ਨਵੀਂ ਦਿੱਲੀ – ਪਾਕਿਸਤਾਨੀ ਫ਼ੌਜ ਇਸ ਗੱਲ ਤੋਂ ਪਰੇਸ਼ਾਨ ਹੋ ਰਹੀ ਹੈ ਕਿ ਅਫ਼ਗਾਨਿਸਤਾਨ ਦੇ ਲੋਕ ਪਾਕਿਸਤਾਨ ਦੀ ਬਜਾਏ ਭਾਰਤ ਤੋਂ ਕਿਉਂ ਫ਼ੌਜੀ ਸਿਖਲਾਈ ਲੈਣਾ ਚਾਹੁੰਦੇ ਹਨ? ਪਾਕਿ ਫ਼ੌਜ ਨੇ ਪਿਛਲੀ ਅਫ਼ਗਾਨ ਸਰਕਾਰ ਨੂੰ ਇਸ ਸਬੰਧੀ ਕਈ ਤਜਵੀਜ਼ਾਂ ਭੇਜੀਆਂ ਸਨ, ਇਸ ਦੇ ਬਾਵਜੂਦ ਪਾਕਿਸਤਾਨ ‘ਚ ਸਿਰਫ਼ ਛੇ ਕੈਡਿਟ ਆਏ ਤੇ ਭਾਰਤ ‘ਚ ਹਜ਼ਾਰਾਂ ਦੀ ਗਿਣਤੀ ‘ਚ ਅਫ਼ਗਾਨੀ ਫ਼ੌਜੀ ਸਿਖਲਾਈ ਲਈ ਪਹੁੰਚਦੇ ਹਨ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਇੰਟਰ ਸਰਵਿਸ ਪਬਲਿਕ ਰਿਲੇਸ਼ਨ (ਆਈਐੱਸਪੀਆਰ) ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਬਾਬਰ ਇਫ਼ਤਿਖਾਰ ਨੇ ਦੱਸਿਆ ਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਕਈ ਦਫ਼ਾ ਅਫ਼ਗਾਨਿਸਤਾਨ ਜਾ ਕੇ ਇਸ ਸਬੰਧੀ ਗੱਲਬਾਤ ਕਰ ਚੁੱਕੇ ਹਨ। ਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਨੇ ਇਕ ਪ੍ਰਰੈੱਸ ਕਾਨਫਰੰਸ ‘ਚ ਕਿਹਾ ਕਿ ਪਾਕਿਸਤਾਨੀ ਫ਼ੌਜ ਦੇ ਬੁਲਾਰੇ ਹੁਣ ਇਹ ਸਮਝਣ ਦੀ ਕੋਸ਼ਿਸ ਕਰ ਰਹੇ ਹਨ ਕਿ ਅਫ਼ਗਾਨ ਲੋਕ ਤੇ ਉਨ੍ਹਾਂ ਦੀ ਫ਼ੌਜ ਪਾਕਿਸਤਾਨ ਨਾਲ ਏਨੀ ਨਫ਼ਰਤ ਕਿਉਂ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਨੇ ਅਫ਼ਗਾਨਿਸਤਾਨ ਦੇ ਹੁਕਮਰਾਨਾਂ, ਫ਼ੌਜਾਂ ਤੇ ਖ਼ੁਫ਼ੀਆ ਏਜੰਸੀਆਂ ਦੇ ਮਨ ‘ਚ ਪਾਕਿਸਤਾਨ ਖ਼ਿਲਾਫ਼ ਜ਼ਹਿਰ ਭਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਅਫ਼ਗਾਨਿਸਤਾਨ ਲਈ ਕਿੰਨਾ ਕੰਮ ਕਰ ਚੁੱਕਿਆ ਹੈ, ਇਸ ਦੇ ਬਾਵਜੂਦ ਉਸ ਨੂੰ ਨਫ਼ਰਤ ਹੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ‘ਚ ਜੋ ਕੁਝ ਹੋ ਰਿਹਾ ਹੈ, ਉਸ ‘ਚ ਸਾਨੂੰ ਭਾਰਤ ਦੀ ਭੂਮਿਕਾ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।