ਅਮਰੀਕੀ – LAC ‘ਤੇ ਚੱਲ ਰਹੇ ਤਣਾਅ ਦੌਰਾਨ ਅਮਰੀਕੀ ਰੱਖਿਆ ਮੰਤਰਾਲੇ ਦੀ ਇਕ ਰਿਪੋਰਟ ਨੇ ਵੱਡਾ ਖੁਲਾਸਾ ਕੀਤਾ ਹੈ। ਭਾਰਤ ਨਾਲ ਲਗਦੇ ਵਿਵਾਦਿਤ ਇਲਾਕਿਆਂ ਵਿਚ ਚੀਨ (China) ਆਪਣੇ ਪਿੰਡ ਬਸਾ ਰਿਹਾ ਹੈ। ਪੈਂਟਾਗਨ ਦੀ ਰਿਪੋਰਟ ਵਿਚ ਅਰੁਣਾਚਲ ਪ੍ਰਦੇਸ਼ ਨਾਲ ਲਗਦੇ ਵਿਵਾਦਿਤ ਇਲਾਕੇ ਵਿਚ 100 ਘਰਾਂ ਵਾਲੇ ਪਿੰਡ ਦਾ ਜ਼ਿਕਰ ਖ਼ਾਸ ਤੌਰ ‘ਤੇ ਕੀਤਾ ਗਿਆ ਹੈ। ਅਮਰੀਕੀ ਰੱਖਿਆ ਮੰਤਰਾਲੇ (ਪੈਂਟਾਗਨ) ਨੇ ਅਮਰੀਕੀ ਕਾਂਗਰਸ (ਸੰਸਦ) ਨੂੰ ਸੌਂਪੀ ਆਪਣੀ ਰਿਪੋਰਟ ਵਿਚ ਭਾਰਤ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐਲਏਸੀ) ‘ਤੇ ਚੀਨ ਦੇ ਵਧਦੇ ਬੁਨਿਆਦੀ ਢਾਂਚੇ ਦਾ ਜ਼ਿਕਰ ਕੀਤਾ ਹੈ। ‘ਮਿਲਟਰੀ ਐਂਡ ਸਕਿਓਰਿਟੀ ਡਿਵੈਲਪਮੈਂਟਸ ਇਨਵਾਲਵਿੰਗ ਪੀਪਲਜ਼ ਰਿਪਬਲਿਕ ਆਫ ਚਾਈਨਾ-2021’ ਨਾਂ ਦੀ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਦੇ ਇਸ ਬੁਨਿਆਦੀ ਢਾਂਚੇ ਕਾਰਨ ਭਾਰਤ ਦੀ ਸਰਕਾਰ ਤੇ ਮੀਡੀਆ ਦੀਆਂ ਚਿੰਤਾਵਾਂ ਲਗਾਤਾਰ ਵਧ ਰਹੀਆਂ ਹਨ। ਰਿਪੋਰਟ ਮੁਤਾਬਕ ਇਸ ਦੇ ਬਾਵਜੂਦ ਚੀਨ ਇਸ ਦੇ ਉਲਟ LAC ‘ਤੇ ਭਾਰਤ ਦੇ ਨਿਰਮਾਣ ਕਾਰਜਾਂ ਨੂੰ ਵਿਵਾਦ ਦਾ ਕਾਰਨ ਦੱਸਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਚੀਨ ਦੇ ਇਸ ਪਿੰਡ ਨੂੰ ਲੈ ਕੇ ਭਾਰਤੀ ਮੀਡੀਆ ‘ਚ ਖਬਰਾਂ ਆ ਚੁੱਕੀਆਂ ਹਨ। ਇਸ ਦੌਰਾਨ ਪਿੰਡ ਦੀਆਂ ਸੈਟੇਲਾਈਟ ਤਸਵੀਰਾਂ ਸਾਹਮਣੇ ਆਈਆਂ। ਇਹ ਪਿੰਡ ਜਿਸ ਇਲਾਕੇ ਵਿਚ ਸਥਿਤ ਹੈ, ਉਹ ’62 ਦੀ ਜੰਗ ਤੋਂ ਪਹਿਲਾਂ ਚੀਨ ਦੇ ਕਬਜ਼ੇ ਹੇਠ ਸੀ। ਅਰੁਣਾਚਲ ਤੋਂ ਇਲਾਵਾ, ਚੀਨ ਐੱਲਏਸੀ ਦੇ ਨੇੜੇ ਦੇ ਖੇਤਰਾਂ ਵਿਚ ਵੀ ਅਜਿਹੇ ਪਿੰਡਾਂ ਦੀ ਸਥਾਪਨਾ ਕਰ ਰਿਹਾ ਹੈ ਜਿਨ੍ਹਾਂ ਨੂੰ ਜੰਗ ਦੇ ਸਮੇਂ ਸੈਨਿਕਾਂ ਲਈ ਬੈਰਕਾਂ ਵਜੋਂ ਵਰਤਿਆ ਜਾ ਸਕਦਾ ਹੈ।ਫਿਲਹਾਲ ਪੈਂਟਾਗਨ ਦੀ ਰਿਪੋਰਟ ‘ਤੇ ਭਾਰਤ ਸਰਕਾਰ ਜਾਂ ਭਾਰਤੀ ਫੌਜ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਪੈਂਟਾਗਨ ਦੀ ਇਸ 192 ਪੰਨਿਆਂ ਦੀ ਰਿਪੋਰਟ ਵਿੱਚ ਚੀਨ ਦੀ ਵਧਦੀ ਫੌਜੀ ਸ਼ਕਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਚੀਨ ਦੇ ਪਰਮਾਣੂ ਹਥਿਆਰਾਂ ਤੋਂ ਲੈ ਕੇ ਪੀਐੱਲਏ (ਨੇਵੀ) ਦੇ ਜੰਗੀ ਬੇੜੇ ਤਕ ਤੇ ਤਾਈਵਾਨ ‘ਤੇ ਚੀਨ ਦੀ ਲਗਾਤਾਰ ਸਖ਼ਤ ਹੋ ਰਹੀ ਪਕੜ ਨੂੰ ਵੀ ਦੱਸਿਆ ਗਿਆ ਹੈ।