ਵਾਸ਼ਿੰਗਟਨ – ਅਮਰੀਕਾ ‘ਚ ਕੋਰੋਨਾ ਦੀ ਚੌਥੀ ਲਹਿਰ ‘ਚ ਬੱਚੇ ਤੇਜ਼ੀ ਨਾਲ ਇਨਫੈਕਟਿਡ ਹੋ ਰਹੇ ਹਨ। ਹੁਣ ਹਸਪਤਾਲਾਂ ‘ਚ ਵੀ ਗੰਭੀਰ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ।ਦੁਨੀਆ ਦੇ ਤਮਾਮ ਦੇਸ਼ਾਂ ਵਿਚ ਮਹਾਮਾਰੀ ਨਾਲ ਹੋਣ ਵਾਲੀਆਂ ਮੌਤਾਂ ਰੁਕ ਨਹੀਂ ਰਹੀਆਂ ਹਨ। ਅਮਰੀਕਾ ਵਿਚ ਕੋਰੋਨਾ ਇਕ ਵਾਰ ਫਿਰ ਕਹਿਰ ਵਰ੍ਹਾਉਣ ਲੱਗਾ ਹੈ। ਅਮਰੀਕਾ ਵਿਚ ਚਾਰ ਮਹੀਨਿਆਂ ਬਾਅਦ ਇਕ ਦਿਨ ਵਿਚ ਮਰਨ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਨੂੰ ਪਾਰ ਕਰ ਗਈ ਹੈ। ਰੂਸ ਵਿਚ ਕੋਰੋਨਾ ਨਾਲ ਰੋਜ਼ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ। ਬ੍ਰਾਜ਼ੀਲ ਕੋਰੋਨਾ ਦੀ ਨਵੀਂ ਲਹਿਰ ਦੀ ਲਪੇਟ ਵਿਚ ਹੈ ਤੇ ਇਕ ਵਾਰ ਫਿਰ ਉੱਥੇ ਇਕ ਦਿਨ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਨਿਊਜ਼ੀਲੈਂਡ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਹੈ ਤੇ ਨਵੇਂ ਇਨਫੈਕਟਿਡਾਂ ਦੇ ਮਿਲਣ ਦਾ ਸਿਲਸਿਲਾ ਜਾਰੀ ਹੈ। ਰੂਸ ਵਿਚ 24 ਘੰਟਿਆਂ ਵਿਚ ਕੋਰੋਨਾ ਨਾਲ 791 ਲੋਕਾਂ ਦੀ ਮੌਤ ਹੋ ਗਈ, ਬ੍ਰਾਜ਼ੀਲ ਵਿਚ 1064 ਦੀ ਮੌਤ ਹੋਈ ਹੈ। ਵਧਦੇ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਦੁਨੀਆ ਦੇ ਮੁਲਕਾਂ ਵਿਚ ਹੁਣ ਬੂਸਟਰ ਡੋਜ਼ ਲਗਾਉਣ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ।
ਅਮਰੀਕਾ ਦੇ ਪੀਡੀਆਟਿ੍ਕਸ ਐੈਂਡ ਚਿਲਡਰਨਸ ਹਾਸਪਿਟਲ ਸੁਸਾਇਟੀ ਮੁਤਾਬਕ ਜੂਨ ਦੇ ਅੰਤ ਤੋਂ 12 ਅਗਸਤ ਤਕ 1,21,000 ਬੱਚੇ ਕੋਰੋਨਾ ਇਨਫੈਕਟਿਡ ਹੋਏ ਹਨ। ਮਹਾਮਾਰੀ ਸ਼ੁਰੂ ਹੋਣ ਨਾਲ ਹੁਣ ਤਕ 4 ਲੱਖ 41 ਹਜ਼ਾਰ ਬੱਚੇ ਕੋਰੋਨਾ ਦੇ ਸ਼ਿਕਾਰ ਹੋਏ ਹਨ। ਇੱਥੇ 12 ਸਾਲ ਤੋਂ ਹੇਠਾਂ ਦੇ ਬੱਚਿਆਂ ਲਈ ਅਜੇ ਵੈਕਸੀਨ ਨਹੀਂ ਹੈ। ਅਮਰੀਕਾ ‘ਚ ਡੈਲਟਾ ਵੇਰੀਐਂਟ ਕਾਰਨ ਚੱਲ ਰਹੀ ਚੌਥੀ ਲਹਿਰ ‘ਚ ਗੰਭੀਰ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਹਸਪਤਾਲਾਂ ‘ਚ ਮਰੀਜ਼ਾਂ ਦਾ ਦਬਾਅ ਵਧ ਗਿਆ ਹੈ। ਮਹਾਮਾਰੀ ‘ਤੇ ਕਾਬੂ ਪਾਉਣ ਲਈ ਵੈਕਸੀਨ ਲਗਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇੱਥੇ 59 ਫ਼ੀਸਦੀ ਲੋਕਾਂ ਨੂੰ ਵੈਕਸੀਨ ਦੀ ਇਕ ਖ਼ੁਰਾਕ ਦੇ ਦਿੱਤੀ ਗਈ ਹੈ।ਨਿਊਜ਼ੀਲੈਂਡ ‘ਚ ਤਿੰਨ ਦਿਨ ਪਹਿਲਾਂ ਇਕ ਮਰੀਜ਼ ਮਿਲਿਆ ਤੇ ਹੁਣ ਇਹ ਗਿਣਤੀ 21 ਹੋ ਗਈ ਹੈ। ਇੱਥੇ ਲਾਕਡਾਊਨ ਲਗਾ ਦਿੱਤਾ ਗਿਆ ਹੈ। ਹੁਣ ਵੈਕਸੀਨ ਲਗਾਉਣ ‘ਚ ਵੀ ਤੇਜ਼ੀ ਕੀਤੀ ਜਾ ਰਹੀ ਹੈ।
ਅਮਰੀਕਾ ਨੇ 150 ਦੇਸ਼ਾਂ ਦੇ ਨੇਤਾਵਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਿਊਯਾਰਕ ‘ਚ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਅਗਲੇ ਮਹੀਨੇ ਹੋਣ ਜਾ ਰਹੀ ਸੰਯੁਕਤ ਰਾਸ਼ਟਰ (ਯੂਐੱਨ) ਦੀ ਬੈਠਕ ‘ਚ ਹਿੱਸਾ ਲੈਣ ਨਾ ਆਉਣ ਤੇ ਵਰਚੁਅਲ ਬੈਠਕ ਕਰਨ। ਅਮਰੀਕਾ ਨੇ ਬੈਠਕ ‘ਚ ਨਿੱਜੀ ਤੌਰ ‘ਤੇ ਸ਼ਾਮਲ ਨਾ ਹੋਣ ਸਬੰਧੀ ਇਕ ਪੱਤਰ 192 ਦੇਸ਼ਾਂ ਨੂੰ ਭੇਜਿਆ ਹੈ। ਇਸ ਪੱਤਰ ‘ਚ ਕਿਹਾ ਹੈ ਕਿ ਉਹ ਆਪਣਾ ਸੰਬੋਧਨ ਵੀਡੀਓ ਰਾਹੀਂ ਕਰਨ। ਇਸ ਨਾਲ ਨਿਊਯਾਰਕ ‘ਚ ਇਨਫੈਕਸ਼ਨ ਰੋਕਣ ‘ਚ ਮਦਦ ਮਿਲੇਗੀ।