ਕਨੌਜ – ਸ਼ਾਰਟ ਸਰਕਿਟ ਨਾਲ ਚਲਦੀ ਸਕੂਲੀ ਬੱਸ ਨੂੰ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਬੱਸ ’ਚ ਤਿੰਨ ਬੱਚੇ ਬੈਠੇ ਸਨ ਜਿਨ੍ਹਾਂ ਨੂੰ ਡਰਾਈਵਰ ਤੇ ਕੰਡਕਟਰ ਨੇ ਧੂੰਆਂ ਉਠਦੇ ਹੀ ਬੱਸ ਤੋਂ ਹੇਠਾਂ ਉਤਾਰ ਲਿਆ। ਵਰਨਾ ਵੱਡਾ ਹਦਸਾ ਹੋ ਸਕਦਾ ਸੀ। ਘਟਨਾ ਮੰਗਲਵਾਰ ਸ਼ਾਮ ਕਰੀਬ ਚਾਰ ਵਜੇ ਵਾਪਰੀ। ਇਸ ਦੌਰਾਨ ਉੱਚਾ ਤੇਰਾਰੱਬੂ ਮਾਰਗ ’ਤੇ ਜਾਮ ਲੱਗ ਗਿਆ, ਜਿਸ ਨਾਲ ਆਮ ਲੋਕਾਂ ਨੂੰ ਨਿਕਲਣ ’ਚ ਕਾਫ਼ੀ ਪਰੇਸ਼ਾਨੀ ਸਹਿਣੀ ਪਈ।
ਇਕ ਨਿੱਜੀ ਸਕੂਲ ਦੀ ਬੱਸ ਨੰਬਰ ਛੇ ਸਕੂਲ ਦੀ ਛੁੱਟੀ ਤੋਂ ਬਾਅਦ 41 ਬੱਚਿਆਂ ਨੂੰ ਉਨ੍ਹਾਂ ਦੇ ਘਰ ਛੱਡਣ ਜਾ ਰਹੀ ਸੀ। ਬੱਸ ਨੂੰ ਤੇਰਾਰੱਬੂ ਨਿਵਾਸੀ ਅਵਨੀਸ਼ ਤਿਵਾੜੀ ਚਲਾ ਰਿਹਾ ਸੀ। ਜਦੋਂਕਿ ਇਸੇ ਪਿੰਡ ਦੇ ਕੰਡਕਟਰ ਸੂਰਜ ਪਾਠਕ ਸੀ। ਬੱਸ 38 ਬੱਚਿਆਂ ਨੂੰ ਉਤਾਰ ਚੁੱਕੀ ਸੀ। ਬਾਕੀ ਤਿੰਨ ਬੱਚਿਆਂ ’ਚ ਕਲਾਸ 10ਵੀਂ ਦੀ ਵਿਦਿਆਰਥੀ ਅਰਾਧਿਆ ਤਿਵਾੜੀ, ਉਸ ਦਾ ਛੋਟਾ ਭਰਾ ਸੱਤਵੀਂ ਦਾ ਵਿਦਿਆਰਥੀ ਅੰਸ਼ੂਮਾਨ ਤਿਵਾੜੀ ਨਿਵਾਸੀ ਤੇਰਾਰੱਬੂ ਅਤੇ ਨੌਵੀਂ ਜਮਾਤ ਦਾ ਵਿਦਿਆਰਥੀ ਦੇਵ ਦੂਬੇ ਨਿਵਾਸੀ ਕੁਢਰੀਪੁਰਵਾ ਨੂੰ ਛੱਡਣ ਜਾ ਰਹੀ ਸੀ। ਰਸਤੇ ’ਚ ਕੋਤਵਾਲੀ ਖੇਤਰ ਦੇ ਪਿੰਡ ਤੇਰਾਰੱਬੂ ਨੇੜੇ ਅਚਾਨਕ ਬੱਸ ਦੇ ਇੰਜਣ ਕੋਲੋਂ ਧੂੰਆਂ ਉੱਠਣ ਲੱਗਿਆ। ਇਸ ’ਤੇ ਡਰਾਈਵਰ ਨੇ ਬੱਸ ਨੂੰ ਰੋਕ ਕੇ ਉਸ ’ਚ ਸਵਾਰ ਬੱਚਿਆਂ ਨੂੰ ਬੱਸ ’ਚੋਂ ਉਤਾਰ ਦਿੱਤਾ। ਜਿਉਂ ਹੀ ਬੱਚੇ ਬੱਸ ’ਚੋਂ ਉੱਤਰੇ ਬੱਸ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਦੇਰ ’ਚ ਉਹ ਅੱਗ ਦਾ ਗੋਲਾ ਬਣ ਗਈ। ਇੱਧਰ ਬੱਚਿਆਂ ਨੇ ਮਾਪਿਆਂ ਨੂੰ ਫੋਨ ਕਰ ਕੇ ਬੁਲਾ ਲਿਆ। ਪਿੰਡ ਵਾਸੀਆਂ ਨੇ ਬੱਸ ਦੀ ਅੱਗ ਬੁਝਾਉਣ ਦਾ ਯਤਨ ਕੀਤਾ, ਪਰ ਸਫਲਤਾ ਨਹੀਂ ਮਿਲੀ। ਪਿੰਡ ਵਾਸੀਆਂ ਨੇ ਅੱਗ ਬੁਝਾਊ ਮੁਲਾਜ਼ਮਾਂ ਨੂੰ ਸੂਚਨਾ ਦਿੱਤੀ। ਨਗਰ ਦੇ ਰਾਮਗੰਜ ਸਥਿਤੀ ਦੀਪਉਤਸਵ ਮੇਲੇ ’ਚ ਮੌਜੂਦ ਫਾਇਰ ਬਿਗ੍ਰੇਡ ਦੇ ਮੁਲਾਜ਼ਮ ਉੱਥੇ ਪਹੁੰਚੇ। ਲਗਪਗ ਇਕ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।