ਇਸਲਾਮਾਬਾਦ – ਅਫ਼ਗਾਨਿਸਤਾਨ ਦੇ ਮਾਮਲੇ ‘ਚ ਪਾਕਿਸਤਾਨ ਦੀ ਭੂਮਿਕਾ ਨੂੰ ਲੈ ਕੇ ਅਮਰੀਕੀ ਆਗੂਆਂ ਦੇ ਦਗ਼ਾ ਦੇਣ ਦੇ ਬਿਆਨਾਂ ਤੋਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਬੌਖ਼ਲਾ ਗਏ ਹਨ। ਉਨ੍ਹਾਂ ਹੁਣ ਆਪਣੀ ਸਫ਼ਾਈ ‘ਚ ਕਿਹਾ ਹੈ ਕਿ ਪਾਕਿ ਨੇ ਅਫ਼ਗਾਨਿਸਤਾਨ ‘ਚ ਅਮਰੀਕਾ ਦਾ ਸਾਥ ਦੇਣ ਦੀ ਭਾਰੀ ਕੀਮਤ ਚੁਕਾਈ ਹੈ।ਰੂਸੀ ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ‘ਚ ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਮਾਮਲੇ ‘ਚ ਅਮਰੀਕਾ ਦੀ ਅਸਫਲਤਾ ਲਈ ਬੇਵਜ੍ਹਾ ਪਾਕਿਸਤਾਨ ‘ਤੇ ਉਂਗਲੀ ਉਠਾਈ ਜਾ ਰਹੀ ਹੈ।ਇਮਰਾਨ ਖ਼ਾਨ ਦੀ ਇਹ ਟਿੱਪਣੀ ਅਮਰੀਕੀ ਸੈਨੇਟ ‘ਚ ਵਿਦੇਸ਼ੀ ਮਾਮਲਿਆਂ ਦੀ ਕਮੇਟੀ ‘ਚ ਸਿੱਧੇ ਤੌਰ ‘ਤੇ ਪਾਕਿਸਤਾਨ ਨੂੰ ਤਾਲਿਬਾਨ ਦੀ ਮਦਦ ਕਰਨ ਲਈ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਆਈ ਹੈ। ਅਮਰੀਕੀ ਸੰਸਦ ਮੈਂਬਰਾਂ ਨੇ ਪਾਕਿ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕੀ ਆਗੂਆਂ ਦੇ ਦੋਸ਼ਾਂ ਤੋਂ ਉਹ ਦੁਖੀ ਹਨ। ਇਮਰਾਨ ਨੇ ਕਿਹਾ ਕਿ 9/11 ਹਮਲੇ ਨਾਲ ਪਾਕਿਸਤਾਨ ਕੰਬ ਗਿਆ ਸੀ। ਹਮਲੇ ਤੋਂ ਬਾਅਦ ਅਫ਼ਗਾਨਿਸਤਾਨ ‘ਤੇ ਅਮਰੀਕੀ ਹਮਲੇ ਦੌਰਾਨ ਸੈਨਿਕ ਤਖ਼ਤਾ ਪਲਟ ਤੋਂ ਬਆਦ ਸੱਤਾ ‘ਚ ਆਏ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਅਮਰੀਕੀ ਮਦਦ ਦੀ ਦਰਕਾਰ ਸੀ। ਇਸ ਲਈ ਉਨ੍ਹਾਂ ਨੇ ਅਮਰੀਕਾ ਦੀ ਮਦਦ ਕੀਤੀ। ਹੁਣ ਇਹ ਲਗਦਾ ਹੈ ਕਿ ਉਸ ਸਮੇਂ ਦਾ ਪਾਕਿ ਦਾ ਕਦਮ ਗ਼ਲਤ ਸੀ। ਇਸ ਨੇ ਮੁਜ਼ਾਹਿਦੀਨਾਂ ਦੀ ਤਾਕਤ ਨੂੰ ਘੱਟ ਕਰ ਦਿੱਤਾ ਸੀ। ਜਿਨ੍ਹਾਂ ਨੂੰ ਅਸੀਂ ਵਿਦੇਸ਼ੀ ਕਬਜ਼ੇ (ਸੋਵੀਅਤ ਰੂਸ) ਨਾਲ ਲੜਨ ਲਈ ਸਿਖਲਾਈ ਦਿੱਤੀ ਸੀ। ਅਸੀਂ ਇਸ ਦੌਰਾਨ ਅਮਰੀਕਾ ਦਾ ਸਾਥ ਦੇਣ ਦੀ ਭਾਰੀ ਕੀਮਤ ਚੁਕਾਈ।
previous post