਅੱਗੇ ਦਾ ਰਸਤਾ ਬਹੁਤ ਕੰਡਿਆਂ ਭਰਿਆ ਹੈ। ਟਰੰਪ ਦੀਆਂ ਬਚਕਾਨੀਆਂ ਤੇ ਮੂਰਖਾਨਾ ਨੀਤੀਆਂ ਕਾਰਨ ਅਮਰੀਕਾ ਬੁਰੀ ਤਰਾਂ ਨਾਲ ਨਸਲੀ ਤੌਰ ‘ਤੇ ਵੰਡਿਆ ਜਾ ਚੁੱਕਿਆ ਹੈ। ਅਸ਼ਵੇਤ ਆਪਣੇ ਆਪ ਨੂੰ ਦੂਸਰੇ ਨੰਬਰ ਦੇ ਸ਼ਹਿਰੀ ਤੌਰ ‘ਤੇ ਵੇਖ ਰਹੇ ਹਨ ਤੇ ਅਜੇ ਵੀ ਕਈ ਸ਼ਹਿਰਾਂ ਵਿੱਚ ਪੁਲਿਸ ਹੱਥੋਂ ਮਾਰੇ ਗਏ ਅਸ਼ਵੇਤਾਂ ਦੇ ਹੱਕ ਵਿੱਚ ਵਿਖਾਵੇ ਹੋ ਰਹੇ ਹਨ। ਕਰੋਨਾ ਦੀ ਬਿਮਾਰੀ ਨੇ ਸਾਰੇ ਦੇਸ਼ ਨੂੰ ਬੁਰੀ ਨਾਲ ਆਪਣੀ ਜਕੜ ਵਿੱਚ ਲਿਆ ਹੋਇਆ ਹੈ ਤੇ 250000 ਦੇ ਕਰੀਬ ਅਮਰੀਕੀ ਇਸ ਦੇ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ। ਇਸ ਤੋਂ ਇਲਾਵਾ ਅਮਰੀਕਨ ਫੌਜ ਸੀਰੀਆ, ਇਰਾਕ ਅਤੇ ਅਫਗਾਨਿਸਤਾਨ ਆਦਿ ਸੰਸਾਰ ਦੇ ਕਈ ਦੇਸ਼ਾਂ ਵਿੱਚ ਬਿਨਾਂ ਵਜ੍ਹਾਂ ਦਖਲਅੰਦਾਜ਼ੀ ਕਰ ਰਹੀ ਹੈ। ਅਮਰੀਕੀ ਜਨਤਾ ਫੌਜ ਨੂੰ ਵਾਪਸ ਬੁਲਾਉਣ ਲਈ ਜ਼ੋਰਦਾਰ ਮੰਗ ਉਠਾ ਰਹੀ ਹੈ। ਬੇਰੋਜ਼ਗਾਰੀ ਵਧ ਰਹੀ ਅਤੇ ਆਰਥਿਕਤਾ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ। ਜੋਅ ਬਿਡੇਨ ਅਤੇ ਕਮਲਾ ਹੈਰਿਸ ਨੂੰ ਇਨ੍ਹਾਂ ਸੰਕਟਾਂ ਤੋਂ ਅਮਰੀਕਾ ਨੂੰ ਉਭਾਰਨ ਲਈ ਸਖਤ ਅਤੇ ਫੌਰਨ ਕਦਮ ਉਠਾਉਣੇ ਪੈਣਗੇ।