Articles

ਅੱਜ ਵਿਸ਼ਵ ਖ਼ੂਨਦਾਨ ਦਿਵਸ ‘ਤੇ ਵਿਸ਼ੇਸ਼: ਖ਼ੂਨ ਦਾਨ – ਮਹਾ ਦਾਨ

ਲੇਖਕ: ਨਵਨੀਤ ਢਿਲੋਂ

ਅਜੋਕੇ ਸਮੇਂ ਵਿੱਚ ਜਦੋਂ ਵਿਸ਼ਵ ਦੇ ਲਗਭਗ ਸਾਰੇ ਦੇਸ਼ ਕਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੇ ਹਨ ਤੇ ਲੱਖਾਂ ਦੀ ਗਿਣਤੀ ਵਿੱਚ ਮੌਤਾਂ ਹੋ ਚੁੱਕੀਆਂ ਹਨ । ਲੱਖਾਂ ਹੀ ਲੋਕ ਹਸਪਤਾਲਾਂ ਵਿਚ ਇਲਾਜ ਤਹਿਤ ਦਾਖਲ ਹਨ ਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਮਰੀਜ਼ਾਂ ਨੂੰ ਖ਼ੂਨ ਦੀ ਲੋੜ ਪੈਂਦੀ ਹੈ । ਇਸ ਲਈ ਖ਼ੂਨ ਦਾਨ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ ।
ਵਿਸ਼ਵ ਖ਼ੂਨ ਦਾਨ ਦਿਵਸ ਦੀ ਸ਼ੁਰੂਆਤ ਸਾਲ 2004 ਤੋਂ ਨੋਬਲ ਇਨਾਮ ਜੇਤੂ ਸਾਇੰਸਦਾਨ ਕਾਰਲ ਲੈਂਡਸਟੇਨਰ ਦੇ ਜਨਮ ਦਿਵਸ 14 ਜੂਨ ਨੂੰ ਯਾਦਗਾਰੀ ਬਣਾਉਣ ਲਈ ਕੀਤੀ ਗਈ ਸੀ । ਕਾਰਲ ਲੈਂਡਸਟੇਨਰ ਨੇ ਹੀ ਖ਼ੂਨ ਦੇ ਗਰੁੱਪਾਂ ਦੀ ਖੋਜ ਕੀਤੀ ਸੀ ।
ਵਿਸ਼ਵ ਪੱਧਰ ‘ਤੇ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਸਿਹਤਮੰਦ ਲੋਕਾਂ ਨੂੰ ਸਵੈ ਇੱਛਾ ਨਾਲ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ । ਉਨ੍ਹਾਂ ਵਿਚ ਇਹ ਜਾਗਰੂਕਤਾ ਲੈ ਕੇ ਆਉਣੀ ਹੈ ਕਿ ਉਨ੍ਹਾਂ ਵਲੋਂ ਕੀਤੇ ਸਵੈ ਇਛੁੱਕ ਖ਼ੂਨ ਦਾਨ ਕਾਰਨ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ।
ਵਿਸ਼ਵ ਦੇ ਕਿਸੇ ਵੀ ਦੇਸ਼ ਨੂੰ ਖ਼ੂਨ ਨੂੰ ਗੈਰ ਕੁਦਰਤੀ ਢੰਗ ਨਾਲ ਬਣਾਉਣ ਵਿਚ ਸਫਲਤਾ ਨਹੀਂ ਮਿਲੀ ਹੈ । ਇਹ ਕੁਦਰਤ ਵਲੋਂ ਮਨੁੱਖ ਨੂੰ ਬਖਸ਼ਿਆ ਅਨਮੋਲ ਵਰਦਾਨ ਹੈ । ਲੋੜ ਪੈਣ ‘ਤੇ ਇਕ ਮਨੁੱਖ ਹੀ ਦੂਜੇ ਮਨੁੱਖ ਨੂੰ ਖ਼ੂਨ ਦੇ ਕੇ ਉਸਦੀ ਜਾਨ ਬਚਾ ਸਕਦਾ ਹੈ । ਇਸ ਲਈ 18 ਤੋਂ 65 ਸਾਲ ਤੱਕ ਦਾ ਕੋਈ ਵੀ ਸਿਹਤਮੰਦ ਵਿਅਕਤੀ ਖ਼ੂਨ ਦਾਨ ਕਰ ਸਕਦਾ ਹੈ । ਇਕ ਸਿਹਤਮੰਦ ਵਿਅਕਤੀ ਤੋਂ 350 ਮਿਲੀਲੀਟਰ ਖ਼ੂਨ ਦਾਨ ਵਜੋਂ ਲਿਆ ਜਾ ਸਕਦਾ ਹੈ ਤੇ ਲਏ ਗਏ ਖ਼ੂਨ ਦੀ ਸ਼ੈਲਫ਼ ਲਾਈਫ਼ 35 ਤੋਂ 42 ਦਿਨ ਹੁੰਦੀ ਹੈ । ਹਰ ਸਿਹਤਮੰਦ ਵਿਅਕਤੀ ਨੂੰ ਛੇ ਮਹੀਨਿਆਂ ਵਿਚ ਇਕ ਵਾਰ ਖ਼ੂਨ ਜ਼ਰੂਰ ਦਾਨ ਕਰਨਾ ਚਾਹੀਦਾ ਹੈ ।
ਖ਼ੂਨ ਦਾਨ ਅਤੇ ਖ਼ੂਨ ਦੀ ਸੰਭਾਲ ਲਈ ਭਾਰਤ ਵਿਚ ਨੈਸ਼ਨਲ ਬਲੱਡ ਟਰਾਂਸਫਿਊਜ਼ਨ ਕੌਂਸਲ ਅਤੇ ਈ-ਰਕਤਕੋਸ਼ ਨਾਮਕ ਸੰਗਠਨ ਕੰਮ ਕਰਦੇ ਹਨ ਜੋ ਕਿ ਬਲੱਡ ਬੈਕਾਂ ਦੀ ਕਾਰਜ ਪ੍ਰਣਾਲੀ ਦੀ ਦੇਖ ਰੇਖ ਕਰਦੇ ਹਨ । ਨੈਸ਼ਨਲ ਬਲੱਡ ਟਰਾਂਸਫਿਊਜ਼ਨ ਐਕਟ-2007 ਤਹਿਤ ਖ਼ੂਨ ਨੂੰ ਵੇਚਣਾ ਜਾਂ ਪੈਸੇ ਲੈ ਕੇ ਖ਼ੂਨ ਦਾਨ ਕਰਨਾ ਇਕ ਜੁਰਮ ਹੈ ਜਿਸ ਲਈ ਦੋਸ਼ੀ ਪਾਏ ਗਏ ਵਿਅਕਤੀ ਨੂੰ ਤਿੰਨ ਮਹੀਨੇ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਅਦਾ ਕਰਨੇ ਪੈ ਸਕਦੇ ਹਨ ।
ਭਾਰਤ ਵਿਚ ਸਵੈ ਇੱਛਾ ਖ਼ੂਨ ਦਾਨ ਕਰਨ ਵਾਲਿਆਂ ਦੀ ਗਿਣਤੀ ਮੰਗ ਦੇ ਹਿਸਾਬ ਨਾਲ ਬਹੁਤ ਘੱਟ ਹੈ । ਸੋ ਸਾਨੂੰ ਸਭ ਨੂੰ ਖ਼ੁਦ ਵੀ ਖ਼ੂਨ ਦਾਨ ਕਰਨਾ ਚਾਹੀਦਾ ਹੈ ਤੇ ਹਰ ਸਿਹਤਮੰਦ ਵਿਅਕਤੀ ਨੂੰ ਵੀ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ । ਕਿਉਂਕਿ ਖ਼ੂਨ ਦਾਨ ਹੀ ਮਹਾ ਦਾਨ ਹੈ ।

Related posts

ਦਿਲਜੀਤ ਦੋਸਾਂਝ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

admin

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

Keep The Fire Of Game Day To The Field !

admin