ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮਾਮਲਿਆਂ ਦੀ ਸੰਸਦੀ ਕਮੇਟੀ ਦੇ ਸੀਨੀਅਰ ਰਿਪਬਲਿਕਨ ਸੰਸਦ ਮੈਂਬਰ ਮਾਈਕਲ ਮੈਕਕਾਲ ਨੇ ਕਿਹਾ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਪੰਜ ਸੌ ਤੋਂ ਜ਼ਿਆਦਾ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਫ਼ਗਾਨਿਸਤਾਨ ’ਚ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਹੈ। ਇਨ੍ਹਾਂ ਪੱਤਰਕਾਰਾਂ ਨੂੰ ਯੂਐੱਸ ਏਜੰਸੀ ਫਾਰ ਗਲੋਬਲ ਮੀਡੀਆ (ਯੂਐੱਸਏਜੀਐੱਮ) ਨੇ ਨਿਯੁਕਤ ਕੀਤਾ ਹੈ।
ਰਿਪਬਲਿਕਨ ਸੰਸਦ ਮੈਂਬਰ ਮਾਈਕਲ ਮੈਕਕਾਲ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਇਨ੍ਹਾਂ ’ਚੋਂ ਕੁਝ ਪੱਤਰਕਾਰਾਂ ਨੂੰ ਬਾਇਡਨ ਪ੍ਰਸ਼ਾਸਨ ਵਲੋਂ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਸਥਾਨਕ ਸਟਾਫ ਵਾਂਗ ਦੇਖਿਆ ਜਾਵੇਗਾ ਪਰ ਉਨ੍ਹਾਂ ਨਾਲ ਅਜਿਹਾ ਨਹੀਂ ਹੋਇਆ। ਇਹ ਬਹੁਤ ਸ਼ਰਮਨਾਕ ਹੈ ਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਪਣੇ ਵਾਅਦੇ ਮੁਤਾਬਕ ਸਥਾਨਕ ਮੁਲਾਜ਼ਮਾਂ ਤੇ ਪੱਤਰਕਾਰਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ। ਮੈਕਕਾਲ ਨੇ ਕਿਹਾ ਕਿ ਅਮਰੀਕੀ ਮੀਡੀਆ ਏਜੰਸੀ ਦੇ ਸਿਰਫ਼ 50 ਮੁਲਾਜ਼ਮ ਹੀ ਕਾਬੁਲ ਤੋਂ ਸੁਰੱਖਿਅਤ ਬਾਹਰ ਕੱਢੇ ਗਏ ਹਨ।