ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਗ੍ਰਹਿ ਸੁਰੱਖਿਆ ਵਿਭਾਗ ਰਾਹੀਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਲਈ ਹੱਥ, ਸਿੱਖ ਕੌਮ ਲਈ ਸਭ ਤੋਂ ਮਹਾਨ ਅਧਿਆਤਮਕ ਸਥਾਨਾਂ ਗੁਰਦੁਆਰਿਆਂ ਤੱਕ ਵੀ ਵਧਾ ਲਏ ਹਨ, ਜਿਸ ਦਾ ਸਿੱਖ ਆਗੂਆਂ ਤੇ ਸਿੱਖ ਸੰਸਥਾਵਾਂ ਨੇ ਤਿੱਖਾ ਵਿਰੋਧ ਕਰਦਿਆਂ ਉਨ੍ਹਾਂ ਦੇ ਧਾਰਮਿਕ ਮਾਮਲਿਆਂ ‘ਚ ਸਿੱਧੀ ਦਖ਼ਲਅੰਦਾਜ਼ੀ ਕਿਹਾ ਹੈ।
ਜਦੋਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਨਿਊਯਾਰਕ ਤੇ ਨਿਊਜਰਸੀ ਦੇ ਗੁਰੂ ਘਰਾਂ ਦਾ ਦੌਰਾ ਕਰਕੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਦੀ ਜਾਂਚ ਕੀਤੀ, ਤਾਂ ਸਿੱਖ ਜਥੇਬੰਦੀਆਂ ਨੇ ਇਸ ‘ਤੇ ਤਿੱਖਾ ਪ੍ਰਤੀਕਰਮ ਕੀਤਾ। ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਨੇ ਸਿੱਖ ਧਰਮ ਦੀ ਪਵਿੱਤਰਤਾ ਨੂੰ ਖ਼ਤਰਾ ਪੈਦਾ ਕੀਤਾ ਹੈ ਤੇ ਪ੍ਰਵਾਸੀ ਭਾਈਚਾਰੇ ਲਈ ਇਕ ਤਰ੍ਹਾਂ ਨਾਲ ਕੋਲਡ ਮੈਸੇਜ ਹੈ। ਗੁਰੂ ਘਰਾਂ ‘ਤੇ ਹਥਿਆਰਬੰਦ ਕਾਨੂੰਨ ਲਾਗੂ ਕਰਨ ਵਾਲਿਆਂ ਵਲੋਂ ਬਿਨਾਂ ਸਰਕਾਰੀ ਨਿਗਰਾਨੀ ਜਾਂ ਬਿਨਾਂ ਵਰੰਟਾਂ ਦੇ ਛਾਪੇਮਾਰੀ ਕੀਤੀ ਜਾਵੇ, ਇਹ ਸਿੱਖ ਕੌਮ ਦੀਆਂ ਧਾਰਮਿਕ ਪ੍ਰੰਪਰਾਵਾਂ ਦੇ ਖ਼ਿਲਾਫ਼ ਤੇ ਬਰਦਾਸ਼ਤ ਕਰਨ ਯੋਗ ਨਹੀਂ ਹੈ। ਆਪਣੀ ਤਿੱਖੀ ਪ੍ਰਤੀਕਿਰਿਆ ‘ਚ ਕਿਰਨ ਕੌਰ ਗਿੱਲ ਨੇ ਇਹ ਵੀ ਕਿਹਾ ਕਿ ਅਸੀਂ ਗ੍ਰਹਿ ਸੁਰੱਖਿਆ ਵਿਭਾਗ ਦੇ ਸੰਵੇਦਨਸ਼ੀਲ ਖੇਤਰਾਂ ਲਈ ਸੁਰੱਖਿਆ ਖ਼ਤਮ ਕਰਨ ਤੇ ਫਿਰ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਉਣ ਦੇ ਫ਼ੈਸਲੇ ਤੋਂ ਬਹੁਤ ਦੁਖੀ ਹਾਂ। ਸਮੂਹਿਕ ਤੌਰ ‘ਤੇ ਸਿੱਖ ਭਾਈਚਾਰੇ ਵਲੋਂ ਗ੍ਰਹਿ ਵਿਭਾਗ ਦੇ ਸੰਵੇਦਨਸ਼ੀਲ ਖੇਤਰਾਂ ਲਈ ਸੁਰੱਖਿਆ ਨੂੰ ਖਤਮ ਕਰਨ ਤੇ ਫਿਰ ਗੁਰਦੁਆਰਿਆਂ ਵਰਗੇ ਧਾਰਮਿਕ ਤੇ ਪੂਜਾ ਸਥਾਨਾਂ ਨੂੰ ਨਿਸ਼ਾਨਾ ਬਣਾਉਣਾ ਤੇ ਟਰੰਪ ਪ੍ਰਸ਼ਾਸਨ ਵਲੋਂ ਪਿਛਲੇ ਉਨ੍ਹਾਂ ਨਿਰਦੇਸ਼ਾਂ, ਜਿਨ੍ਹਾਂ ਤਹਿਤ ਸੁਰੱਖਿਆ ਖੇਤਰ, ਹਸਪਤਾਲ, ਸਕੂਲ, ਸਮਾਜ ਸੇਵਾ ਕੇਂਦਰ ਤੇ ਹੋਰ ਸ਼ਾਮਿਲ ਸਨ, ‘ਤੇ ਗ੍ਰਹਿ ਨੀਤੀ ਰੱਦ ਕਰਨ ਉਪਰੰਤ ਗਿਝਫ਼ਤਾਰੀਆਂ ਦਾ ਦਰਵਾਜ਼ਾ ਖੋਲਿ੍ਹਆ ਹੈ ਅਤੇ ਗੁਰੂ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਦਰਮਿਆਨ ਗ੍ਰਹਿ ਵਿਭਾਗ ਦੇ ਬੁਲਾਰੇ ਨੇ ਇਕ ਬਿਆਨ ‘ਚ ਕਿਹਾ ਕਿ ਇਹ ਕਾਰਵਾਈ ਕਸਟਮ ਐਂਡ ਵਾਡਰ ਤੇ ਇੰਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈਸ) ਅਧਿਕਾਰੀਆਂ ਵਲੋਂ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰਨ ਲਈ ਤੇ ਅਪਰਾਧੀ ਕਾਤਲ ਨੂੰ ਫੜਨ ਲਈ ਕੀਤੀ ਗਈ ਹੈ, ਜੋ ਸਾਡੇ ਦੇਸ਼ ‘ਚ ਗੈਰ ਕਾਨੂੰਨੀ ਦਾਖ਼ਲ ਹੋਏ ਹਨ।ਟਰੰਪ ਪ੍ਰਸ਼ਾਸਨ ਅਜਿਹੇ ਕਾਨੂੰਨ ਲਾਗੂ ਕਰਨ ਜਾਂ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਸਾਡੇ ਹੱਥ ਨਹੀਂ ਬੰਨ੍ਹੇਗਾ ਜੋ ਸਕੂਲਾਂ, ਗਿਰਜਾ ਘਰਾਂ ਜਾਂ ਹੋਰ ਧਾਰਮਿਕ ਸਥਾਨਾਂ ‘ਤੇ ਲੁਕੇ ਹੋਣ ।
ਅਮਰੀਕੀ ਰਾਸ਼ਟਰਪਤੀ ਜੇ. ਡੀ. ਵੈਂਸ ਨੇ ਧਾਰਮਿਕ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇੰਮੀਗ੍ਰੇਸ਼ਨ ਛਾਪਿਆਂ ਦੀ ਸੰਭਾਵਨਾ ਨੂੰ ਰੱਦ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਕਾਰਵਾਈ ਇੰਮੀਗ੍ਰੇਸ਼ਨ ਲਈ ਕੋਈ ਖ਼ਾਸ ਗੱਲ ਨਹੀਂ ਹੈ ਤੇ ਜੇ ਤੁਹਾਡੇ ਕੋਲ ਕੋਈ ਅਜਿਹਾ ਵਿਅਕਤੀ ਹੈ ਜੋ ਹਿੰਸਕ ਅਪਰਾਧ ਦਾ ਦੋਸ਼ੀ ਹੈ ਤੇ ਉਹ ਗ਼ੈਰ ਕਾਨੂੰਨੀ ਪ੍ਰਵਾਸੀ ਹੈ ਜਾਂ ਨਹੀਂ, ਜਨਤਕ ਸੁਰੱਖਿਆ ਲਈ ਉਸ ਤੱਕ ਹਰਗਿਜ਼ ਪਹੁੰਚਣਾ ਪਵੇਗਾ।