Articles

ਆਓ ਕਿਤਾਬਾਂ ਪੜ੍ਹੀਏ !

ਗਿਆਨ ਮਨੁੱਖੀ ਜੀਵਨ ਦੀ ਚੂਲ ਹੈ I ਗਿਆਨ ਦੀ ਘਾਟ ਕਾਰਣ ਹੀ ਲੋਗ ਗੁਲਾਮ ਬਣ ਦੇ ਹਨ I ਗਿਆਨ ਨਾਲ ਹੀ ਮਨੁੱਖ ਦੀਆਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਲੱਭਣ ਦਾ ਮੁੱਢ ਬੱਝ ਦਾ ਹੈ I ਭਾਂਵੇ ਗਿਆਨ ਦੇ ਅੱਜ ਕਲ ਬਹੁਤ ਸਾਰੇ ਸਰੋਤ ਜਿਵੇਂ; ਇੰਟਰਨੇਟ, ਸੋਸ਼ਲ ਮੀਡਿਆ, ਟੀ. ਵੀ., ਸੰਤਾ, ਲੀਡਰਾਂ ਆਦਿ ਦੇ ਭਾਸ਼ਣ ਆਦਿ ਹਨ I ਪਰ ਕਿਤਾਬਾਂ ਦੇ ਮੁਕਾਬਲੇ ਇਹ ਸਭ ਫਿੱਕੇ ਹੀ ਹਨ I ਇਹਨਾਂ ਦਾ ਗਿਆਨ ਵੀ ਟੁੱਟਵਾਂ ਹੁੰਦਾ ਹੈ I ਸਾਨੂੰ ਪਤਾ ਹੈ ਕਿ ਅੰਸ਼ਿਕ ਗਿਆਨ ਖ਼ਤਰਨਾਕ ਹੁੰਦਾ ਹੈ I ਖਾਸ ਕਰਕੇ ਇਤਿਹਾਸ ਨਾਲ ਸੰਬੰਧਿਤ ਅਧੂਰਾ ਗਿਆਨ ਤਾਂ ਬਹੁਤ ਘਾਤਕ ਹੁੰਦਾ ਹੈ I ਇਤਿਹਾਸ ਨਾਲ ਸ਼੍ਰੱਧਾ ਭਾਵ ਜੁੜ ਕੇ ਕੁਝ ਦਾ ਕੁਝ ਬਣ ਜਾਂਦਾ ਹੈ I ਇਸ ਲਈ ਚਾਹੀਦਾ ਹੈ ਕਿ ਇਤਿਹਾਸਿਕ ਗੱਲਾਂ ਉੱਤੇ ਚਰਚਾ ਸੁਨਣ/ਕਰਨ  ਤੋਂ ਪਹਿਲਾਂ, 150-200 ਸਫ਼ਿਆਂ ਦਾ ਸੰਖਿਪਤ ਇਤਿਹਾਸ ਜ਼ਰੂਰ ਪੜ੍ਹ ਲਿਆ ਜਾਵੇ I

ਕਹਿੰਦੇ ਹਨ ਕਿ ਜੋ ਹਰ ਰੋਜ ਇੱਕ ਘੰਟੇ ਦੇ ਹਿਸਾਬ ਨਾਲ, ਸੱਤ ਸਾਲ ਕਿਤਾਬਾਂ ਪੜ੍ਹਦਾ ਹੈ, ਤਾਂ ਇਸ ਗਿਆਨ ਨਾਲ ਉਸ ਦੀ ਗਿਣਤੀ ਸੰਸਾਰ ਦੇ ਪ੍ਰਸਿੱਧ ਲੋਕਾਂ ਵਿਚ ਹੋਣ ਲੱਗਦੀ ਹੈ I  ਕਿਤਾਬਾਂ ਦੇ ਸਹਾਰੇ ਹੀ ਦੁਨੀਆ ਵਿਚ ਕਈ ਥਾਈਂ ਕ੍ਰਾਂਤੀਆਂ ਆਇਆਂ ਹਨ I ਵਿਕਸਿਤ ਦੇਸ਼ਾਂ ਵਿਚ ਸਾਨੂੰ ਕੁਝ-ਕੁਝ ਦੂਰੀ ਤੇ ਲਾਇਬ੍ਰੇਰੀਆਂ ਮਿਲ ਜਾਂਦੀਆਂ ਹਨ I ਇਹਨਾਂ ਦੇਸ਼ਾਂ ਦੇ ਉੱਨਤ ਹੋਣ ਦਾ ਇੱਕ ਵੱਡਾ ਕਾਰਣ ਇਹਨਾਂ ਦੀ ਸਿੱਖਿਆ ਪ੍ਰਣਾਲੀ ਹੈ I  ਵੱਡੇ-ਵੱਡੇ ਬਿਜ਼ਨੈਸਮੈਨ, ਫਿਲੋਸਫਾਰ, ਲੀਡਰ, ਆਦਿ ਸਾਰੇ ਲੋਗ ਕਿਤਾਬਾਂ ਪੜ੍ਹਦੇ ਹਨ I ਕਹਿੰਦੇ ਹਨ ਕਿ ਭਗਤ ਸਿੰਘ ਵੀ ਆਪਣੇ ਕੋਟ ਵਿਚ ਕਿਤਾਬਾਂ ਰੱਖਦੇ ਸਨ ਤੇ ਖੁਦ ਵੀ ਪੜ੍ਹਦੇ ਅਤੇ ਆਪਣੇ ਦੋਸਤਾਂ ਨੂੰ ਵੀ ਪੜ੍ਹਨ ਲਈ ਕਿਤਾਬਾਂ ਦਿੰਦੇ ਸਨ I ਇਹ ਆਦਤ ਦੁਨੀਆਂ ਦੇ ਹੋਰ ਕਈ ਮਹਾਨ ਲੋਕਾਂ ਵਿਚ ਵੀ ਸੀ ਅਤੇ ਹੈ I ਕਹਿੰਦੇ ਹਨ “leaders are readers”.

ਵਿਸ਼ਵ ਯੁੱਧ ਦੀ ਤਬਾਹੀ ਤੋਂ ਬਾਅਦ ਜਰਮਨੀ ਅਤੇ ਜਪਾਨ ਵਿਚ ਕਿਤਾਬਾਂ ਪੜ੍ਹਨ ਦੇ ਕਲਚਰ ਨੇ ਹੀ ਓਹਨਾ ਨੂੰ ਬੁਲੰਦੀਆਂ ਤੇ ਪਹੁੰਚਾਇਆ I ਓਥੋਂ ਦੇ ਲੋਗ ਆਪਣੇ ਨਾਲ ਕਿਤਾਬਾਂ ਰੱਖਦੇ ਹਨ ਤੇ ਸਮਾਂ ਮਿਲਣ ਤੇ ਇਹਨਾਂ ਨੂੰ ਪੜ੍ਹਦੇ ਹਨ I ਪਰ ਅਸੀਂ ਮੋਬਾਈਲ ਕੱਢ ਕੇ ‘ਹੋਰ ਸੁਣਾ, ਹੋਰ ਸੁਣਾ’ ਕਹਿਣ ਵਿਚ ਹੀ ਸਮਾਂ ਗਵਾ ਲੈਂਦੇ ਹਾਂ I ਅਫਸੋਸ ਦੁਨੀਆਂ ਦੀ ਮਹਾਨ ਸੱਭਿਆਤਾਵਾਂ ਵਾਲੀ ਪੰਜਾਬ ਦੀ ਧਰਤੀ ਦੇ ਲੋਕਾਂ ਵਿਚ ਗਿਆਨ ਲੈਣ ਦੀ ਚਾਹਤ ਦੇ ਮੁਕਾਬਲੇ ਫੁਕਰੇਬਾਜੀ ਦਾ ਰਿਵਾਜ਼ ਵੱਧ ਦਾ ਜਾ ਰਿਹਾ ਹੈ I ਇਸ ਦੇ ਕਈ ਕਾਰਨ ਹਨ, ਜਿਹਨਾਂ ਬਾਰੇ ਅੱਸੀਂ ਫੇਰ ਕਦੀ ਗੱਲ ਕਰਾਂਗੇ I

ਗਿਆਨ ਦੀ ਲਾਲਸਾ ਦੀ ਜਦੋਂ ਆਦਤ ਪੈ ਜਾਵੇ ਤਾਂ ਇਨਸਾਨ ਵਾਧੂ ਸਮਾਂ ਅਜਾਈਂ ਨਹੀਂ ਗਾਵਾਂਦਾ, ਸਗੋਂ ਕਿਤਾਬ ਪੜ੍ਹਨ ਵਿਚ ਲਾਉਂਦਾ ਹੈ I ਇਸ ਤਰਾਂ ਉਹ ਨਿੰਦਾ-ਚੁਗਲੀ ਦੀ ਆਦਤ ਤੋਂ ਵੀ ਬਚ ਜਾਂਦਾ ਹੈ I

ਅੱਜ ਕੱਲ ਕਈ YouTube ਚੈਨਲ ਵੀ 10-15 ਮਿੰਟ ਵਿਚ ਕਿਤਾਬਾਂ ਦਾ ਸਾਰ ਦੱਸਣ ਵਾਲਿਆਂ ਵੀਡੀਓ ਲੈ ਕੇ ਆ ਰਹੇ ਹਨ I ਇਹ ਇੱਕ ਚੰਗਾ ਉਪਰਾਲਾ ਹੈ I ਪੰਜਾਬੀ ਭਾਸ਼ਾ ਵਿਚ ਅਜਿਹੇ ਚੈਨਲ ਆਉਣੇ ਅਜੇ ਬਾਕੀ ਹਨI ਪਰ ਇਹ ਵੀਡੀਓ, ਕਿਤਾਬਾਂ ਦੇ ਵਿਕਲਪ ਨਹੀਂ ਹੋ ਸਕਦੇ, ਹਾਂ ਘਟ ਸਮੇਂ ਵਿਚ revision ਜ਼ਰੂਰ ਕਰਵਾ ਦਿੰਦੇ ਹਨI  ਕਿਤਾਬਾਂ ਨੂੰ ਪੜ੍ਹ ਕੇ ਰਸ ਮਾਨਣ ਵਿਚ ਆਪਣਾ ਸਵਾਦ ਹੈ I

ਲੋਕਲ ਦੁਕਾਨਾਂ ਤੇ ਤਾਂ ਸਿਰਫ ਸਕੂਲ ਦੀਆਂ ਟੈਕਸਟ ਬੁਕਸ ਹੀ ਮਿਲਦੀਆਂ ਹਨ I ਅਸਲ ਵਿਚ ਇਹਨਾਂ ਕਿਤਾਬਾਂ ਵਿਚੋਂ ਹੀ ਉਹਨਾਂ ਨੂੰ ਆਮਦਨ ਹੁੰਦੀ ਹੈ I ਗਿਆਨ ਭਰਪੂਰ ਦੂਜਿਆਂ ਕਿਤਾਬਾਂ ਲੋਕ ਘਟ ਪੜ੍ਹਦੇ ਹਨ I ਮਾਰਕੀਟ ਨਾ ਹੋਣ ਕਰਕੇ ਦੁਕਾਨਦਾਰ ਮਾਲ ਨਹੀਂ ਲਿਆਉਂਦੇ, ਇਸ ਤਰ੍ਹਾਂ ਲੇਖਕ ਨੂੰ ਵੀ ਕਿਤਾਬ ਲਿਖਣ ਦਾ ਬਲ ਨਹੀਂ ਮਿਲਦਾ, ਸੋ ਅੰਤ ਗਿਆਨ ਦੀ ਘਾਟ ਕਾਰਣ ਪੂਰੇ ਸਮਾਜ ਨੂੰ ਘਾਟਾ ਹੁੰਦਾ ਹੈ I

ਅਸਲ ਵਿਚ ਇਸਦਾ ਇੱਕ ਕਾਰਣ ਸਾਡੀ ਸਿਖਿਆ ਪ੍ਰਣਾਲੀ ਵੀ ਹੈ I ਜਿੱਥੇ ਸਾਨੂੰ ਬਣੇ-ਬਣਾਏ ਉੱਤਰਾਂ ਨੂੰ ਰੱਟਾ ਮਾਰਨਾ ਸਿਖਾਇਆ ਜਾਂਦਾ ਹੈ I ਇਸ ਤਰਾਂ ਪੜ੍ਹਾਈ ਬੋਝ ਲੱਗਣ ਲੱਗ ਜਾਂਦੀ ਹੈ I ਵਿਦਿਆਰਥੀ ਕੇਵਲ ਨੰਬਰ ਲੈਣ ਤੇ ਨੌਕਰੀ ਪ੍ਰਾਪਤੀ ਹਿਤ ਹੀ ਪੜ੍ਹਨਾ ਚਾਹੁੰਦਾ ਹੈ I IELTS ਦੀ ਕਲਾਸ ਵਿਚੋਂ ਜਦੋਂ ਬੱਚਿਆਂ ਨੂੰ ਪੁੱਛਿਆ ਜਾਂਦਾ ਹੈ ਕਿ ਉਹਨਾਂ ਵਿਚੋਂ ਕਿੰਨੀਆਂ ਨੇ ਕੋਈ ਨਾਵਲ ਪੜ੍ਹੀਆਂ ਹੈ ਤਾਂ ਇੱਕ-ਦੋ ਹੀ ਹੱਥ ਖੜ੍ਹਾ ਕਰਦੇ ਹਨ !

ਸੋ ਲੋੜ ਹੈ ਸਮਾਜ, ਖਾਸ ਕਰਕੇ ਵਿਦਿਆਰਥੀਆਂ ਵਿਚ ਕਿਤਾਬਾਂ ਪੜ੍ਹਨ ਦੀ ਆਦਤ ਪਾਈ ਜਾਵੇ I ਕਹਿੰਦੇ ਹਨ ਭਾਰਤ ਡੈਮੋਗ੍ਰਾਫ਼ਿਕ ਦਿਵੀਡੈਂਡ ਦੇ ਦੌਰ ਚੋਂ ਲੱਗ ਰਿਹਾ ਹੈ, ਭਾਵ ਇਸਦੀ ਸੱਠ ਫ਼ੀਸਦੀ ਤੋਂ ਜ਼ਿਆਦਾ ਆਬਾਦੀ ਦੇ ਲੋਕ ਜਵਾਨ ਹਨ I ਇਸਦਾ ਫਾਇਦਾ ਤਾਂ ਹੀ ਲਿਆ ਜਾ ਸਕਦਾ ਹੈ ਜੇ ਇਹ ਲੋਕ ਗਿਆਨ ਭਰਪੂਰ ਹੋਣ I ਸਾਨੂੰ ਆਪਣੇ ਇਤਿਹਾਸ, ਸੰਵਿਧਾਨ, ਭੂਗੋਲ, ਅਰਥਚਾਰੇ, ਵਾਤਾਵਰਣ, ਚਲੰਤ ਮਾਮਲੇ, ਲੋਕ ਵਿਹਾਰ, ਜ਼ਿੰਦਗੀ ਜੀਉਣ ਦੇ ਗੁਣ, ਮਹਾਨ ਪੁਰਖਾਂ ਆਦਿ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ I ਆਪਣੀ ਉਮਰ, ਲੋੜ ਅਤੇ ਦਿਲਚਸਪੀ ਆਦਿ ਦੇ ਹਿਸਾਬ ਨਾਲ ਜੇ ਕੋਈ ਕਿਤਾਬਾਂ ਬਾਰੇ ਜਾਨਣਾ ਚਾਹੁੰਦਾ ਹੈ ਤਾਂ YouTube ਤੇ ਇਸ ਨਾਲ ਸੰਬੰਧਿਤ ਕਈ ਵੀਡਿਓਜ਼ ਹਨ I

Amazon.in, flipkart.com, unistarbooks.com, apnaorg.com, Punjabilibrary.com ,Jsks.biz  ਆਦਿ ਵੈਬਸਾਈਟਾਂ ਤੇ ਵੱਖ-ਵੱਖ ਭਾਸ਼ਾਵਾਂ ਅਤੇ ਵਿਸ਼ਿਆਂ ਤੇ ਕਾਫ਼ੀ ਕਿਤਾਬਾਂ ਉਪਲਬਧ ਹਨ I ਹਰ ਜਿਲ੍ਹੇ ਦੀ ਮੁਖ ਕਿਤਾਬਾਂ ਦੀ ਮਾਰਕੀਟ ਵਿਚ ਵੀ ਇੱਕ-ਦੋ ਦੁਕਾਨਾਂ ਸਾਹਿਤ ਦੀ ਕਿਤਾਬਾਂ ਦੀਆਂ ਵੀ ਹੁੰਦੀਆਂ ਹਨ I

ਆਪਣੇ ਧਾਰਮਿਕ ਸਥਾਨਾਂ ਵਿਚ ਕਿਤਾਬਾਂ ਦੀ ਅਲਮਾਰੀ ਰੱਖਣੀ ਚਾਹੀਦੀ ਹੈ I ਸਮਾਜਿਕ ਜਥੇਬੰਦੀਆਂ, ਸਕੂਲ-ਕਾਲਜ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲਗਵਾਉਣ I ਵਿਆਹ-ਸ਼ਾਦੀਆਂ ਆਦਿ ਵੇਲੇ ਵੀ ਇੱਕ ਸਟਾਲ ਕਿਤਾਬਾਂ ਦਾ ਵੀ ਹੋਣਾ ਚਾਹੀਦਾ ਹੈ I ਗਿਫ਼੍ਟ-ਉਪਹਾਰ ਦੇ ਰੂਪ ਵਿਚ ਵੀ ਕਿਤਾਬਾਂ ਨੂੰ ਪਹਿਲ ਦਿੱਤੀ ਜਾਵੇ I ਆਮ ਗੱਪ-ਛੱਪ ਦੌਰਾਨ ਵੀ ਕਿਤਾਬਾਂ ਬਾਰੇ ਚਰਚਾ ਕੀਤੀ ਜਾਵੇ I

ਨਵੀਂ ਪਨੀਰੀ ਵਿਚ ਕਿਤਾਬਾਂ ਪੜ੍ਹਨ ਦੀ ਦਿਲਚਸਪੀ ਪੈਦਾ ਕਰਨ ਲਈ ਹੇਠ ਲਿਖੀ ਸਕੀਮ ਵਰਤੀ ਜਾ ਸਕਦੀ ਹੈ:

ਹਰ ਇੱਕ ਸਫ਼ੇ ਲਈ ਇੱਕ ਜਾਂ ਦੋ ਰੁਪਏ ਇਨਾਮ ਵੱਜੋਂ ਰੱਖੇ ਜਾ ਸਕਦੇ ਹਨI ਹਿਦਾਯਤ ਕੀਤੀ ਜਾਵੇ ਕੇ ਹਰ ਇੱਕ ਸ਼ਬਦ ਦੇ ਥੱਲੇ ਪੈਨਸਿਲ ਨਾਲ ਲਕੀਰ ਲਗਾਈ ਜਾਵੇ, ਇਸ ਤਰਾਂ ਉਹ ਸ਼ਬਦ ਵੀ ਜ਼ਰੂਰ ਪੜ੍ਹ ਹੋ ਜਾਵੇਗਾ, ਪੜ੍ਹੇ ਹੋਏ ਸਫ਼ੇ ਗਿਣਨ ਵਿਚ ਵੀ ਸਹਾਇਤਾ ਹੋਵੇਗੀ I

ਕਿਤਾਬਾਂ ਮਨੁੱਖ ਦੀਆਂ ਚੰਗੀਆਂ ਦੋਸਤ ਹਨ I ਸਾਨੂੰ ਇਹਨਾਂ ਨਾਲ ਗੂਡੀ ਯਾਰੀ ਪਾ ਕੇ ਆਪਣੇ ਤੇ ਮਾਨਵਤਾ ਦੇ ਵਿਕਾਸ ਵਿਚ ਹਿੱਸਾ ਪਾਉਣਾ ਚਾਹੀਦਾ ਹੈ I

-ਪ੍ਰਗਟ ਸਿੰਘ, ਟਾਂਡਾ ਉੜਮੁੜ, ਹੋਸ਼ਿਆਰਪੂਰ

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin