ਸਿੰਗਾਪੁਰ – ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਿੰਗਾਪੁਰ ਪਹੁੰਚਣ ‘ਤੇ ਕਿਹਾ ਕਿ ਅਮਰੀਕਾ ਫਿਲਹਾਲ ਆਪਣਾ ਪੂਰਾ ਧਿਆਨ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ‘ਤੇ ਕੇਂਦਰਤ ਕਰ ਰਿਹਾ ਹੈ। ਇਸ ਤੋਂ ਬਾਅਦ ਅਮਰੀਕੀ ਫ਼ੌਜ ਨੂੰ ਹਟਾਉਣ ਬਾਰੇ ਵਿਚਾਰ ਕਰਨ ‘ਤੇ ਕਾਫ਼ੀ ਸਮਾਂ ਮਿਲੇਗਾ।
ਹੈਰਿਸ ਨੇ ਸੋਮਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੇਨ ਲੂੰਗ ਤੇ ਰਾਸ਼ਟਰਪਤੀ ਹਲੀਮਾ ਯਾਕੂਬ ਨਾਲ ਮੁਲਾਕਾਤ ਕੀਤੀ ਤੇ ਖੇਤਰ ‘ਚ ਚੀਨ ਦੇ ਵਧਦੇ ਆਰਥਿਕ ਤੇ ਸੁਰੱਖਿਆ ਪ੍ਰਭਾਵ ਨੂੰ ਘੱਟ ਕਰਨ ਤੇ ਵਿਚਾਰ ਵਟਾਂਦਰਾ ਕੀਤਾ। ਲੀ ਨੇ ਇਸ ਬੈਠਕ ਤੋਂ ਬਾਅਦ ਇਕ ਸਾਂਝੀ ਪ੍ਰਰੈੱਸ ਕਾਨਫਰੰਸ ‘ਚ ਕਿਹਾ ਕਿ ਵੀਹ ਸਾਲ ਪਹਿਲਾਂ ਅਮਰੀਕਾ ਦੇ ਅਫ਼ਗਾਨਿਸਤਾਨ ‘ਚ ਦਾਖ਼ਲ ਹੋਣ ਨਾਲ ਅਫ਼ਗਾਨਿਸਤਾਨ ਨੂੰ ਅੱਤਵਾਦੀ ਸੰਗਠਨਾਂ ਨੇ ਸੁਰੱਖਿਅਤ ਟਿਕਾਣਾ ਮੰਨਣਾ ਬੰਦ ਕਰ ਦਿੱਤਾ ਹੈ। ਸਿੰਗਾਪੁਰ ਇਸ ਲਈ ਧੰਨਵਾਦੀ ਹੈ। ਸਾਨੂੰ ਉਮੀਦ ਹੈ ਕਿ ਅਫ਼ਗਾਨਿਸਤਾਨ ਦੋਬਾਰਾ ਅੱਤਵਾਦੀ ਸੰਗਠਨਾਂ ਦਾ ਗੜ੍ਹ ਨਹੀਂ ਬਣੇਗਾ। ਲੀ ਨੇ ਕਿਹਾ ਕਿ ਸਿੰਗਾਪੁਰ ਨੇ ਅਫ਼ਗਾਨਿਸਤਾਨ ‘ਚ ਆਪਣੀ ਫ਼ੌਜੀ ਬਲ ਇਸ ਲਈ ਭੇਜਿਆ ਹੈ ਤਾਂ ਜੋ ਅੱਤਵਾਦ ਖ਼ਿਲਾਫ਼ ਆਲਮੀ ਲੜਾਈ ਕਮਜ਼ੋਰ ਨਾ ਪਵੇ। ਹੈਰਿਸ ਨੇ ਵੀ ਲੀ ਨੂੰ ਅਫ਼ਗਾਨਿਸਤਾਨ ‘ਚ ਲੋਕਾਂ ਨੂੰ ਬਚਾ ਕੇ ਕੱਢਣ ਲਈ ਅਮਰੀਕਾ ਦੀ ਸਹਾਇਤਾ ਕਰਨ ‘ਤੇ ਧੰਨਵਾਦ ਕੀਤਾ ਹੈ। ਸਿੰਗਾਪੁਰ ਨੇ ਆਪਣੀ ਹਵਾਈ ਫ਼ੌਜ ਦਾ ਐੱਮਆਰਟੀਟੀ ਜਹਾਜ਼ ਅਫ਼ਗਾਨਿਸਤਾਨ ਭੇਜਿਆ ਹੈ। ਇਕ ਵਾਰ ‘ਚ 266 ਯਾਤਰੀਆਂ ਜਾਂ 37 ਹਜ਼ਾਰ ਕਿੱਲੋਂ ਸਾਮਾਨ ਦਾ ਭਾਰ ਢੋਅ ਸਕਦਾ ਹੈ। ਅਮਰੀਕਾ ਤਾਲਿਬਾਨ ਦੇ ਕਹਿਰ ਤੋਂ ਬਚਾਉਣ ਲਈ ਆਪਣੇ ਨਾਗਰਿਕਾਂ ਤੇ ਸਬੰਧਤ ਅਫ਼ਗਾਨੀਆਂ ਨੂੰ ਏਅਰਲਿਫਟ ਕਰ ਰਿਹਾ ਹੈ।