ਵਾਸ਼ਿੰਗਟਨ – ਅਫ਼ਗਾਨਿਸਤਾਨ ‘ਤੇ ਤਾਲਿਬਾਨ ਨੂੰ ਕਬਜ਼ਾ ਦਿਵਾਉਣ ‘ਚ ਪਾਕਿਸਤਾਨ ਦਾ ਹੱਥ ਹੋਣ ਦੀ ਗੱਲ ਫਿਰ ਸਾਹਮਣੇ ਆਈ ਹੈ। ਅਮਰੀਕਾ ਦੇ ਇਕ ਪ੍ਰਮੁੱਖ ਸੰਸਦ ਮੈਂਬਰ ਨੇ ਕਿਹਾ ਕਿ ਪਾਕਿਸਤਾਨ ਤੇ ਇਸ ਦੇਸ਼ ਦੀ ਖੁਫੀਆ ਏਜੰਸੀ ਨੇ ਅਫ਼ਗਾਨਿਸਤਾਨ ‘ਤੇ ਤਾਲਿਬਾਨ ਨੂੰ ਕਬਜ਼ਾ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਨੂੰ ਉਸ ਸੰਗਠਨ ਦੀ ਜਿੱਤ ‘ਤੇ ਜਸ਼ਨ ਮਨਾਉਂਦੇ ਦੇਖਣਾ ਖ਼ਰਾਬ ਲੱਗ ਰਿਹਾ ਹੈ, ਜਿਹੜਾ ਅਫ਼ਗਾਨ ਲੋਕਾਂ ਲਈ ਕਰੂਰਤਾ ਲਿਆਏਗਾ।
ਰਿਪਬਲਿਕਨ ਸੰਸਦ ਮੈਂਬਰ ਤੇ ਇੰਡੀਆ ਕਾਕਸ ਦੇ ਸਹਿ ਚੇਅਰਮੈਨ ਸਟੀਵ ਚਾਬੋਟ ਨੇ ਐਤਵਾਰ ਨੂੰ ਹਿੰਦੂ ਪਾਲੀਟਿਕਲ ਐਕਸ਼ਨ ਕਮੇਟੀ ਦੇ ਆਨਲਾਈਨ ਪ੍ਰਰੋਗਰਾਮ ‘ਚ ਇਹ ਗੱਲ ਕਹੀ। ਉਨ੍ਹਾਂ ਕਿਹਾ, ‘ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਤੇ ਖਾਸ ਤੌਰ ‘ਤੇ ਉਸਦੀ ਖੁਫ਼ੀਆ ਏਜੰਸੀ ਨੇ ਤਾਲਿਬਾਨ ਦੇ ਪੈਰ ਪਸਾਰਣ ਤੇ ਦੇਸ਼ ‘ਤੇ ਕਬਜ਼ਾ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ।’
ਦੱਸਣਯੋਗ ਹੈ ਕਿ ਅਮਰੀਕੀ ਫ਼ੌਜੀਆਂ ਦੀ ਵਾਪਸੀ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਅਫਗਾਨਿਸਤਾਨ ਦੇ ਸੂੁਬਿਆਂ ‘ਤੇ ਕਬਜ਼ੇ ਲਈ ਤਾਲਿਬਾਨ ਨੇ ਹਮਲੇ ਤੇਜ਼ ਕਰ ਦਿੱਤੇ ਸਨ। ਅਫਗਾਨ ਅਧਿਕਾਰੀ ਇਹ ਲਗਾਤਾਰ ਕਹਿੰਦੇ ਰਹੇ ਕਿ ਪਾਕਿਸਤਾਨ ਤੇ ਇਸਦੀ ਖੁਫ਼ੀਆ ਏਜੰਸੀ ਆਈਐੱਸਆਈ ਤਾਲਿਬਾਨ ਦਾ ਸਾਥ ਦੇ ਰਹੀ ਹੈ। ਪਾਕਿਸਤਾਨੀ ਅੱਤਵਾਦੀ ਸੰਗਠਨ ਵੀ ਤਾਲਿਬਾਨ ਨਾਲ ਮਿਲ ਕੇ ਅਫਗਾਨ ਦਸਤਿਆਂ ਨਾਲ ਲੜ ਰਹੇ ਹਨ।
ਚਾਬੋਟ ਨੇ ਕਿਹਾ, ‘ਪਾਕਿਸਤਾਨ ਆਪਣੇ ਇੱਥੇ ਘੱਟ ਗਿਣਤੀਆਂ ਦਾ ਸੋਸ਼ਣ ਕਰਦਾ ਹੈ, ਪਰ ਅਮਰੀਕਾ ਇਸ ‘ਤੇ ਬਹੁਤ ਘੱਟ ਧਿਆਨ ਦਿੰਦਾ ਹੈ। ਬਿਹਤਰ ਹੋਵੇਗਾ ਕਿ ਅਸੀਂ ਆਪਣੇ ਸਾਥੀ ਨਾਗਰਿਕਾਂ ਨੂੰ ਇਨ੍ਹਾਂ ਅੱਤਿਆਚਾਰਾਂ ਬਾਰੇ ਜਾਣਕਾਰੀ ਦੇਣ। ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ ਤੇ ਘੱਟ ਉਮਰ ‘ਚ ਹਿੰਦੂ ਲੜਕੀਆਂ ਦਾ ਜ਼ਿਆਦਾ ਉਮਰ ਦੇ ਮੁਸਲਮਾਨ ਮਰਦਾਂ ਨਾਲ ਜ਼ਬਰਦਸਤੀ ਵਿਆਹ ਵਰਗੀਆਂ ਨਫ਼ਰਤ ਭਰੀ ਪ੍ਰਥਾ ਇਸ ਤਰ੍ਹਾਂ ਦੇ ਸ਼ੋਸ਼ਣ ਨੂੰ ਸਾਹਮਣੇ ਲਿਆਉਂਦੀ ਹੈ।’