ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਰੂਸ ਦੇ ਮੱੁਦੇ ’ਤੇ ਭਾਰਤ ਨੂੰ ਛੱਡ ਕੇ ਉਸ ਦੇ ਸਾਰੇ ਸਹਿਯੋਗੀ ਅਮਰੀਕਾ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ਾਂ ਵੱਲੋਂ ਰੂਸ ’ਤੇ ਲਾਈਆਂ ਪਾਬੰਦੀਆਂ ’ਤੇ ਸਾਰੇ ਸਹਿਯੋਗੀ ਦੇਸ਼ਾਂ ਨੇ ਅਮਰੀਕਾ ਦਾ ਸਮੱਰਥਨ ਕੀਤਾ ਹੈ। ਹਾਲਾਂਕਿ ਇਸ ਮਾਮਲੇ ’ਚ ਭਾਰਤ ਦਾ ਰਵੱਈਆ ਯਕੀਨੀ ਤੌਰ ’ਤੇ ਗੋਲ-ਮਟੋਲ ਰਿਹਾ ਹੈ। ਉਨ੍ਹਾਂ ਇਹ ਗੱਲ ਬਿਜ਼ਨਸ ਰਾਊਂਡ ਟੇਬਲ ਸੀਈਓ ਦੀ ਤਿਮਾਹੀ ਮੀਟਿੰਗ ਦੌਰਾਨ ਕਹੀ। ਉਨ੍ਹਾਂ ਰੂਸ ਦੇ ਮੁੱਦੇ ’ਤੇ ਅਮਰੀਕਾ ਦੇ ਸਹਿਯੋਗੀ ਉਸ ਦੇ ਨਾਲ ਕਿੰਨੇ ਹਨ, ਇਸ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਕਵਾਡ ਸੰਗਠਨ ਦੇ ਸਹਿਯੋਗੀ ਦੇਸ਼ਾਂ ਨੇ ਵੀ ਇਸ ’ਤੇ ਅਮਰੀਕਾ ਦਾ ਪੂਰਾ ਸਹਿਯੋਗ ਦਿੱਤਾ ਹੈ। ਜਾਪਾਨ ਨੇ ਵੀ ਰੂਸ ਖ਼ਿਲਾਫ਼ ਸਖ਼ਤ ਕਦਮ ਚੁੱਕੇ ਹਨ। ਇਸੇ ਤਰ੍ਹਾਂ ਆਸਟ੍ਰੇਲੀਆ ਨੇ ਵੀ ਰੂਸ ਵਿਰੁੱਧ ਪਾਬੰਦੀਆਂ ਨੂੰ ਲੈ ਕੇ ਅਮਰੀਕਾ ਨੂੰ ਪੂਰਾ ਸਮੱਰਥਨ ਦਿੱਤਾ ਹੈ। ਇਸ ਦੌਰਾਨ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਯੂਕਰੇਨ ਖ਼ਿਲਾਫ਼ ਰਸਾਇਣਕ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਪੁਤਿਨ ਨੂੰ ਸਮਝ ਨਹੀਂ ਆ ਰਹੀ ਕਿ ਨਾਟੋ ਇਸ ਮੁੱਦੇ ’ਤੇ ਪੱਛਮੀ ਦੇਸ਼ਾਂ ਨਾਲ ਕਿਵੇਂ ਇਕਜੁੱਟ ਹੈ ਅਤੇ ਯੂਕਰੇਨ ’ਤੇ ਹਮਲੇ ਦਾ ਜਵਾਬ ਆਪਣੇ ਤਰੀਕੇ ਨਾਲ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਕਵਾਡ ਦੀ ਇਕ ਵਰਚੁਅਲ ਮੀਟਿੰਗ ਹੋਈ ਸੀ, ਜਿਸ ਵਿਚ ਆਸਟ੍ਰੇਲੀਆ, ਜਾਪਾਨ, ਅਮਰੀਕਾ ਦੇ ਨੇਤਾਵਾਂ ਨੇ ਯੂਕਰੇਨ ਉੱਤੇ ਹਮਲੇ ਨੂੰ ਲੈ ਕੇ ਰੂਸ ਦੀ ਸਖ਼ਤ ਆਲੋਚਨਾ ਕੀਤੀ ਸੀ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਕਰ ਕੇ ਵਿਵਾਦ ਸੁਲਝਾਉਣ ਦੀ ਅਪੀਲ ਕੀਤੀ। ਅਮਰੀਕਾ ਦੇ ਸਹਿਯੋਗੀਆਂ ਵਿੱਚੋਂ ਭਾਰਤ ਹੀ ਅਜਿਹਾ ਦੇਸ਼ ਹੈ, ਜਿਸ ਨੇ ਰੂਸ ਦੇ ਮੱੁਦੇ ’ਤੇ ਅਜੇ ਤਕ ਅਮਰੀਕਾ ਦਾ ਪੱਖ ਨਹੀਂ ਲਿਆ। ਇਸ ਤੋਂ ਪਹਿਲਾਂ ਸੁਰੱਖਿਆ ਪ੍ਰੀਸ਼ਦ ’ਚ ਰੂਸ ਖ਼ਿਲਾਫ਼ ਵੋਟਿੰਗ ਦੌਰਾਨ ਭਾਰਤ ਖ਼ੁਦ ਇਸ ਤੋਂ ਬਾਹਰ ਰਿਹਾ ਸੀ।
ਕਵਾਡ ਦੇ ਹੋਰ ਮੈਂਬਰ ਦੇਸ਼ਾਂ ਨੇ ਭਾਰਤ ਦੇ ਇਸ ਰਵੱਈਏ ਨੂੰ ਗ਼ਲਤ ਕਰਾਰ ਦਿੱਤਾ ਹੈ ਅਤੇ ਰੂਸ ਵਿਰੁੱਧ ਪਾਬੰਦੀਆਂ ਦਾ ਸਮੱਰਥਨ ਕਰਨ ਅਤੇ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਇਸ ਮੁੱਦੇ ’ਤੇ ਨਿਰਪੱਖ ਰਹਿੰਦਿਆਂ ਆਪਣੀ ਕੂਟਨੀਤਕ ਰਣਨੀਤੀ ਜਾਰੀ ਰੱਖੀ ਹੈ। ਜ਼ਿਕਰਯੋਗ ਹੈ ਕਿ 24 ਮਾਰਚ ਨੂੰ ਰੂਸ ਨੇ ਯੂਕਰੇਨ ’ਤੇ ਹਮਲਾ ਕੀਤਾ ਸੀ। ਤਿੰਨ ਦਿਨ ਬਾਅਦ ਰੂਸ ਨੇ ਡੋਨਸਟੈੱਕ ਅਤੇ ਲੁਹਾਨਸਕੇ ਨੂੰ ਸੁਤੰਤਰ ਸੂਬਿਆਂ ਵਜੋਂ ਮਾਨਤਾ ਦਿੱਤੀ। ਰੂਸ ਯੂਕਰੇਨ ਵਿਰੁੱਧ ਛੇੜੀ ਗਈ ਜੰਗ ਨੂੰ ਫ਼ੌਜੀ ਕਾਰਵਾਈ ਦੱਸ ਰਿਹਾ ਹੈ। ਰੂਸ ਦਾ ਕਹਿਣਾ ਹੈ ਕਿ ਉਸ ਦਾ ਉਦੇਸ਼ ਸਿਰਫ਼ ਯੂਕਰੇਨ ਨੂੰ ਗ਼ੈਰ-ਸੈਨਿਕ ਬਣਾਉਣਾ ਹੈ।