ਮੁੰਬਈ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) 17 ਅਕਤੂਬਰ ਨੂੰ ਆਈਪੀਐੱਲ ਦੀਆਂ ਦੋ ਨਵੀਂ ਟੀਮਾਂ ਲਈ ਈ-ਬੋਲੀ ਲਾਉਣ ਦੀ ਯੋਜਨਾ ਬਣਾ ਰਿਹਾ ਹੈ ਤੇ ਟੀਮਾਂ ਨੂੰ ਖ਼ਰੀਦਣ ਲਈ ਪੰਜ ਅਕਤੂਬਰ ਤਕ ਬੋਲੀ ਜਮ੍ਹਾ ਕੀਤੀ ਜਾ ਸਕਦੀ ਹੈ। ਇਸ ਯੋਜਨਾ ਨਾਲ ਜੁੜੇ ਸੂਤਰ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ। ਬੀਸੀਸੀਆਈ ਨੇ ਆਈਪੀਐੱਲ ਫਰੈਂਚਾਈਜ਼ੀ ਦੀ ਬੋਲੀ ਲਾਉਣ ਲਈ 31 ਅਗਸਤ ਨੂੰ ਟੈਂਡਰ ਜਾਰੀ ਕੀਤਾ ਸੀ। ਸੂਤਰ ਨੇ ਕਿਹਾ ਕਿ ਆਈਪੀਐੱਲ ਦੀ ਸੰਚਾਲਨ ਕੌਂਸਲ 2022 ਸੈਸ਼ਨ ਤੋਂ ਦੋ ਨਵੀਆਂ ਟੀਮਾਂ ਲਈ ਟੈਂਡਰ ਪ੍ਰਕਿਰਿਆ ਰਾਹੀਂ ਬੋਲੀ ਮੰਗਦੀ ਹੈ। ਕੋਈ ਵੀ ਇੱਛਕ ਪੱਖ ਜੋ ਬੋਲੀ ਜਮ੍ਹਾ ਕਰਵਾਉਣਾ ਚਾਹੁੰਦਾ ਹੈ ਉਸ ਨੂੰ ਟੈਂਡਰ ਖ਼ਰੀਦਣਾ ਪਵੇਗਾ। ਹਾਲਾਂਕਿ ਟੈਂਡਰ ’ਚ ਲਿਖਤੀ ਯੋਗਤਾ ਨੂੰ ਪੂਰਾ ਕਰਨ ਵਾਲੇ ਤੇ ਹੋਰ ਨਿਯਮਾਂ ਤੇ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਬੋਲੀ ਦੇਣ ਦੇ ਯੋਗ ਹੋਣਗੇ। ਸਪੱਸ਼ਟ ਕੀਤਾ ਜਾਂਦਾ ਹੈ ਕਿ ਸਿਰਫ਼ ਟੈਂਡਰ ਨੂੰ ਖ਼ਰੀਦਣ ਨਾਲ ਕੋਈ ਵਿਅਕਤੀ ਬੋਲੀ ਲਾਉਣ ਦੇ ਯੋਗ ਨਹੀਂ ਹੋਵੇਗਾ। ਦੋ ਨਵੀਆਂ ਟੀਮਾਂ ਦੇ ਜੁੜਨ ਨਾਲ ਬੀਸੀਸੀਆਈ ਨੂੰ ਘੱਟੋ ਘੱਟ 5000 ਕਰੋੜ ਰੁਪਏ ਦਾ ਫ਼ਾਇਦਾ ਹੋ ਸਕਦਾ ਹੈ ਕਿਉਂਕਿ ਕਈ ਕੰਪਨੀਆਂ ਬੋਲੀ ਪ੍ਰਕਿਰਿਆ ਵਿਚ ਦਿਲਚਸਪੀ ਦਿਖਾ ਰਹੀਆਂ ਹਨ। ਆਈਪੀਐੱਲ ਅਜੇ ਅੱਠ ਟੀਮਾਂ ਵਿਚਾਲੇ ਖੇਡਿਆ ਜਾਂਦਾ ਹੈ ਪਰ ਅਗਲੇ ਸਾਲ ਤੋਂ ਇਸ ਵਿਚ 10 ਟੀਮਾਂ ਖੇਡਣਗੀਆਂ। ਸੂਤਰ ਨੇ ਕਿਹਾ ਕਿ ਪਹਿਲਾਂ ਦੋ ਨਵੀਆਂ ਟੀਮਾਂ ਦਾ ਆਧਾਰ ਮੁੱਲ 1700 ਕਰੋੜ ਰੁਪਏ ਰੱਖਣ ’ਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਹੁਣ ਆਧਾਰ ਮੁੱਲ 2000 ਕਰੋੜ ਰੁਪਏ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅਗਲੇ ਸੈਸ਼ਨ ਵਿਚ ਆਈਪੀਐੱਲ ਵਿਚ 74 ਮੈਚ ਹੋ ਸਕਦੇ ਹਨ ਤੇ ਇਹ ਸਾਰਿਆਂ ਲਈ ਫ਼ਾਇਦੇ ਵਾਲੀ ਗੱਲ ਹੋਵੇਗੀ।ਸੂਤਰ ਨੇ ਇਹ ਵੀ ਦੱਸਿਆ ਕਿ ਸਾਲ ਵਿਚ 3000 ਕਰੋੜ ਰੁਪਏ ਜਾਂ ਇਸ ਤੋਂ ਵੱਧ ਦਾ ਟਰਨਓਵਰ ਰੱਖਣ ਵਾਲੀਆਂ ਕੰਪਨੀਆਂ ਨੂੰ ਹੀ ਬੋਲੀ ਪ੍ਰਕਿਰਿਆ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹੀ ਨਹੀਂ ਬੀਸੀਸੀਆਈ ਕੰਪਨੀਆਂ ਦੇ ਸਮੂਹ ਨੂੰ ਵੀ ਟੀਮ ਖ਼ਰੀਦਣ ਲਈ ਇਜਾਜ਼ਤ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਬੋਲੀ ਪ੍ਰਕਿਰਿਆ ਵੱਧ ਰੋਮਾਂਚਕ ਬਣ ਜਾਵੇਗੀ। ਸੂਤਰ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਤਿੰਨ ਤੋਂ ਵੱਧ ਕੰਨਪੀਆਂ ਨੂੰ ਸਮੂਹ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਰ ਜੇ ਤਿੰਨ ਕੰਪਨੀਆਂ ਇਕੱਠੇ ਆ ਕੇ ਇਕ ਟੀਮ ਲਈ ਬੋਲੀ ਲਾਉਣਾ ਚਾਹੁੰਦੀਆਂ ਹਨ ਤਾਂ ਅਜਿਹਾ ਕਰਨ ਲਈ ਉਨ੍ਹਾਂ ਦਾ ਸਵਾਗਤ ਹੈ। 2022 ਵਿਚ ਜਿਨ੍ਹਾਂ ਸ਼ਹਿਰਾਂ ਦੀਆਂ ਟੀਮਾਂ ਆ ਸਕਦੀਆਂ ਹਨ ਉਨ੍ਹਾਂ ਵਿਚ ਅਹਿਮਦਾਬਾਦ, ਲਖਨਊ, ਇੰਦੌਰ, ਕਟਕ, ਗੁਹਾਟੀ ਤੇ ਧਰਮਸ਼ਾਲਾ ਦੇ ਨਾਂ ਸ਼ਾਮਲ ਹਨ।