ਕੈਨਬਰਾ – ਤਾਇਵਾਨ ਦੀ ਰੱਖਿਆ ਅਤੇ ਸੁਤੰਤਰਤਾ ਦੀ ਗੱਲ ਕਰਨ ਵਾਲੇ ਆਸਟ੍ਰੇਲੀਆ ਨੂੰ ਚੀਨ ਨੇ ਤਬਾਹ ਕਰਨ ਦੀ ਧਮਕੀ ਦਿੱਤੀ ਹੈ। ਚੀਨ ਦੇ ਇਕ ਸਾਬਕਾ ਅਧਿਕਾਰੀ ਨੇ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਆਸਟ੍ਰੇਲੀਆ ਵੱਲੋਂ ਤਾਇਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ।
ਅਸਲ ਵਿਚ ਤਾਇਵਾਨ ਨੂੰ ਲੈ ਕੇ ਲਗਾਤਾਰ ਚੀਨ ‘ਤੇ ਦਬਾਅ ਵੱਧਦਾ ਜਾ ਰਿਹਾ ਹੈ। ਇਹਨਾਂ ਹਾਲਾਤ ਵਿਚ ਚੀਨ ਕਾਫੀ ਹਮਲਾਵਰ ਦਿਸ ਰਿਹਾ ਹੈ ਅਤੇ ਹੁਣ ਦੇਸ਼ਾਂ ਨੂੰ ਧਮਕਾਉਣ ਦਾ ਕੰਮ ਕਰ ਰਿਹਾ ਹੈ। ਚੀਨ ਦੇ ਕਮਿਊਨਿਸਟ ਪਾਰਟੀ ਦੇ ਸਾਬਕਾ ਨੇਤਾ ਵਿਕਟਰ ਗਾਓ, ਜੋ ਕਦੇ ਕਮਿਊਨਿਸਟ ਨੇਤਾ ਦੇਂਗ ਸ਼ਿਆਓਪਿੰਗ ਦੇ ਟਰਾਂਸਲੇਟਰ ਸਨ ਅਤੇ ਹੁਣ ਸਰਕਾਰ ਲਈ ਇਕ ਅਖ਼ਬਾਰ ਲਈ ਕੰਮ ਕਰਦੇ ਹਨ, ਉਹਨਾਂ ਨੇ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਸਾਰੇ ਦੇਸ਼ ਤਾਇਵਾਨ ਤੋਂ ਦੂਰ ਰਹਿਣ। ਸਾਰੇ ਦੇਸ਼ ਤਾਇਵਾਨ ਦੀ ਰੱਖਿਆ ਕਰਨਾ ਤਾਂ ਦੂਰ, ਉਸ ਦੀ ਸਰਹੱਦ ਤੋਂ 180 ਕਿਲੋਮੀਟਰ ਦੂਰ ਰਹਿਣ ਨਹੀਂ ਤਾਂ ਤਬਾਹੀ ਮਚਾ ਦਿੱਤੀ ਜਾਵੇਗੀ। ਇੱਥੇ ਦੱਸ ਦਈਏ ਕਿ ਤਾਇਵਾਨ ਜਿਸ ਦਾ ਸਮਰਥਨ ਅਮਰੀਕਾ ਅਤੇ ਜਾਪਾਨ ਕਰਦਾ ਹੈ ਉਹ 1949 ਵਿਚ ਗ੍ਰਹਿਯੁੱਧ ਦੇ ਬਾਅਦ ਚੀਨ ਤੋਂ ਵੱਖ ਹੋ ਗਿਆ ਸੀ ਅਤੇ ਖੁਦ ਨੂੰ ਇਕ ਸੁਤੰਤਰ ਦੇਸ਼ ਮੰਨਦਾ ਹੈ। ਤਾਇਵਾਨ ਇਕ ਲੋਕਤੰਤਰੀ ਦੇਸ਼ ਹੈ ਅਤੇ ਇਸ ਦੇ ਸਾਰੇ ਨੇਤਾ ਚੁਣੇ ਹੋਏ ਹਨ ਜੋ ਬੀਜਿੰਗ ਦੇ ਸਾਮਰਾਜਵਾਦ ਅਤੇ ਤਾਨਾਸ਼ਾਹੀ ਸ਼ਾਸਨ ਦਾ ਸਖ਼ਤ ਵਿਰੋਧ ਕਰਦੇ ਹਨ।
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਾਰ-ਬਾਰ ਕਿਹਾ ਹੈ ਕਿ ਜੇਕਰ ਚੀਨ ਨੂੰ ਲੋੜ ਮਹਿਸੂਸ ਹੋਈ ਤਾਂ ਉਹ ਮਿਲਟਰੀ ਦੀ ਵਰਤੋਂ ਕਰ ਕੇ ਤਾਇਵਾਨ ਨੂੰ ਮੁੱਖ ਚੀਨ ਵਿਚ ਮਿਲਾਉਣ ਲਈ ਤਿਆਰ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਚੀਨ ਨੇ ਯੋਜਨਾ ਬਣਾਈ ਹੋਈ ਹੈ ਕਿ ਉਸ ਨੇ 2027 ਤੱਕ ਕਿਸੇ ਵੀ ਤਰ੍ਹਾਂ ਤਾਇਵਾਨ ‘ਤੇ ਕਬਜ਼ਾ ਕਰਨਾ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਸਮ ਖਾਧੀ ਹੈ ਕਿ ਜੇਕਰ ਤਾਇਵਾਨ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਮਰੀਕੀ ਸੈਨਿਕ ਚੀਨ ਦੇ ਰਸਤੇ ਵਿਚ ਖੜ੍ਹੇ ਹੋਣਗੇ। ਪਿਛਲੇ ਵੀਰਵਾਰ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਹਟਨ ਨੇ ਵੀ ਕਿਹਾ ਸੀ ਕਿ ਇਹ ਸੋਚਣਾ ਕਲਪਨਾਯੋਗ ਹੋਵੇਗਾ ਕਿ ਜੇਕਰ ਚੀਨ ਤਾਇਵਾਨ ‘ਤੇ ਹਮਲਾ ਕਰੇਗਾ ਤਾਂ ਆਸਟ੍ਰੇਲੀਆਈ ਸੈਨਿਕ ਇਸ ਦਾ ਵਿਰੋਧ ਨਹੀਂ ਕਰਨਗੇ। ਉਹਨਾਂ ਨੇ ਸਾਫ ਤੌਰ ‘ਤੇ ਕਿਹਾ ਸੀ ਕਿ ਤਾਇਵਾਨ ਦਾ ਰੱਖਿਆ ਲਈ ਆਸਟ੍ਰੇਲੀਆ ਹਮੇਸ਼ਾ ਤਿਆਰ ਰਹੇਗਾ।ਤਾਇਵਾਨ ਇਕ ਛੋਟਾ ਦੇਸ਼ ਹੈ ਲਿਹਾਜਾ ਉਸ ਕੋਲ ਮਿਲਟਰੀ ਸ਼ਕਤੀ ਘੱਟ ਹੈ ਪਰ ਤਾਇਵਾਨ ਨੂੰ ਅਮਰੀਕਾ, ਜਾਪਾਨ ਆਸਟ੍ਰੇਲੀਆ ਅਤੇ ਬ੍ਰਿਟੇਨ ਦਾ ਮਜ਼ਬੂਤੀ ਨਾਲ ਸਮਰਥਨ ਹਾਸਲ ਹੈ।