ਨਵੀਂ ਦਿੱਲੀ – ਅਮਰੀਕੀ ਨਿਆਂ ਵਿਭਾਗ ਵੱਲੋਂ ਭਾਰਤੀ ਨਾਗਰਿਕ ’ਤੇ ਸਿੱਖ ਵੱਖਵਾਦੀ ਨੇਤਾ ਬਾਰੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਭਾਰਤ ਨੂੰ ਨਸੀਹਤ ਦਿੱਤੀ ਹੈ। ਜਸਟਿਨ ਟਰੂਡੋ ਨੇ ਕਿਹਾ ਹੈ,‘ਅਮਰੀਕਾ ਵੱਲੋਂ ਜਿਹੜੇ ਦੋਸ਼ ਲਾਏ ਹਨ, ਅਸੀਂ ਉਨ੍ਹਾਂ ਬਾਰੇ ਸ਼ੁਰੂ ਤੋਂ ਹੀ ਗੱਲ ਕਰਦੇ ਰਹੇ ਹਾਂ। ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਭਾਰਤ ਨੂੰ ਅਜਿਹੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ,‘ਅਮਰੀਕਾ ਇਹ ਵੀ ਦੋਸ਼ ਲਗਾਉਂਦਾ ਹੈ ਕਿ ਭਾਰਤ ਸਰਕਾਰ ਦੇ ਅਧਿਕਾਰੀ ਨੇ ਅਮਰੀਕੀ ਧਰਤੀ ’ਤੇ ਖਾਲਿਸਤਾਨੀ ਨੇਤਾ ਦੀ ਹੱਤਿਆ ਦੀ ਅਸਫਲ ਸਾਜਿਸ਼ ਰਚੀ ਸੀ। ਅਮਰੀਕਾ ਵੱਲੋਂ ਇਹ ਦੋਸ਼ ਕੈਨੇਡਾ ਦੇ ਇਸੇ ਤਰ੍ਹਾਂ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ’ਤੇ ਜ਼ੋਰ ਪਾਉਂਦਾ ਹੈ।’ ਕੈਨੇਡਾ ਦੇ ਓਟਾਵਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਟਰੂਡੋ ਨੇ ਅੱਗੇ ਕਿਹਾ ਕਿ ਅਮਰੀਕਾ ਤੋਂ ਆ ਰਹੀਆਂ ਖ਼ਬਰਾਂ ਉਸ ਵੱਲ ਇਸ਼ਾਰਾ ਕਰ ਰਹੀਆਂ ਹਨ ਜਿਸ ਬਾਰੇ ਅਸੀਂ ਸ਼ੁਰੂ ਤੋਂ ਹੀ ਗੱਲ ਕਰ ਰਹੇ ਹਾਂ, ਭਾਰਤ ਨੂੰ ਇਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇਸ ਦੌਰਾਨ ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੌਲੀ ਨੇ ਕਿਹਾ ਕਿ ਉਹ ਅਮਰੀਕਾ ਦੇ ਅਪਰਾਧਿਕ ਮਾਮਲੇ ’ਤੇ ਟਿੱਪਣੀ ਨਹੀਂ ਕਰੇਗੀ ਪਰ ਕਿਹਾ ਕਿ ਉਹ ਭਾਰਤ ਤੋਂ ਹੋਰ ਉਮੀਦਾਂ ਰੱਖਦੀ ਹੈ। ਉਸ ਨੇ ਕਿਹਾ, ‘ਸਪੱਸ਼ਟ ਤੌਰ ’ਤੇ ਅਸੀਂ ਉਨ੍ਹਾਂ ਦੇ ਹਿੱਸੇ ਤੋਂ ਵਧੇਰੇ ਸਹਿਯੋਗ ਦੀ ਉਮੀਦ ਕਰਦੇ ਹਾਂ। ਜੌਲੀ ਨੇ ਇਹ ਟਿੱਪਣੀ ਬਰੱਸਲਜ਼ ਵਿੱਚ ਕੀਤੀ, ਜਿੱਥੇ ਉਹ ਨਾਟੋ ਦੀ ਮੀਟਿੰਗ ਵਿੱਚ ਸ਼ਾਮਲ ਹੋਈ ਸੀ। ਟਰੂਡੋ ਵੱਲੋਂ ਜੂਨ ਵਿੱਚ ਬਿ੍ਰਟਿਸ਼ ਕੋਲੰਬੀਆ ਦੇ ਸਰੀ ਵਿੱਚ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਬਾਰੇ ਦੋਸ਼ ਲਾਏ ਜਾਣ ਤੋਂ ਦੋ ਮਹੀਨੇ ਬਾਅਦ ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਨਾਗਰਿਕ ਖ਼ਿਲਾਫ਼ ਦੋਸ਼ਾਂ ਦੀ ਮੋਹਰ ਲਾ ਦਿੱਤੀ।
