ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵੱਲੋਂ ਆਈ. ਬੀ. ਐੱਮ. ਸਕਿੱਲਸ ਬਿਲਡ ਇਨ ਐਡਵਾਂਸਡ ਆਈ. ਟੀ. ਸਕਿੱਲਸ ਵਿਸ਼ੇ ’ਤੇ 5 ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਉਕਤ ਵਰਕਸ਼ਾਪ ਆਈ. ਸੀ. ਟੀ. ਅਕੈਡਮੀ ਅਤੇ ਇੰਸਟਿਟਿਊਸ਼ਨ ਇਨੋਵੇਸ਼ਨ ਕੌਂਸਲ (ਆਈ. ਆਈ. ਸੀ.) ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਵਰਕਸ਼ਾਪ ਮੌਕੇ ਮਹਿਮਾਨ ਵਜੋਂ ਸ੍ਰੀ ਲਵਤੇਸ਼ ਕੁਮਾਰ, ਸੀਨੀਅਰ ਮੈਨੇਜਰ–ਅਕੈਡਮਿਕ ਓਪਰੇਸ਼ਨਜ਼, ਆਈ. ਸੀ. ਟੀ. ਅਕੈਡਮੀ ਅਤੇ ਸ੍ਰੀਮਤੀ ਜੋਤਿਸ਼ਨਾ, ਟਰੇਨਰ, ਆਈ. ਬੀ. ਐੱਮ. ਸ਼ਾਮਿਲ ਹੋਏ।
ਇਸ ਦੌਰਾਨ ਡਾ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਅਕੈਡਮੀ ਭਾਰਤ ਸਰਕਾਰ ਦੀ ਇਕ ਪਹਿਲ ਹੈ, ਜੋ ਤਾਮਿਲਨਾਡੂ ਸਰਕਾਰ ਅਤੇ ਵੱਖ-ਵੱਖ ਉਦਯੋਗਾਂ ਦੇ ਸਹਿਯੋਗ ਨਾਲ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਉਦਯੋਗਿਕ ਲੋੜਾਂ ਅਨੁਸਾਰ ਪ੍ਰਸ਼ਿਕਸ਼ਿਤ ਕਰਨ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ‘ਟੀਡਾਟਾ ਵਿਸ਼ੇਸ਼ਲਣ’ ਵਿਸ਼ੇ ’ਤੇ ਇਹ ਵਰਕਸ਼ਾਪ ਬੀ. ਸੀ. ਏ., ਬੀ. ਐੱਸਸੀ (ਆਈ. ਟੀ.) ਅਤੇ ਬੀ. ਐੱਸਸੀ (ਏ. ਆਈ. ਐਂਡ ਡਾਟਾ ਸਾਇੰਸ) ਦੇ ਆਖਰੀ ਸਾਲ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੀ ਗਈ ਸੀ। ਉਨ੍ਹਾਂ ਨੇ ਸ੍ਰੀ ਕੁਮਾਰ ਅਤੇ ਸ੍ਰੀਮਤੀ ਜੋਤਿਸ਼ਨਾ ਦਾ ਧੰਨਵਾਦ ਕਰਦਿਆਂ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਵੱਲੋਂ ਇਸ ਤਰ੍ਹਾਂ ਦੇ ਵਰਕਸ਼ਾਪ ਦੇ ਆਯੋਜਨ ਸਬੰਧੀ ਸ਼ਲਾਘਾ ਕੀਤੀ।
ਇਸ ਦੌਰਾਨ ਪ੍ਰਿੰ: ਡਾ. ਰੰਧਾਵਾ ਨੇ ਡਾ. ਤਮਿੰਦਰ ਸਿੰਘ, ਡੀਨ ਅਕੈਡਮਿਕ ਅਫੇਅਰਜ਼, ਉਕਤ ਵਿਭਾਗ ਮੁਖੀ ਪ੍ਰੋ. ਸੁਖਵਿੰਦਰ ਕੌਰ ਅਤੇ ਕੋ-ਕੋਆਰਡੀਨੇਟਰ ਡਾ. ਮਨੀ ਅਰੋੜਾ ਨਾਲ ਮਿਲ ਕੇ ਸ੍ਰੀ ਕੁਮਾਰ ਅਤੇ ਸ੍ਰੀਮਤੀ ਜੋਤਿਸ਼ਨਾ ਨੂੰ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ’ਚ ਉਨ੍ਹਾਂ ਦੇ ਯੋਗਦਾਨ ਲਈ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਡਾ. ਤਮਿੰਦਰ ਸਿੰਘ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਪਲੇਸਮੈਂਟ ਲਈ ਤਿਆਰ ਕਰਦੀਆਂ ਹਨ। ਜਦਕਿ ਪ੍ਰੋ. ਸੁਖਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸਿਧਾਂਤਕ ਗਿਆਨ ਦੀ ਬਜਾਏ ਪ੍ਰਯੋਗਿਕ ਗਿਆਨ ’ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਅਰੋੜਾ ਨੇ ਕਿਹਾ ਕਿ ਇਹ ਵਰਕਸ਼ਾਪ ਨਾ ਸਿਰਫ ਵਿਦਿਆਰਥੀਆਂ ਦੀ ਤਕਨੀਕੀ ਦੱਖਲਤਾ ’ਚ ਸੁਧਾਰ ਕਰਦੀ ਹੈ, ਬਲਕਿ ਉਨ੍ਹਾਂ ’ਚ ਉਦਯੋਗਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਸ਼ਵਾਸ ਵੀ ਪੈਦਾ ਕਰਦੀ ਹੈ। ਇਸ ਮੌਕੇ ਡਾ. ਰੁਪਿੰਦਰ ਸਿੰਘ, ਪ੍ਰੋ. ਪ੍ਰਭਜੋਤ ਕੌਰ, ਡਾ. ਅਨੁਰੀਤ ਕੌਰ ਸਮੇਤ ਹੋਰ ਸਟਾਫ ਤੇ ਵਿਦਿਆਰਥੀ ਮੌਜੂਦ ਸਨ।
