ਨਵੀਂ ਦਿੱਲੀ – ਅਫਗਾਨਿਸਤਾਨ ‘ਚ ਵੱਡੇ ਹਿੱਸੇ ‘ਤੇ ਕਬਜ਼ਾ ਕਰ ਕੇ ਤਾਲਿਬਾਨ ਨੇ ਭਲਾ ਹੀ ਫ਼ਤਹਿ ਦਾ ਦਾਅਵਾ ਕਰ ਦਿੱਤਾ ਹੈ ਪਰ ਅਜੇ ਜੰਗ ਖ਼ਤਮ ਨਹੀਂ ਹੋਈ ਹੈ। ਇਕ ਧੜਾ ਅਜੇ ਵੀ ਲਗਾਤਾਰ ਤਾਲਿਬਾਨ ਖ਼ਿਲਾਫ਼ ਲੜ ਰਿਹਾ ਹੈ।
ਤਾਲਿਬਾਨ ਖ਼ਿਲਾਫ਼ ਲੜਾਈ ‘ਚ ਸਭ ਤੋਂ ਪਹਿਲਾਂ ਨਾਂ ਅਮਰਉੱਲਾ ਸਾਲੇਹ ਦਾ ਆਉਂਦਾ ਹੈ। ਉਹ ਅਫਗਾਨਿਸਤਾਨ ਦੇ ਫਰਸਟ ਵਾਈਸ ਪ੍ਰੈਜ਼ੀਡੈਂਟ (ਐੱਫਪੀਵੀ) ਸੀ ਤੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡਣ ਤੋਂ ਬਾਅਦ ਸੰਵਿਧਾਨ ਤਹਿਤ ਉਨ੍ਹਾਂ ਨੂੰ ਦੇਸ਼ ਦਾ ਕਾਰਜਭਾਰ ਰਾਸ਼ਟਰਪਤੀ ਐਲਾਨ ਦਿੱਤਾ ਹੈ। ਪਿਛਲੇ ਢਾਈ ਦਹਾਕੇ ਤੋਂ ਤਾਲਿਬਾਨ ਖ਼ਿਲਾਫ਼ ਲੜ ਰਹੇ ਸਾਲੇਹ ਨੇ ਕਿਹਾ ਕਿ ਉਹ ਅਫਗਾਨਿਸਤਾਨ ਨੇ ਲੋਕਾਂ ਦੇ ਨਾਲ ਖੜ੍ਹੇ ਹਨ ਤੇ ਜੰਗ ਅਜੇ ਖ਼ਤਮ ਨਹੀਂ ਹੋਈ ਹੈ।
ਪੰਜਸ਼ੀਰ ਅਫਗਾਨਿਸਤਾਨ ਦਾ ਇਕਲਲੌਤਾ ਸੂਬਾ ਹੈ, ਜਿਥੇ ਹੁਣ ਤਕ ਤਾਲਿਬਾਨ ਕਬਜ਼ਾ ਨਹੀਂ ਕਰ ਪਾਇਆ ਹੈ। ਇਥੇ ਤਾਲਿਬਾਨ ਤੋਂ ਲੋਹਾ ਲੈਣ ਵਾਲਿਆਂ ‘ਚ ਨਾਰਦਨ ਅਲਾਇੰਸ ਦੇ ਅਹਿਮਦ ਮਸੂਦ ਦਾ ਨਂ ਸਭ ਤੋਂ ਅਹਿਮ ਹੈ। ਹਾਲ ‘ਚ ਸਾਲੇਹ ਨਾਲ ਉਨ੍ਹਾਂ ਦੀ ਮੁਲਾਕਾਤ ਦੀ ਤਸਵੀਰ ਸਾਹਮਣੇ ਆਈ ਸੀ। ਅਹਿਮਦ ਮਸੂਦ ਦੇ ਪਿਤਾ ਅਹਿਮਦ ਸ਼ਾਹ ਮਸੂਦ ਨੂੰ ਅਫਗਾਨਿਸਤਾਨ ਦੀ ਸਭ ਤੋਂ ਤਾਕਤਵਰ ਸ਼ਖਸੀਅਤਾਂ ‘ਚ ਸ਼ੁਮਾਰ ਕੀਤਾ ਜਾਂਦਾ ਸੀ। 2001 ‘ਚ ਅਲਕਾਇਦਾ ਤੇ ਤਾਲਿਬਾਨ ਨੇ ਮਿਲ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਹੁਣ ਅਹਿਮਦ ਮਸੂਦ ਤਾਲਿਬਾਨ ਨੂੰ ਹਰ ਹਾਲ ‘ਚ ਰੋਕਣ ਲਈ ਸੰਘਰਸ਼ਸ਼ੀਲ ਹਨ।
ਜਮਾਤ-ਏ-ਇਸਲਾਮੀ ਦੇ ਮੁੱਖ ਤੇ ਬਲਖ ਸੂਬੇ ਦੇ ਸਾਬਕਾ ਗਵਰਨਰ ਅਤਾ ਮੁਹੰਮਦ ਨੂਰ ਵੀ ਤਾਲਿਬਾਨ ਖ਼ਿਲਾਫ ਮੋਰਚਾ ਸੰਭਾਲੇ ਲੋਕਾਂ ‘ਚ ਸ਼ਾਮਲ ਹਨ। ਜਦੋਂ 1996 ‘ਚ ਤਾਲਿਬਾਨ ਨੇ ਅਫਗਾਨਿਸਤਾਨ ‘ਚ ਸੱਤਾ ਸੰਭਾਲੀ ਤਾਂ ਉਨ੍ਹਾਂ ਨੇ ਅਹਿਮਦ ਸ਼ਾਹ ਮਸੂਦ ਦੇ ਨਾਲ ਮਿਲਕ ਕੇ ਤਾਲਿਬਾਨ ਖ਼ਿਲਾਫ਼ ਇਕ ਸੰਯੁਕਤ ਮੋਰਚਾ ਤਿਆਰ ਕੀਤਾ ਸੀ। ਅਜੇ ਬਲਖ ਸੂਬੇ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਮੰਨਿਆ ਜਾ ਰਿਹਾ ਹੈ ਕਿ ਉਤ ਤਾਜਿਕਿਸਤਾਨ ਦੇ ਇਲਾਕੇ ‘ਚ ਚਲੇ ਗਏ ਹਨ।
67 ਸਾਲ ਦੇ ਅਬਦੁੱਲ ਰਸ਼ੀਦ ਦੋਸਤਮ ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। 2001 ‘ਚ ਅਫਗਾਨਿਸਤਾਨ ‘ਚ ਤਾਲਿਬਾਨ ਸਰਕਾਰ ਨੂੰ ਡਿਗਾਉਣ ‘ਚ ਦੋਸਤਮ ਨੇ ਅਮਰੀਕੀ ਸੈਨਾ ਦੀ ਕਾਫੀ ਮਦਦ ਕੀਤੀ ਸੀ। ਦੋਸਤਮ ਦਾ ਅਫਗਾਨਿਸਤਾਨ ਦੇ ਉੱਤਰੀ ਇਲਾਕਿਆਂ ‘ਚ ਦਬਦਬਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਸਮੇਂ ਉਬਜੇਕਿਸਤਾਨ ‘ਚ ਹਨ।