ਫਰੀਦਕੋਟ – ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਪ੍ਰਦੇਸ਼ ਪ੍ਰਧਾਨ ਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ‘ਤੇ ਸਦਨ ਨੂੰ ਗੁਮਰਾਹ ਕਰਨ ਦਾ ਦੋਸ਼ ਲਾਉਂਦੇ ਹੋਏ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੰਤਰੀ ਦਾ ਤਿਆਗ ਪੱਤਰ ਮੰਗਿਆ ਹੈ।
ਦਸਤਾਵੇਜ਼ ਦਿਖਾਉਂਦੇ ਹੋਏ ਸੰਧਵਾਂ ਨੇ ਕਿਹਾ ਕਿ 2018 ‘ਚ ਆਂਗਣਵਾੜੀ ਕੇਂਦਰਾਂ ਨੂੰ ਦਿੱਤੀ ਜਾਣ ਵਾਲੀ ਲਰਨਿੰਗ ਕਿੱਟ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਨੇ ਕਿਹਾ ਕਿ 300 ਰੁਪਏ ਵਾਲੀ ਕਿੱਟ 690 ਰੁਪਏ ‘ਚ ਦੇ ਕੇ ਸਰਕਾਰ ਨੂੰ ਪ੍ਰਤੀ ਕਿੱਟ 390 ਰੁਪਏ ਦਾ ਚੂਨਾ ਲਾਇਆ ਗਿਆ। ਉਨ੍ਹਾਂ ਨੇ 15ਵੀਂ ਵਿਧਾਨ ਸਭਾ ਸੈਸ਼ਨ ਦੌਰਾਨ ਸਟਾਰਡ ਪ੍ਰਸ਼ਨ ਸੰਖਿਆ 1478 ਦੇ ਮਾਧਿਅਮ ਰਾਹੀਂ ਆਂਗਣਵਾੜੀ ਖੇਡ ਕਿੱਟਾਂ ਦੀ ਖਰੀਦ ‘ਚ ਗਬਨ ਦੇ ਬਾਰੇ ਪੁੱਛਿਆ ਤਾਂ ਸਬੰਧਿਤ ਮੰਤਰੀ ਬੀਬੀ ਅਰੁਣਾ ਚੌਧਰੀ ਨੇ ਗਲਤ ਜਵਾਬ ਦੇ ਕੇ ਸਦਨ ਨੂੰ ਗੁਮਰਾਹ ਕੀਤਾ। ਮੰਤਰੀ ਨੇ ਕਿਹਾ ਕਿ ਉਕਤ ਕਿੱਟ ਖਰੀਦ ‘ਚ ਕੋਈ ਘਪਲਾ ਨਹੀਂ ਹੋਇਆਸ ਜਦਕਿ ਪੰਜਾਬ ਸਰਕਾਰ ਦੇ ਆਦੇਸ਼ ‘ਤੇ ਡਿਪਟੀ ਕਮਿਸ਼ਨਰ ਸੰਗਰੂਰ ਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਪਾਇਆ ਕਿ ਖਰੀਦ ਦਰ ਤੇ ਗੁਣਵੱਤਾ ਦੇ ਮਾਮਲੇ ‘ਚ ਉਪਰੋਕਤ ਕਿੱਟਾਂ ‘ਚ ਭਾਰੀ ਕਮੀ ਸੀ। ਇਸ ਤੋਂ ਬਾਅਦ ਵੀ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ ਗਈ।
ਵਿਧਾਇਕ ਸੰਧਵਾਂ ਨੇ ਹੈਰਾਨੀ ਪ੍ਰਗਟ ਕੀਤੀ ਤੇ ਕਿਹਾ ਕਿ 690 ਰੁਪਏ ਪ੍ਰਤੀ ਕਿੱਟ ਦੀ ਦਰ ਖਰੀਦ ਨਾਲ 2 ਕਰੋੜ 16 ਲੱਖ ਦੇ ਖਰੀਦ ਆਦੇਸ਼ ‘ਚ 31342 ਕਿੱਟ ‘ਚੋਂ 1 ਕਰੋੜ 80 ਲੱਖਾ ਦਾ ਘੋਟਾਲਾ ਸਾਹਮਣੇ ਆ ਰਿਹਾ ਹੈ। ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਸਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੂੰ ਆਪਣੇ ਆਹੁਦੇ ਤੋਂ ਤਿਆਗ ਪੱਤਰ ਦੇ ਦੇਣਾ ਚਾਹੀਦਾ ਹੈ।