ਨਵੀਂ ਦਿੱਲੀ – ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਾਲਾਤ ਕਾਫੀ ਤੇਜ਼ੀ ਨਾਲ ਖਰਾਬ ਹੁੰਦੇ ਜਾ ਰਹੇ ਹਨ। ਦੁਨੀਆ ਦੇ ਅਮਰੀਕਾ ਸਮੇਤ ਦੂਸਰੇ ਦੇਸ਼ਾਂ ਵਾਂਗ ਭਾਰਤ ਨੇ ਵੀ ਉੱਥੇ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਹਵਾਈ ਫ਼ੌਜ ਦਾ ਇਕ ਸੀ-17 ਗਲੋਬਮਾਸਟਰ ਜਹਾਜ਼ ਨੇ ਕਰੀਬ 1 ਭਾਰਤੀ ਰਾਜਦੂਤ ਸਮੇਤ 120 ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਨੂੰ ਲੈ ਕੇ ਕਾਬੁਲ ਤੋਂ ਉਡਾਨ ਭਰੀ ਹੈ। ਮੁਲਾਜ਼ਮਾਂ ਨੂੰ ਕੱਲ੍ਹ ਦੇਰ ਸ਼ਾਮ ਹਵਾਈ ਅੱਡੇ ਦੇ ਸੁਰੱਖਿਅਤ ਇਲਾਕਿਆਂ ‘ਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੀ-17 ਗਲੋਬਮਾਸਟਰ ਜਹਾਜ਼ ਕਰੀਬ 150 ਲੋਕਾਂ ਨੂੰ ਲੈ ਕੇ ਭਾਰਤ ਪਹੁੰਚ ਗਿਆ ਸੀ।
ਦੱਸ ਦੇਈਏ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਹੀ ਕਾਬੁਲ ਏਅੜਪੋਰਟ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕ ਪਹੁੰਚੇ ਹੋਏ ਹਨ। ਕਾਬੁਲ ਏਅਰਪੋਰਟ ਤੋਂ ਸਾਰੀਆਂ ਕਮਰਸ਼ੀਅਲ ਫਲਾਈਟਸ ਨੂੰ ਉਡਾਨ ਭਰਨ ਤੋਂ ਰੋਕ ਦਿੱਤਾ ਗਿਆ ਹੈ। ਏਅਰਪੋਰਟ ਦੇ ਹਾਲਾਤ ਕਾਬੂ ਤੋਂ ਬਾਹਰ ਹੋ ਜਾਣ ਤੋਂ ਬਾਅਦ ਏਅਰ ਇੰਡੀਆ ਨੇ ਸੋਮਵਾਰ ਨੂੰ ਕਾਬੁਲ ਲਈ ਸੰਚਾਲਿਤ ਹੋਣ ਵਾਲੀ ਆਪਣੀ ਉਡਾਨ ਰੱਦ ਕਰ ਦਿੱਤੀ ਸੀ। ਇਸ ਤੋਂ ਇਲਾਵਾ ਵੱਖ-ਵੱਖ ਏਅਰਲਾਈਨਜ਼ ਨੇ ਅਫ਼ਗਾਨੀ ਹਵਾਈ ਖੇਤਰ ਲਈ ਭਾਰਤ ਅਤੇ ਪੱਛਮੀ ਦੇਸ਼ਾਂ ਦੇ ਵਿਚਕਾਰ ਆਪਣੀਆਂ ਉਡਾਨਾਂ ਦਾ ਮਾਰਗ ਬਦਲ ਦਿੱਤਾ।