ਟੋਕੀਓ – ਉੱਤਰੀ ਕੋਰੀਆ ਪ੍ਰਤੀ ਅਮਰੀਕਾ ਦੁਸ਼ਮਣੀ ਨਹੀਂ ਰੱਖਦਾ ਹੈ। ਅਮਰੀਕਾ ਨੂੰ ਉਮੀਦ ਹੈ ਕਿ ਉੱਤਰੀ ਕੋਰੀਆ ਆਪਣੇ ਪਰਮਾਣੂ ਹਥਿਆਰ ਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ’ਤੇ ਗੱਲਬਾਤ ਦੀ ਪੇਸ਼ਕਸ਼ ਬਾਰੇ ਸਕਾਰਾਤਮਕ ਜਵਾਬ ਦੇਵੇਗਾ। ਏਸ਼ੀਆਈ ਸਹਿਯੋਗੀਆਂ ਨਾਲ ਬੈਠਕ ਕਰਨ ਪਹੁੰਚੇ ਅਮਰੀਕੀ ਰਾਜਦੂਤ ਨੇ ਮੰਗਲਵਾਰ ਨੂੰ ਇਹ ਗੱਲ ਕਹੀ। ਇਕ ਦਿਨ ਪਹਿਲਾਂ ਉੱਤਰੀ ਕੋਰੀਆ ਨੇ ਕਿਹਾ ਸੀ ਕਿ ਉਸ ਨੇ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦੀ ਪਰਖ਼ ਕੀਤੀ ਹੈ। ਉੱਤਰੀ ਕੋਰੀਆ ਨਾਲ ਉਸ ਦੀ ਪਰਮਾਣੂ ਖ਼ਾਹਿਸ਼ ਨੂੰ ਲੈ ਕੇ ਰੇੜਕਾ ਖ਼ਤਮ ਕਰਨ ’ਤੇ ਮੰਗਲਵਾਰ ਨੂੰ ਅਮਰੀਕਾ, ਜਾਪਾਨ ਤੇ ਦੱਖਣੀ ਕੋਰੀਆ ਦੇ ਸਿਖ਼ਰ ਅਧਿਕਾਰੀਆਂ ਵਿਚਕਾਰ ਬੈਠਕ ਹੋਈ।
ਟੋਕੀਓ ’ਚ ਹੋਈ ਬੈਠਕ ਦੀ ਸ਼ੁਰੂਆਤ ਕਰਦੇ ਹੋਏ ਉੱਤਰੀ ਕੋਰੀਆ ਲਈ ਅਮਰੀਕੀ ਰਾਜਦੂਤ ਸੁੰਗ ਕਿਮ ਨੇ ਕਿਹਾ, ‘ਡੀਪੀਆਰਕੇ ਪ੍ਰਤੀ ਅਮਰੀਕਾ ਦੁਸ਼ਮਣੀ ਨਹੀਂ ਰੱਖਦਾ ਹੈ।’ ਡੀਪੀਆਰਕੇ ਉੱਤਰੀ ਕੋਰੀਆ ਦੇ ਅਧਿਕਾਰਕ ਨਾਂ ਡੈਮੋਕ੍ਰੇਟਿਕ ਪੀਪੁਲਜ਼ ਰਿਪਬਲਿਕ ਆਫ ਕੋਰੀਆ ਦਾ ਸੰਖੇਪ ਰੂਪ ਹੈ। ਉਨ੍ਹਾਂ ਕਿਹਾ, ‘ਸਾਨੂੰ ਉਮੀਦ ਹੈ ਕਿ ਡੀਪੀਆਰਕੇ ਬਿਨਾਂ ਪਹਿਲਾਂ ਸ਼ਰਤ ਕਰਨ ਦੀ ਸਾਡੀਆਂ ਵੱਖ-ਵੱਖ ਪੇਸ਼ਕਸ਼ਾਂ ਦਾ ਸਕਾਰਾਤਮਕ ਜਵਾਬ ਦੇਵੇਗਾ।’ ਦੱਸਣਯੋਗ ਹੈ ਕਿ ਉੱਤਰੀ ਕੋਰੀਆ ਨੇ ਛੇ ਪਰਮਾਣੂ ਪ੍ਰੀਖਣ ਕੀਤੇ ਹਨ ਤੇ ਅਮਰੀਕਾ ਤਕ ਪਹੁੰਚਣ ’ਚ ਸਮਰੱਥ ਅੰਤਰਮਹਾਦੇਸ਼ੀ ਬੈਲਿਸਟਿਕ ਮਿਜ਼ਾਈਲ ਵਿਕਸਿਤ ਕਰ ਲਈ ਹੈ। ਇਸ ਨਾਲ ਸੈਨਿਕ ਟਕਰਾਅ ਤੇ ਕੌਮਾਂਤਰੀ ਪਾਬੰਦੀਆਂ ਲਗਾਏ ਜਾਣ ਦਾ ਖ਼ਤਰਾ ਵਧ ਗਿਆ ਹੈ।